5.9 C
Toronto
Saturday, November 8, 2025
spot_img
Homeਪੰਜਾਬਸਿਆਸੀ ਪਾਰਟੀਆਂ ਨੇ ਚੋਣਾਂ ਹਾਰ ਚੁੱਕੇ ਕਈ ਉਮੀਦਵਾਰਾਂ 'ਤੇ ਕੀਤਾ ਮੁੜ ਭਰੋਸਾ

ਸਿਆਸੀ ਪਾਰਟੀਆਂ ਨੇ ਚੋਣਾਂ ਹਾਰ ਚੁੱਕੇ ਕਈ ਉਮੀਦਵਾਰਾਂ ‘ਤੇ ਕੀਤਾ ਮੁੜ ਭਰੋਸਾ

ਕਾਂਗਰਸ ਨੇ ਪਰਨੀਤ ਕੌਰ, ਮੁਹੰਮਦ ਸਦੀਕ ਤੇ ਕੇਵਲ ਢਿੱਲੋਂ ਨੂੰ ਦਿੱਤੀਆਂ ਟਿਕਟਾਂ
ਸੰਗਰੂਰ : ਪੰਜਾਬ ਦੀਆਂ ਲੋਕ ਸਭਾ ਚੋਣਾਂ ਵਿਚ ਰਾਜਨੀਤਕ ਦਲ ਚੋਣ ਦੰਗਲ ਦੇ ਤਜਰਬੇਕਾਰ ਉਮੀਦਵਾਰਾਂ ‘ਤੇ ਹੀ ਦਾਅ ਲਗਾ ਰਹੇ ਹਨ। ਪਿਛਲੀਆਂ ਚੋਣਾਂ ਵਿਚ ਹਾਰੇ ਉਮੀਦਵਾਰ ਇਸ ਵਾਰ ਵੱਡੀ ਗਿਣਤੀ ਵਿਚ ਟਿਕਟਾਂ ਹਾਸਲ ਕਰਨ ਵਿਚ ਕਾਮਯਾਬ ਹੋਏ ਹਨ। ਵੱਖ-ਵੱਖ ਰਾਜਨੀਤਕ ਦਲਾਂ ਵੱਲੋਂ ਇਨ੍ਹਾਂ ਚੋਣਾਂ ਵਿੱਚ 15 ਦੇ ਕਰੀਬ ਅਜਿਹੇ ਉਮੀਦਵਾਰ ਖੜ੍ਹੇ ਕੀਤੇ ਗਏ ਹਨ ਜੋ ਪਿਛਲੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਹਾਰੇ ਹੋਏ ਹਨ। ਇਨ੍ਹਾਂ ਵਿੱਚੋਂ 3 ਉਮੀਦਵਾਰ ਐਮਪੀ ਦੀ ਚੋਣ ਹਾਰੇ ਹੋਏ ਹਨ, ਜਦੋਂਕਿ 12 ਵਿਧਾਨ ਸਭਾ ਚੋਣਾਂ ਵਿੱਚ ਮਾਤ ਖਾ ਚੁੱਕੇ ਹਨ।
ਕਾਂਗਰਸ ਪਾਰਟੀ ਵਲੋਂ ਇਸ ਵਾਰ ਚਾਰ ਹਾਰੇ ਹੋਏ ਉਮੀਦਵਾਰਾਂ ‘ਤੇ ਦਾਅ ਖੇਡਿਆ ਗਿਆ ਹੈ। ਸ਼ਾਹੀ ਸੀਟ ਪਟਿਆਲਾ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਪਰਨੀਤ ਕੌਰ 2014 ਵਿੱਚ ‘ਆਪ’ ਦੇ ਡਾ.ਧਰਮਵੀਰ ਗਾਂਧੀ ਤੋਂ ਚੋਣ ਹਾਰ ਗਏ ਸਨ। ਫਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ 2017 ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੇ ਮਾਸਟਰ ਬਲਦੇਵ ਤੋਂ ਹਾਰ ਚੁੱਕੇ ਹਨ। ਇਨ੍ਹਾਂ ਚੋਣਾਂ ਦੌਰਾਨ ਹੀ ਸੰਗਰੂਰ ਤੋਂ ਉਮੀਦਵਾਰ ਕੇਵਲ ਸਿੰਘ ਢਿੱਲੋਂ ਵੀ ‘ਆਪ’ ਦੇ ਗੁਰਮੀਤ ਸਿੰਘ ਮੀਤ ਹੇਅਰ ਤੋਂ ਹਾਰ ਗਏ ਸਨ। ਖਡੂਰ ਸਾਹਿਬ ਤੋਂ ਉਮੀਦਵਾਰ ਜਸਵੀਰ ਸਿੰਘ ਡਿੰਪਾ 2007 ਵਿੱਚ ਬਿਆਸ ਹਲਕੇ ਤੋਂ ਅਕਾਲੀ ਉਮੀਦਵਾਰ ਮਨਜਿੰਦਰ ਕੰਗ ਤੋਂ ਹਾਰ ਗਏ ਸਨ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਪਿਛਲੀਆਂ ਚੋਣਾਂ ਹਾਰੇ ਹੋਏ 5 ਉਮੀਦਵਾਰ ਇਸ ਵਾਰ ਖੜ੍ਹੇ ਕੀਤੇ ਗਏ ਹਨ। ਇਨ੍ਹਾਂ ਵਿੱਚ ਪਟਿਆਲਾ ਤੋਂ ਖੜ੍ਹੇ ਸੁਰਜੀਤ ਰੱਖੜਾ 2017 ਚੋਣਾਂ ਵਿੱਚ ਸਮਾਣਾ ਹਲਕੇ ਤੋਂ ਹਾਰ ਚੁੱਕੇ ਹਨ। ਫਰੀਦਕੋਟ ਤੋਂ ਪਾਰਟੀ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ 2017 ਵਿੱਚ ਅਟਾਰੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਤਰਸੇਮ ਸਿੰਘ ਤੋਂ ਹਾਰ ਗਏ ਸਨ। ਲੁਧਿਆਣਾ ਤੋਂ ਉਮੀਦਵਾਰ ਮਹੇਸ਼ਇੰਦਰ ਗਰੇਵਾਲ 2002 ਅਤੇ 2007 ਦੀਆਂ ਵਿਧਾਨ ਸਭਾ ਚੋਣਾਂ ਹਾਰ ਚੁੱਕੇ ਹਨ। ਫ਼ਤਹਿਗੜ੍ਹ ਸਾਹਿਬ ਤੋਂ ਚੋਣ ਲੜ ਰਹੇ ਦਰਬਾਰਾ ਸਿੰਘ ਗੁਰੂ ਵੀ 2012 ਵਿਚ ਭਦੌੜ ਹਲਕੇ ਅਤੇ 2017 ਵਿੱਚ ਬੱਸੀ ਪਠਾਣਾ ਹਲਕੇ ਤੋਂ ਚੋਣ ਹਾਰ ਗਏ ਸਨ।
ਆਮ ਆਦਮੀ ਪਾਰਟੀ ਵਲੋਂ ਹੁਸ਼ਿਆਰਪੁਰ ਸੀਟ ਤੋਂ ਡਾ.ਰਵਜੋਤ ਸਿੰਘ ਉਮੀਦਵਾਰ ਹਨ, ਜੋ ਸ਼ਾਮ ਚੁਰਾਸੀ ਹਲਕੇ ਤੋਂ 2017 ਚੋਣਾਂ ਵਿੱਚ ਹਾਰੇ ਸਨ। ਨਰਿੰਦਰ ਸ਼ੇਰਗਿੱਲ ਨੂੰ ਆਨੰਦਪੁਰ ਸਾਹਿਬ ਤੋਂ ਟਿਕਟ ਦਿੱਤੀ ਗਈ ਹੈ। ਸ਼ੇਰਗਿੱਲ ਮੁਹਾਲੀ ਵਿਧਾਨ ਸਭਾ ਹਲਕੇ ਤੋਂ 2017 ਵਿਧਾਨ ਸਭਾ ਚੋਣਾਂ ਹਾਰ ਗਏ ਸਨ। ਪੀਡੀਏ ਵਲੋਂ ਲੋਕ ਇਨਸਾਫ਼ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਜੱਸੀ ਜਸਰਾਜ 2014 ਵਿੱਚ ਲੋਕ ਸਭਾ ਦੀ ਬਠਿੰਡਾ ਸੀਟ ਹਾਰ ਚੁੱਕੇ ਹਨ। ਬਸਪਾ ਦੇ ਹੁਸ਼ਿਆਰਪੁਰ ਤੋਂ ਉਮੀਦਵਾਰ ਬਲਵਿੰਦਰ ਕੁਮਾਰ 2017 ਚੋਣਾਂ ਵਿੱਚ ਅਜਨਾਲਾ ਸੀਟ ਤੋਂ ਮਾਤ ਖਾ ਗਏ ਸਨ। ਪੰਥਕ ਹਲਕੇ ਖਡੂਰ ਸਾਹਿਬ ਤੋਂ ਪੰਜਾਬ ਏਕਤਾ ਪਾਰਟੀ ਵਲੋਂ ਚੋਣ ਲੜ ਰਹੇ ਬੀਬੀ ਪਰਮਜੀਤ ਕੌਰ ਖਾਲੜਾ 1999 ਵਿੱਚ ਸ਼੍ਰੋਮਣੀ ਅਕਾਲੀ ਦਲ (ਸਰਵ ਹਿੰਦ) ਦੀ ਟਿਕਟ ਤੋਂ ਹਾਰ ਚੁੱਕੇ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ 2017 ਦੀ ਬਰਨਾਲਾ ਤੋਂ ਚੋਣ ਲੜ ਚੁੱਕੇ ਸਿਮਰਨਜੀਤ ਸਿੰਘ ਮਾਨ ਹਾਰ ਗਏ ਸਨ, ਜੋ ਸੰਗਰੂਰ ਤੋਂ ਚੋਣ ਲੜ ਰਹੇ ਹਨ।

RELATED ARTICLES
POPULAR POSTS