Breaking News
Home / ਪੰਜਾਬ / ਗੁਰਪ੍ਰੀਤ ਦਿਓ ਅਤੇ ਸ਼ਸ਼ੀ ਪ੍ਰਭਾ ਪੰਜਾਬ ਦੀਆਂ ਪਹਿਲੀਆਂ ਮਹਿਲਾ ਡੀਜੀਪੀ

ਗੁਰਪ੍ਰੀਤ ਦਿਓ ਅਤੇ ਸ਼ਸ਼ੀ ਪ੍ਰਭਾ ਪੰਜਾਬ ਦੀਆਂ ਪਹਿਲੀਆਂ ਮਹਿਲਾ ਡੀਜੀਪੀ

ਪੰਜਾਬ ਦੇ 7 ਆਈਪੀਐੱਸ ਅਫਸਰਾਂ ਦੀ ਡੀਜੀਪੀ ਵਜੋਂ ਤਰੱਕੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ 1993 ਬੈਚ ਦੇ 7 ਆਈਪੀਐੱਸ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਡੀਜੀਪੀ ਬਣਾ ਦਿੱਤਾ ਗਿਆ ਹੈ। ਸੂਬੇ ਦੇ ਗ੍ਰਹਿ ਵਿਭਾਗ ਨੇ 30 ਸਾਲਾਂ ਦੀ ਸੇਵਾ ਮੁਕੰਮਲ ਹੋਣ ‘ਤੇ ਗੁਰਪ੍ਰੀਤ ਕੌਰ ਦਿਓ, ਵਰਿੰਦਰ ਕੁਮਾਰ, ਈਸ਼ਵਰ ਸਿੰਘ, ਜਤਿੰਦਰ ਕੁਮਾਰ ਜੈਨ, ਸਤੀਸ਼ ਕੁਮਾਰ ਅਸਥਾਨਾ, ਸ਼ਸ਼ੀ ਪ੍ਰਭਾ ਦਿਵੇਦੀ ਅਤੇ ਆਰ ਐੱਨ ਢੋਕੇ ਦੀ ਤਰੱਕੀ ਸਬੰਧੀ ਅਧਿਕਾਰਤ ਹੁਕਮ ਜਾਰੀ ਕਰ ਦਿੱਤਾ ਹੈ। ਪੀਪੀਐੱਸ ਤੋਂ ਆਈਪੀਐੱਸ ਬਣੇ ਇਸੇ ਬੈਚ ਦੇ ਅਧਿਕਾਰੀ ਅਰਪਿਤ ਸ਼ੁਕਲਾ ਨੂੰ ਤਰੱਕੀ ਨਹੀਂ ਦਿੱਤੀ ਗਈ ਹੈ।
ਗ੍ਰਹਿ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਸੀਨੀਆਰਤਾ ਦੇ ਮਾਮਲੇ ਵਿੱਚ ਉਲਝੀ ਤਾਣੀ ਕਰਕੇ ਸ਼ੁਕਲਾ ਨੂੰ ਡੀਜੀਪੀ ਵਜੋਂ ਤਰੱਕੀ ਨਹੀਂ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਗੁਰਪ੍ਰੀਤ ਕੌਰ ਦਿਓ ਅਤੇ ਸ਼ਸ਼ੀ ਪ੍ਰਭਾ ਦਿਵੇਦੀ ਪੰਜਾਬ ਦੀਆਂ ਪਹਿਲੀ ਮਹਿਲਾ ਡੀਜੀਪੀ ਹਨ। ਜਾਣਕਾਰੀ ਅਨੁਸਾਰ ਪੰਜਾਬ ਵਿੱਚ ਪਹਿਲੀ ਵਾਰ ਡੀਜੀਪੀ ਰੈਂਕ ਦੇ ਇੰਨੇ ਅਧਿਕਾਰੀ ਤਾਇਨਾਤ ਹੋਏ ਹਨ।
ਪੰਜਾਬ ਕਾਡਰ ਦੇ 16 ਆਈਪੀਐੱਸ ਅਧਿਕਾਰੀ ਡੀਜੀਪੀ ਬਣ ਗਏ ਹਨ, ਜਿਨ੍ਹਾਂ ਵਿੱਚੋਂ 13 ਅਧਿਕਾਰੀ ਪੰਜਾਬ ‘ਚ ਸੇਵਾਵਾਂ ਨਿਭਾਅ ਰਹੇ ਹਨ ਜਦੋਂ ਕਿ 3 ਡੈਪੂਟੇਸ਼ਨ ‘ਤੇ ਹਨ। ਇਸ ਸਮੇਂ ਸਭ ਤੋਂ ਸੀਨੀਅਰ ਦਿਨਕਰ ਗੁਪਤਾ ਕੇਂਦਰ ਵਿੱਚ ਡੈਪੂਟੇਸ਼ਨ ‘ਤੇ ਹੋਣ ਕਰਕੇ ਐੱਨਆਈਏ ਦੇ ਡੀਜੀਪੀ ਵਜੋਂ ਸੇਵਾ ਨਿਭਾਅ ਰਹੇ ਹਨ। ਇਸੇ ਤਰ੍ਹਾਂ ਹੋਰ ਡੀਜੀਪੀ ਅਧਿਕਾਰੀਆਂ ‘ਚ ਵੀ ਕੇ ਭਾਵੜਾ, ਪ੍ਰਬੋਧ ਕੁਮਾਰ, ਐੱਸ ਕੇ ਕਾਲੜਾ, ਕੇਂਦਰ ‘ਚ ਡੈਪੂਟੇਸ਼ਨ ‘ਤੇ ਪਰਾਗ ਜੈਨ, ਕੁਲਦੀਪ ਸਿੰਘ ਅਤੇ ਗੌਰਵ ਯਾਦਵ ਸ਼ਾਮਲ ਹਨ।
ਹਰਪ੍ਰੀਤ ਸਿੰਘ ਸਿੱਧੂ ਵੀ ਕੇਂਦਰ ਵਿੱਚ ਡੈਪੂਟੇਸ਼ਨ ‘ਤੇ ਹਨ। ਭਾਵੜਾ ਨੂੰ ਡੀਜੀਪੀ ਵਜੋਂ ਅਹੁਦੇ ਤੋਂ ਹਟਾਉਣ ਤੋਂ ਬਾਅਦ ਗੌਰਵ ਯਾਦਵ ਨੂੰ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਗਿਆ ਹੈ। ਰਾਜ ਸਰਕਾਰ ਨੇ ਨਵੇਂ ਡੀਜੀਪੀ ਦੀ ਨਿਯੁਕਤੀ ਲਈ ਹੁਣ ਤੱਕ ਯੂਪੀਐੱਸਸੀ ਨੂੰ ਪੈਨਲ ਨਹੀਂ ਭੇਜਿਆ ਹੈ।

Check Also

ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ

ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …