1.1 C
Toronto
Monday, November 24, 2025
spot_img
Homeਪੰਜਾਬਕੇਂਦਰ ਸਰਕਾਰ ਦੇ ਨੌਂ ਸਾਲ ਪੂਰੇ ਹੋਣ 'ਤੇ 'ਮਹਾਂ ਜਨ ਸੰਪਰਕ ਅਭਿਆਨ'...

ਕੇਂਦਰ ਸਰਕਾਰ ਦੇ ਨੌਂ ਸਾਲ ਪੂਰੇ ਹੋਣ ‘ਤੇ ‘ਮਹਾਂ ਜਨ ਸੰਪਰਕ ਅਭਿਆਨ’ ਚਲਾਏਗੀ ਭਾਜਪਾ

ਸੰਗਰੂਰ ‘ਚ ਹੋਈ ਸੂਬਾ ਕਾਰਜਕਾਰਨੀ ਦੀ ਮੀਟਿੰਗ; ਅਸ਼ਵਨੀ ਸ਼ਰਮਾ ਤੇ ਸੋਮ ਪ੍ਰਕਾਸ਼ ਸਮੇਤ ਸੂਬਾ ਲੀਡਰਸ਼ਿਪ ਹੋਈ ਸ਼ਾਮਲ
ਸੰਗਰੂਰ/ਬਿਊਰੋ ਨਿਊਜ਼ : ਭਾਰਤੀ ਜਨਤਾ ਪਾਰਟੀ ਦੀ ਸੂਬਾ ਕਾਰਜਕਾਰਨੀ ਦੀ ਇੱਕ ਰੋਜ਼ਾ ਅਹਿਮ ਮੀਟਿੰਗ ਇਥੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸੂਬਾ ਸਹਿ ਇੰਚਾਰਜ ਡਾ. ਨਰੇਂਦਰ ਰਾਣਾ, ਸੰਗਠਨ ਮਹਾਂਮੰਤਰੀ ਨਿਵਾਸਲੂ, ਭਾਜਪਾ ਹਰਿਆਣਾ ਦੇ ਸਾਬਕਾ ਪ੍ਰਧਾਨ ਸੁਭਾਸ਼ ਬਰਾਲਾ, ਭਾਜਪਾ ਦੇ ਸੂਬਾ ਜਨਰਲ ਸਕੱਤਰ ਬਿਕਰਮਜੀਤ ਸਿੰਘ ਚੀਮਾ, ਰਾਜੇਸ ਬਾਘਾ, ਮੋਨਾ ਜੈਸਵਾਲ, ਗੁਰਪ੍ਰੀਤ ਸਿੰਘ ਕਾਂਗੜ, ਅਰਵਿੰਦ ਖੰਨਾ, ਕੇਵਲ ਸਿੰਘ ਢਿੱਲੋਂ ਅਤੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਉਲ ਸ਼ਾਮਲ ਹੋਏ।
ਮੀਡੀਆ ਨਾਲ ਗੱਲਬਾਤ ਕਰਦਿਆਂ ਭਾਜਪਾ ਦੇ ਬੁਲਾਰੇ ਅਨਿਲ ਸਰੀਨ ਨੇ ਦੱਸਿਆ ਕਿ ਕੇਂਦਰ ਵਿਚ ਭਾਜਪਾ ਸਰਕਾਰ ਦੇ 9 ਸਾਲ ਪੂਰੇ ਹੋਣ ਜਾ ਰਹੇ ਹਨ। ਇਸ ਸਬੰਧੀ 9 ਸਾਲਾਂ ਦਾ ਰਿਪੋਰਟ ਕਾਰਡ ਲੈ ਕੇ ਲੋਕਾਂ ਕੋਲ ਜਾਵਾਂਗੇ। ਇਸ ਸਬੰਧ ਵਿਚ ਭਾਜਪਾ ਵਲੋਂ 30 ਮਈ ਤੋਂ 30 ਜੂਨ ਤੱਕ ਪੂਰੇ ਦੇਸ਼ ਵਿਚ ”ਮਹਾਂ ਜਨ ਸੰਪਰਕ ਅਭਿਆਨ” ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਵਿਚ ਵੱਖ-ਵੱਖ ਪ੍ਰੋਗਰਾਮ ਉਲੀਕੇ ਗਏ ਹਨ। ਸੂਬਾ ਕਾਰਜਕਾਰਨੀ ਵੱਲੋਂ ਜਲੰਧਰ ਜ਼ਿਮਨੀ ਚੋਣ ਦੌਰਾਨ ਭਾਜਪਾ ਦਾ ਵੋਟ ਪ੍ਰਤੀਸ਼ਤ 2022 ਦੀਆਂ ਵਿਧਾਨ ਸਭਾ ਚੋਣਾਂ ਨਾਲੋਂ 4 ਪ੍ਰਤੀਸ਼ਤ ਵਧਣਾ ਇੱਕ ਚੰਗਾ ਸੰਕੇਤ ਦੱਸਿਆ ਹੈ। ਵਿਧਾਨ ਸਭਾ ਚੋਣਾਂ ‘ਚ ਜਲੰਧਰ ਦੇ 9 ਹਲਕਿਆਂ ‘ਚੋਂ ਭਾਜਪਾ ਗੱਠਜੋੜ ਨੂੰ ਕਰੀਬ 11 ਫੀਸਦੀ ਵੋਟਾਂ ਮਿਲੀਆਂ ਸਨ ਜਦਕਿ ਜਲੰਧਰ ਜ਼ਿਮਨੀ ਚੋਣ ‘ਚ 15.2 ਫੀਸਦੀ ਵੋਟ ਮਿਲੀਆਂ ਹਨ।
ਉਨ੍ਹਾਂ ਜ਼ਿਮਨੀ ਚੋਣ ਵਿਚ ‘ਆਪ’ ਵੱਲੋਂ ਧੱਕੇਸ਼ਾਹੀ ਕਰਨ ਦੀ ਨਿਖੇਧੀ ਕੀਤੀ। ਬੁਲਾਰਿਆਂ ਵੱਲੋਂ ਪੰਜਾਬ ਵਿਚ ਨਗਰ ਨਿਗਮਾਂ, ਨਗਰ ਪਰਿਸ਼ਦਾਂ ਅਤੇ ਨਗਰ ਪੰਚਾਇਤਾਂ ਦੀਆਂ ਕਈ ਮਹੀਨਿਆਂ ਤੋਂ ਪੈਂਡਿੰਗ ਚੋਣਾਂ ਨਾ ਕਰਵਾਉਣ ਦਾ ਆਰੋਪ ਲਾਉਂਦਿਆਂ ਪੰਜਾਬ ਸਰਕਾਰ ‘ਤੇ ਸਵਾਲ ਉਠਾਏ ਗਏ।
ਸੂਬਾ ਕਾਰਜਕਾਰਨੀ ਵਲੋਂ ਸ੍ਰੀ ਅੰਮ੍ਰਿਤਸਰ ਵਿਖੇ ਲੰਘੇ ਦਿਨੀਂ ਸ੍ਰੀ ਹਰਿਮੰਦਰ ਸਾਹਿਬ ਦੇ ਰਸਤੇ ‘ਤੇ ਹੋਏ ਵੱਖ-ਵੱਖ ਤਿੰਨ ਧਮਾਕਿਆਂ ਨੂੰ ਮੰਦਭਾਗਾ ਅਤੇ ਚਿੰਤਾਜਨਕ ਕਰਾਰ ਦਿੰਦਿਆਂ ਕਿਹਾ ਕਿ ਭਾਵੇਂ ਪੰਜਾਬ ਪੁਲਿਸ ਵਲੋਂ ਘਟਨਾ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰੰਤੂ ਇਸ ਪਿੱਛੇ ਦੀ ਗਹਿਰੀ ਸਾਜਿਸ਼ ਦਾ ਪਰਦਾਫਾਸ਼ ਹੋਣਾ ਵੀ ਬਹੁਤ ਜ਼ਰੂਰੀ ਹੈ। ਭਾਜਪਾ ਨੇ ਮੰਗ ਕੀਤੀ ਕਿ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇ। ਕਾਰਜਕਾਰਨੀ ਵਲੋਂ ਪਿਛਲੇ ਕੁੱਝ ਮਹੀਨਿਆਂ ਦੌਰਾਨ ਬੇਅਦਬੀ ਦੀਆਂ ਵਾਪਰ ਰਹੀਆਂ ਘਟਨਾਵਾਂ ‘ਤੇ ਗਹਿਰਾ ਦੁੱਖ ਅਤੇ ਚਿੰਤਾ ਪ੍ਰਗਟ ਕੀਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੀ ਕੁੰਭਕਰਨੀ ਨੀਂਦ ਤੋਂ ਜਾਗਣ ਅਤੇ ਸੂਬੇ ਵਿਚ ਕਾਨੂੰਨ ਦਾ ਰਾਜ ਸਥਾਪਿਤ ਕਰਨ।

 

RELATED ARTICLES
POPULAR POSTS