ਭਗਵੰਤ ਮਾਨ ਨੇ ਕਿਹਾ – ਬਾਦਲਾਂ ਦਾ ਦੋਗਲਾ ਚਿਹਰਾ ਸਾਹਮਣੇ ਆਇਆ
ਸੰਗਰੂਰ/ਬਿਊਰੋ ਨਿਊਜ਼ : ‘ਆਪ’ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੋਸ਼ ਲਾਇਆ ਹੈ ਕਿ ਨਾਗਰਿਕਤਾ ਸੋਧ ਐਕਟ ਬਾਰੇ ਬਾਦਲ ਪਰਿਵਾਰ ਦਾ ਦੋਗਲਾ ਚਿਹਰਾ ਜੱਗ-ਜ਼ਾਹਰ ਹੋ ਗਿਆ ਹੈ। ਸੰਸਦ ਵਿਚ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੋਵੇਂ ਪਤੀ-ਪਤਨੀ ਨੇ ਨਾਗਰਿਕਤਾ ਸੋਧ ਬਿਲ ਦੇ ਹੱਕ ਵਿਚ ਵੋਟਾਂ ਪਾਈਆਂ ਹਨ ਅਤੇ ਸੰਸਦ ਵਿਚ ਬਿਲ ਦੇ ਵਿਰੋਧ ‘ਚ ਕੁਝ ਨਹੀਂ ਬੋਲੇ ਪਰ ਪੰਜਾਬ ਆ ਕੇ ਦੋਵੇਂ ਕਿਹੜੇ ਮੂੰਹ ਨਾਲ ਇਹ ਆਖ਼ ਰਹੇ ਹਨ ਕਿ ਮੁਸਲਿਮ ਵਰਗ ਨੂੰ ਐਕਟ ਵਿਚ ਸ਼ਾਮਲ ਕਿਉਂ ਨਹੀਂ ਕੀਤਾ ਗਿਆ।
ਹੁਣ ਜਦੋਂ ਪੂਰੇ ਦੇਸ਼ ਵਿਚ ਐਕਟ ਦਾ ਵਿਰੋਧ ਹੋ ਰਿਹਾ ਹੈ ਤਾਂ ਹੁਣ ਇਹ ਮੁਸਲਿਮ ਵਰਗ ਦੇ ਹੱਕ ਵਿਚ ਬੋਲਣ ਲੱਗ ਪਏ। ਮਾਨ ਇੱਥੇ ਆਪਣੇ ਦਫ਼ਤਰ ਵਿਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਮਾਨ ਨੇ ਕਿਹਾ ਕਿ ਨਾਗਰਿਕਤਾ ਸੋਧ ਐਕਟ ਬਾਰੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਪਰਿਵਾਰ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਬਚਾਉਣ ਲਈ ਅਜਿਹੀ ਦੋਗਲੀ ਨੀਤੀ ਅਪਣਾ ਰਿਹਾ ਹੈ। ਮਾਨ ਨੇ ਸਰਕਾਰ ਵਲੋਂ ਸ਼ਾਮਲਾਟ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ ਦੋਸ਼ ਲਾਇਆ ਕਿ ਜਦੋਂ ਕੈਪਟਨ ਸਰਕਾਰ ਪਹਿਲਾਂ ਹੋਂਦ ਵਿਚ ਆਈ ਸੀ ਤਾਂ ਨਹਿਰਾਂ ਦੇ ਵਿਸ਼ਰਾਮ ਘਰ ਵੇਚ ਦਿੱਤੇ ਸਨ ਅਤੇ ਹੁਣ ਸ਼ਾਮਲਾਟ ਜ਼ਮੀਨਾਂ ਵੇਚਣ ਦੇ ਰਾਹ ਪੈ ਗਈ। ਉਨ੍ਹਾਂ ਕਿਹਾ ਕਿ ਸਰਕਾਰ ਤਿੰਨ ਸਾਲ ਤੋਂ ਖਜ਼ਾਨਾ ਖਾਲੀ ਹੋਣ ਦੀ ਦੁਹਾਈ ਦੇ ਕੇ ਨਾ ਨੌਕਰੀ ਦੇ ਰਹੀ ਹੈ ਨਾ ਹੀ ਤਨਖ਼ਾਹਾਂ ਦੇ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਹਾਲਾਤ ‘ਤੇ ਤਨਜ਼ ਕਸਦਿਆਂ ਮਾਨ ਨੇ ਕਿਹਾ ਕਿ ਅਕਾਲੀ ਦਲ 99 ਸਾਲਾਂ ਲੀਜ਼ ‘ਤੇ ਸੀ ਜੋ ਕਿ 1920 ‘ਚ ਬਣਿਆ ਸੀ ਤੇ 2019 ‘ਚ ਖ਼ਤਮ ਹੋ ਰਿਹਾ ਹੈ।
Check Also
ਐਸਜੀਪੀਸੀ ਪ੍ਰਧਾਨ ਨੇ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖਤ ਨਿੰਦਾ
ਕਿਹਾ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੀ ਖਿਲਵਾੜ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …