ਭਗਵੰਤ ਮਾਨ ਵਿਰੋਧ ‘ਚ ਅਤੇ ਸੰਦੀਪ ਪਾਠਕ ਹੱਕ ‘ਚ
ਚੰਡੀਗੜ੍ਹ : ਨਰਿੰਦਰ ਮੋਦੀ ਸਰਕਾਰ ਵਲੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਂਝੇ ਸਿਵਲ ਕੋਡ (ਯੂ.ਸੀ.ਸੀ.) ਨੂੰ ਪਾਸ ਕਰਵਾਉਣ ਦੀਆਂ ਸ਼ੁਰੂ ਹੋਈਆਂ ਕੋਸ਼ਿਸ਼ਾਂ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ ਸੰਦੀਪ ਪਾਠਕ ਵਲੋਂ ਮੋਦੀ ਸਰਕਾਰ ਦੀ ਤਜਵੀਜ਼ ਨੂੰ ਸਿਧਾਂਤਕ ਤੌਰ ‘ਤੇ ਸਮਰਥਨ ਦੇਣ ਦੇ ਕੀਤੇ ਗਏ ਐਲਾਨ ਤੋਂ ਬਾਅਦ ਆਮ ਆਦਮੀ ਪਾਰਟੀ ਹੁਣ ਆਪਣੇ ਸਟੈਂਡ ਸੰਬੰਧੀ ਯੂ-ਟਰਨ ਲੈ ਰਹੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਮੀਡੀਆ ਕੋਲ ਸਪਸ਼ਟ ਕੀਤਾ ਕਿ ਭਾਰਤ ਵੱਖ-ਵੱਖ ਸੱਭਿਆਚਾਰਾਂ, ਧਰਮਾਂ ਤੇ ਰਿਵਾਜ਼ਾਂ ਦਾ ਗੁਲਦਸਤਾ ਹੈ ਅਤੇ ਹਰ ਧਰਮ ਕਬੀਲੇ ਦੀ ਆਪਣੀ ਵੱਖਰੀ ਪਹਿਚਾਣ ਤੇ ਰੀਤੀ-ਰਿਵਾਜ਼ ਹਨ ਪਰ ਮੋਦੀ ਸਰਕਾਰ ਕੇਵਲ ਇਕ ਫੁੱਲ ਵਾਲਾ ਗੁਲਦਸਤਾ ਕਿਉਂ ਬਣਾਉਣਾ ਚਾਹੁੰਦੀ ਹੈ ਅਤੇ ਵੱਖ-ਵੱਖ ਫਿਰਕਿਆਂ ਤੇ ਲੋਕਾਂ ਦੀ ਪਹਿਚਾਣ ਕਿਉਂ ਖ਼ਤਮ ਕਰਨਾ ਚਾਹੁੰਦੀ ਹੈ। ਮੁੱਖ ਮੰਤਰੀ ਨੇ ਉਦਾਹਰਨ ਦੇ ਕੇ ਕਿਹਾ ਕਿ ਪੰਜਾਬ ‘ਚ ਸਿੱਖ ਭਾਈਚਾਰੇ ਦੇ ਵਿਅਕਤੀ ਆਪਣੇ ਪਿਤਾ ਦੇ ਮਰਨ ਉਪਰੰਤ ਭੋਗ ਤੋਂ ਬਾਅਦ ਵਾਰਸ ਨੂੰ ਪਗੜੀ ਬੰਨਦੇ ਹਨ, ਜਦੋਂ ਕਿ ਹਿੰਦੂ ਮੁੰਡਨ ਕਰਦੇ ਹਨ। ਸਿੱਖਾਂ ਦੇ ਵਿਆਹ ‘ਤੇ ਚਾਰ ਫੇਰੇ ਦਿਨੇਂ 12 ਵਜੇ ਤੋਂ ਪਹਿਲਾਂ ਹੁੰਦੇ ਹਨ ਅਤੇ ਹਿੰਦੂਆਂ ਦੇ 7 ਫੇਰੇ ਰਾਤ ਨੂੰ ਹੁੰਦੇ ਹਨ। ਇਸੇ ਤਰ੍ਹਾਂ ਜੈਨੀਆਂ, ਮੁਸਲਮਾਨਾਂ, ਈਸਾਈਆਂ ਤੇ ਬੋਧੀਆਂ ਦੇ ਆਪਣੇ ਰੀਤੀ-ਰਿਵਾਜ਼ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਸੰਬੰਧੀ ਕੋਈ ਕਾਨੂੰਨ ਬਣਾਉਣ ਲਈ ਸਾਰੀਆਂ ਧਿਰਾਂ ਨਾਲ ਗੰਭੀਰ ਵਿਚਾਰ ਵਟਾਂਦਰੇ ਤੇ ਸਹਿਮਤੀ ਜ਼ਰੂਰੀ ਹੈ। ਪਰ ਉਨ੍ਹਾਂ ਆਪਣੀ ਪਾਰਟੀ ਦੇ ਕੌਮੀ ਬੁਲਾਰੇ ਵਲੋਂ ਮੋਦੀ ਸਰਕਾਰ ਦੀ ਤਜਵੀਜ਼ ਨੂੰ ਸਿਧਾਂਤਕ ਸਮਰਥਨ ਦੇਣ ਦੇ ਐਲਾਨ ‘ਤੇ ਕੋਈ ਟਿੱਪਣੀ ਨਾ ਕੀਤੀ। ਵਰਨਣਯੋਗ ਹੈ ਕਿ ਭਾਜਪਾ ਦੇ ਕੌਮੀ ਬੁਲਾਰੇ ਦੇ ਐਲਾਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸਟੈਂਡ ਦੀ ਪੰਜਾਬ ‘ਚ ਤਿੱਖੀ ਨੁਕਤਾਚੀਨੀ ਹੋਈ ਸੀ ਅਤੇ ਕਾਂਗਰਸ ਤੇ ਅਕਾਲੀ ਦਲ ਜੋ ਇਸ ਤਜਵੀਜ਼ ਦੇ ਵਿਰੋਧੀ ਹਨ, ਨੇ ਆਮ ਆਦਮੀ ਪਾਰਟੀ ਨੂੰ ਵੀ ਇਸ ਮੁੱਦੇ ‘ਤੇ ਚੰਗੇ ਰਗੜੇ ਲਗਾਏ ਸੀ। ਪੰਜਾਬ ਜੋ ਕਿ ਸਿੱਖ ਬਹੁਸੰਮਤੀ ਵਾਲਾ ਸੂਬਾ ਹੈ ਅਤੇ ਜੋ ਇਸ ਇਕਸਾਰ ਨਾਗਰਿਕ ਜ਼ਾਬਤੇ ਦਾ ਤਿੱਖਾ ਵਿਰੋਧ ਕਰ ਰਹੇ ਹਨ, ਕਾਰਨ ਮੁੱਖ ਮੰਤਰੀ ਵਲੋਂ ਪਾਰਟੀ ਦੇ ਲਏ ਸਟੈਂਡ ‘ਤੇ ਯੂ-ਟਰਨ ਮਾਰਨ ਦਾ ਫ਼ੈਸਲਾ ਲਿਆ ਗਿਆ। ਹਾਲਾਂਕਿ ਸੰਭਵ ਹੈ ਕਿ ਮੁੱਖ ਮੰਤਰੀ ਵਲੋਂ ਆਪਣਾ ਵੱਖਰਾ ਜਨਤਕ ਸਟੈਂਡ ਲੈਣ ਤੋਂ ਪਹਿਲਾਂ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਵੀ ਗੱਲਬਾਤ ਕੀਤੀ ਹੋਵੇ। ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵਲੋਂ ਪਾਰਟੀ ਦੀ ਹਾਈਕਮਾਨ ਵਲੋਂ ਲਏ ਗਏ ਇਕ ਸਟੈਂਡ ਵਿਰੁੱਧ ਵੱਖਰਾ ਸਟੈਂਡ ਲੈਣਾ ਸਾਰਿਆਂ ਲਈ ਹੈਰਾਨੀਜਨਕ ਹੈ। ਕੁਝ ਹਲਕਿਆਂ ਦਾ ਇਹ ਵੀ ਕਹਿਣਾ ਹੈ ਕਿ ਪਾਰਟੀ ਦਾ ਪੰਜਾਬ ਯੂਨਿਟ ਸ਼ਾਇਦ ਦਿੱਲੀ ਦੇ ਕੰਟਰੋਲ ਤੇ ਦਬਾਅ ਤੋਂ ਵੀ ਪ੍ਰੇਸ਼ਾਨ ਹੋ ਰਿਹਾ ਹੈ।