Home / ਪੰਜਾਬ / ਜ਼ੀਰਾ ‘ਚ ਸ਼ਰਾਬ ਫੈਕਟਰੀ ਨੇੜਲੇ ਪਿੰਡਾਂ ਦੇ ਪਾਣੀ ‘ਚ ਮਿਲੇ ਜ਼ਹਿਰੀਲੇ ਤੱਤ

ਜ਼ੀਰਾ ‘ਚ ਸ਼ਰਾਬ ਫੈਕਟਰੀ ਨੇੜਲੇ ਪਿੰਡਾਂ ਦੇ ਪਾਣੀ ‘ਚ ਮਿਲੇ ਜ਼ਹਿਰੀਲੇ ਤੱਤ

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਿਪੋਰਟ ਵਿੱਚ ਹੋਇਆ ਖੁਲਾਸਾ
ਫਿਰੋਜ਼ਪੁਰ : ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੇ ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ ਵਿਚ ਲੱਗੀ ਮਾਲਬਰੋਜ਼ ਸ਼ਰਾਬ ਫ਼ੈਕਟਰੀ ਖ਼ਿਲਾਫ਼ ਪ੍ਰਦੂਸ਼ਣ ਫੈਲਾਉਣ ਦਾ ਆਰੋਪ ਲਗਾ ਰਹੇ ਇਲਾਕਾ ਵਾਸੀਆਂ ਦੇ ਖ਼ਦਸ਼ੇ ‘ਤੇ ਮੋਹਰ ਲਾ ਦਿੱਤੀ ਹੈ। ਫੈਕਟਰੀ ਤੋਂ ਇੱਕ ਕਿਲੋਮੀਟਰ ਦੀ ਦੂਰੀ ‘ਤੇ ਪੈਂਦੇ ਪਿੰਡ ਰਟੌਲ ਰੋਹੀ ਦੀ ਜ਼ਮੀਨ ਹੇਠਲੇ ਪਾਣੀ ਵਿਚ ਸਾਇਨਾਈਡ ਹੋਣ ਦੇ ਸਬੂਤ ਮਿਲੇ ਹਨ। ਮਨਸੂਰਵਾਲ ਕਲਾਂ ਵਿਚ ਦਸ ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਇਲਾਕਾ ਵਾਸੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਨੂੰ ਹੁਣ ਬੂਰ ਪੈਂਦਾ ਨਜ਼ਰ ਆਉਣ ਲੱਗ ਪਿਆ ਹੈ। ਜਾਂਚ ਅਧਿਕਾਰੀਆਂ ਦੀ ਰਿਪੋਰਟ ਨੇ ਫ਼ੈਕਟਰੀ ਨੂੰ ਪੱਕੇ ਤੌਰ ‘ਤੇ ਬੰਦ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ 17 ਮਈ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਸੱਤ ਬਿੰਦੂਆਂ ‘ਤੇ ਧਿਆਨ ਕੇਂਦਰਿਤ ਕਰਕੇ 45 ਦਿਨਾਂ ਦੇ ਅੰਦਰ ਕਾਰਵਾਈ ਰਿਪੋਰਟ ਮੰਗੀ ਹੈ। ਦੂਜੇ ਪਾਸੇ ਸਾਂਝੇ ਮੋਰਚਾ ਦੀ ਅਗਵਾਈ ਹੇਠ ਫ਼ੈਕਟਰੀ ਦੇ ਬਾਹਰ ਲੱਗਾ ਧਰਨਾ ਅਜੇ ਵੀ ਜਾਰੀ ਹੈ ਤੇ ਪ੍ਰਦਰਸ਼ਕਾਰੀ ਇਸ ਨੂੰ ਮੁਕੰਮਲ ਬੰਦ ਕਰਨ ਲਈ ਪੰਜਾਬ ਸਰਕਾਰ ਪਾਸੋਂ ਲਿਖਤੀ ਹੁਕਮ ਜਾਰੀ ਕਰਨ ਦੀ ਮੰਗ ਕਰ ਰਹੇ ਹਨ।
ਕੌਮੀ ਗਰੀਨ ਟ੍ਰਿਬਿਊਨਲ (ਐਨਜੀਟੀ) ਨੂੰ ਸੌਂਪੀ ਰਿਪੋਰਟ ਵਿਚ ਸੀਪੀਸੀਸਬੀ ਨੇ ਸੰਕੇਤ ਦਿੱਤਾ ਹੈ ਕਿ ਜ਼ੀਰਾ ਈਥਾਨੌਲ ਪਲਾਂਟ ਅੰਦਰ ਤੇ ਉਸ ਦੇ ਆਲੇ ਦੁਆਲੇ ਤੋਂ ਲਏ ਗਏ ਪਾਣੀ ਦੇ 29 ਨਮੂਨਿਆਂ ਵਿਚੋਂ ਕੋਈ ਵੀ ਪਾਣੀ ਮਨੁੱਖਾਂ ਦੇ ਪੀਣਯੋਗ ਨਹੀਂ ਹੈ। ਜਾਂਚ ਦੌਰਾਨ ਇਸ ਦੇ ਇੱਕ ਦਰਜਨ ਬੋਰਾਂ ਵਿਚੋਂ ਬਦਬੂਦਾਰ ਪਾਣੀ ਜਦਕਿ ਪੰਜਾਂ ਵਿਚੋਂ ਗਰੇਅ ਰੰਗ ਦਾ ਪਾਣੀ ਮਿਲਿਆ ਹੋਣ ਦੀ ਪੁਸ਼ਟੀ ਹੋਈ। ਪਾਣੀ ਵਿੱਚ ਭਾਰੇ ਰਸਾਇਣਿਕ ਤੱਤ ਵੀ ਵੱਡੀ ਮਾਤਰਾ ਵਿਚ ਮੌਜੂਦ ਪਾਏ ਗਏ ਹਨ।
ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਸਬੰਧਤ ਅਧਿਕਾਰੀਆਂ ਦੀ ਪ੍ਰਵਾਨਗੀ ਤੋਂ ਬਿਨਾਂ ਹੀ ਈਥਾਨੌਲ ਪਲਾਂਟ ਦੇ ਅੰਦਰ ਦਸ ਬੋਰਵੈੱਲ ਅਤੇ ਛੇ ਪੀਜ਼ੋਮੀਟਰ ਸਥਾਪਤ ਕੀਤੇ ਗਏ ਸਨ। ਸੀਪੀਸੀਬੀ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਫ਼ੈਕਟਰੀ ਪ੍ਰਬੰਧਕਾਂ ਨੇ ਫ਼ੈਕਟਰੀ ਅੰਦਰ 25 ਡੂੰਘੇ ਬੋਰਵੈੱਲਾਂ ਨੂੰ ਜ਼ਹਿਰੀਲੇ ਪਾਣੀ ਨਾਲ ਭਰ ਦਿੱਤਾ ਸੀ, ਜਿਸ ਕਾਰਨ ਪੰਦਰਾਂ ਕਿਲੋਮੀਟਰ ਦੇ ਦਾਇਰੇ ਵਿਚ ਪਾਣੀ ਪ੍ਰਦੂਸ਼ਿਤ ਹੋ ਗਿਆ ਜਿਸ ਨਾਲ ਲੋਕਾਂ ਨੂੰ ਪੀਣ ਵਾਲੇ ਪਾਣੀ ਅਤੇ ਸਿੰਚਾਈ ਵਾਸਤੇ ਪਾਣੀ ਵਰਤਣ ਵਿੱਚ ਦਿੱਕਤ ਖੜ੍ਹੀ ਹੋ ਗਈ। ਪ੍ਰਦੂਸ਼ਿਤ ਪਾਣੀ ਨੇ ਕਈ ਜਾਨਵਰਾਂ ਦੀ ਜਾਨ ਲੈ ਲਈ ਹੈ ਅਤੇ ਲੋਕ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।
ਪਿੰਡਾਂ ਵਿੱਚ ਸਾਫ ਪਾਣੀ ਮੁਹੱਈਆ ਕਰਵਾਉਣ ਦੀ ਮੰਗ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਮਾਲਬਰੋਜ਼ ਸ਼ਰਾਬ ਫ਼ੈਕਟਰੀ ਦੀ ਜ਼ਮੀਨ ਹੇਠੋਂ ਰਸਾਇਣਕ ਤੱਤ ਮਿਲਣ ਦੀ ਰਿਪੋਰਟ ਨਸ਼ਰ ਹੋਣ ਤੋਂ ਬਾਅਦ ਸਾਂਝਾ ਮੋਰਚਾ ਜ਼ੀਰਾ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਮੋਰਚੇ ਦੇ ਆਗੂਆਂ ਰੋਮਨ ਬਰਾੜ ਮਹੀਆਂ ਵਾਲਾ ਕਲਾਂ, ਫਤਿਹ ਸਿੰਘ ਢਿੱਲੋਂ ਰਟੌਲ ਰੋਹੀ, ਸਰਪੰਚ ਗੁਰਮੇਲ ਸਿੰਘ ਮਨਸੂਰਵਾਲ ਕਲਾਂ ਆਦਿ ਨੇ ਕਿਹਾ ਕਿ ਉਨ੍ਹਾਂ ਨੇ ਲੰਮੀ ਜੱਦੋ ਜਹਿਦ ਤੋਂ ਬਾਅਦ 43 ਸਫਿਆਂ ਦੀ ਰਿਪੋਰਟ ਹਾਸਿਲ ਕੀਤੀ ਹੈ। ਰਿਪੋਰਟ ਅਨੁਸਾਰ ਫੈਕਟਰੀ ਦੇ 15 ਕਿਲੋਮੀਟਰ ਦੇ ਘੇਰੇ ਵਿੱਚ ਆਉਂਦੇ ਪਿੰਡਾਂ ਵਿੱਚੋਂ ਮਿੱਟੀ ਅਤੇ ਪਾਣੀ ਦੇ 29 ਸੈਂਪਲ ਲਏ ਸਨ ਜਿਨ੍ਹਾਂ ਵਿੱਚ 29 ਦੇ 29 ਸੈਂਪਲ ਫ਼ੇਲ੍ਹ ਆਏ ਹਨ। ਉਨ੍ਹਾਂ ਕਿਹਾ ਕਿ ਫੈਕਟਰੀ ਅੰਦਰਲੇ ਦੋ ਬੋਰਵੈੱਲਾਂ ਵਿਚ ਆਰਸੈਨਿਕ, ਮੈਗਨੀਜ਼, ਸਿਲੇਨੀਅਮ, ਲੈੱਡ, ਨਿੱਕਲ, ਕਾਪਰ, ਆਇਰਨ, ਕਰੋਮੀਅਮ ਵਰਗੇ ਤੱਤ ਬਹੁਤ ਜ਼ਿਆਦਾ ਮਾਤਰਾ ਵਿਚ ਪਾਏ ਗਏ ਹਨ।

 

Check Also

5ਵੀਂ ਵਾਰ ਪੰਜਾਬ ਦੌਰੇ ’ਤੇ ਜਾਣਗੇ ਰਾਜਪਾਲ

ਮੈਂ ਰਾਜ ਭਵਨ ’ਚ ਬੈਠਣ ਵਾਲਾ ਰਾਜਪਾਲ ਨਹੀਂ : ਬੀ.ਐਲ. ਪੁਰੋਹਿਤ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ …