Breaking News
Home / ਪੰਜਾਬ / ਨਾਗਰਿਕਤਾ ਕਾਨੂੰਨ ਖਿਲਾਫ ਮਾਲੇਰਕੋਟਲਾ ਵਿੱਚ ਮਹਿਲਾਵਾਂ ਵੱਲੋਂ ਜ਼ੋਰਦਾਰ ਮੁਜ਼ਾਹਰਾ

ਨਾਗਰਿਕਤਾ ਕਾਨੂੰਨ ਖਿਲਾਫ ਮਾਲੇਰਕੋਟਲਾ ਵਿੱਚ ਮਹਿਲਾਵਾਂ ਵੱਲੋਂ ਜ਼ੋਰਦਾਰ ਮੁਜ਼ਾਹਰਾ

ਮਾਲੇਰਕੋਟਲਾ/ਬਿਊਰੋ ਨਿਊਜ਼ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਸੈਂਕੜੇ ਮੁਸਲਿਮ ਮਹਿਲਾਵਾਂ ਵੱਲੋਂ ਸੜਕਾਂ ‘ਤੇ ਉਤਰਦਿਆਂ ਪੰਜਾਬ ਦੇ ਮੁਸਲਿਮ ਬਹੁਗਿਣਤੀ ਵਾਲੇ ਸ਼ਹਿਰ ਮਲੇਰਕੋਟਲਾ ਵਿੱਚ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ। ਮੁਸਲਿਮ ਮਹਿਲਾ ਐਡਵੋਕੇਟ ਜਰਕਾ ਜਾਫ਼ਰੀ ਦੇ ਸੱਦੇ ‘ਤੇ ਐਤਵਾਰ ਨੂੰ ਜਮਾਤ-ਏ-ਇਸਲਾਮੀ ਦੀ ਅਗਵਾਈ ਵਾਲੀਆਂ ਸਮਾਜਸੇਵੀ ਜਥੇਬੰਦੀਆਂ ਸਮੇਤ ਇਲਾਕੇ ਦੀਆਂ ਦਰਜਨਾਂ ਮੁਸਲਿਮ ਸਮਾਜਿਕ ਜਥੇਬੰਦੀਆਂ ਨਾਲ ਸਬੰਧਤ ਵੱਡੀ ਗਿਣਤੀ ‘ਚ ਮੁਸਲਿਮ ਔਰਤਾਂ ਸਥਾਨਕ ਸਰਹੰਦੀ ਦਰਵਾਜ਼ੇ ਨੇੜੇ ਇੱਕਠੀਆਂ ਹੋਈਆਂ ਅਤੇ ਵੱਖ-ਵੱਖ ਨਾਅਰਿਆਂ ਵਾਲੀਆਂ ਤਖ਼ਤੀਆਂ ਤੇ ਝੰਡੇ ਚੁੱਕ ਸ਼ਹਿਰ ‘ਚ ਕੇਂਦਰ ਸਰਕਾਰ ਖ਼ਿਲਾਫ਼ ਰੋਸ ਮਾਰਚ ਕੀਤਾ। ਉਨ੍ਹਾਂ ਨੇ ਸੱਟਾ ਚੌਕ ਪੁੱਜ ਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਨਾਂ ਮੰਗ ਪੱਤਰ ਐੱਸਡੀਐੱਮ. ਵਿਕਰਮਜੀਤ ਪਾਂਥੇ ਨੂੰ ਸੌਂਪਿਆ। ਰੋਸ ਪ੍ਰਦਰਸ਼ਨ ਦੌਰਾਨ ਇਨਕਲਾਬ ਜ਼ਿੰਦਾਬਾਦ ਹਿੰਦੂ-ਮੁਸਲਿਮ-ਸਿੱਖ-ਇਸਾਈ ਏਕਤਾ ਜ਼ਿੰਦਾਬਾਦ ਅਤੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲੱਗੇ।
ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਏ ਇਸ ਰੋਸ ਪ੍ਰਦਰਸ਼ਨ ਦੌਰਾਨ ਸਰਹੰਦੀ ਦਰਵਾਜ਼ੇ ਅਤੇ ਸੱਟਾ ਚੌਕ ਵਿੱਚ ਸੰਬੋਧਨ ਕਰਦਿਆਂ ਔਰਤ ਆਗੂਆਂ ਨੇ ਕੇਂਦਰ ਦੀ ਸਰਕਾਰ ਵੱਲੋਂ ਬਣਾਏ ਗਏ ਨਾਗਰਿਕਤਾ ਸੋਧ ਕਾਨੂੰਨ ਦੀ ਤਿੱਖੀ ਅਲੋਚਨਾ ਕਰਦਿਆਂ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਐਡਵੋਕੇਟ ਜਰਕਾ ਜਾਫਰੀ ਅਤੇ ਮੈਡਮ ਫਰਹਤ ਨੇ ਨਾਗਰਿਕਤਾ ਸੋਧ ਐਕਟ ਨੂੰ ਦੇਸ਼ ਦੇ ਸੰਵਿਧਾਨ ਖਿਲਾਫ ਦੱਸਦਿਆਂ ਕਿਹਾ ਕਿ ਉਹ ਭਾਰਤ ਅੰਦਰ ਪੈਦਾ ਹੋਏ ਹਨ ਤੇ ਭਾਰਤ ਅੰਦਰ ਹੀ ਆਖਰੀ ਸਾਹ ਲੈਣਗੇ। ਉਹ ਫਿਰਕੂ ਅਧਾਰ ‘ਤੇ ਵੰਡੀਆਂ ਪਾਉਣ ਵਾਲੇ ਇਸ ਐਕਟ ਦਾ ਆਖਰੀ ਦਮ ਤੱਕ ਡੱਟ ਕੇ ਵਿਰੋਧ ਕਰਦੇ ਰਹਾਂਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਗਿਣੀ ਮਿਥੀ ਸਾਜਿਸ਼ ਤਹਿਤ ਮੁਸਲਮਾਨਾਂ ਨੂੰ ਦੇਸ਼ ‘ਚੋਂ ਬਾਹਰ ਕੱਢਣ ਦੇ ਜੋ ਮਨਸੂਬੇ ਘੜ੍ਹੇ ਜਾ ਰਹੇ ਹਨ, ਉਨ੍ਹਾਂ ਦਾ ਹਰ ਪੱਖੋਂ ਵਿਰੋਧ ਕੀਤਾ ਜਾਵੇਗਾ।
ਇਸਤਰੀ ਜਾਗਰਿਤੀ ਮੰਚ ਦੀ ਆਗੂ ਅਮਨਦੀਪ ਕੌਰ ਮਲੌਦ ਨੇ ਨਾਗਰਿਕਤਾ ਸੋਧ ਐਕਟ ਨੂੰ ਘੱਟ ਗਿਣਤੀ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਮੁਸਲਮਾਨਾਂ ਨੂੰ ਆਪਣਾ ਸਭ ਤੋਂ ਪਹਿਲਾ ਦੁਸ਼ਮਣ ਸਮਝਦੀ ਹੈ।
ਜ਼ਿਕਰਯੋਗ ਹੈ ਕਿ ਨਾਗਿਰਕਤਾ ਸੋਧ ਬਿੱਲ ਹੁਣ ਕਾਨੂੰਨ ਬਣ ਚੁੱਕਾ ਹੈ। ਇਸ ਦੇ ਵਿਰੋਧ ਵਿਚ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਵਿਚ ਵੀ ਇਸ ਕਾਨੂੰਨ ਦਾ ਵਿਰੋਧ ਹੋ ਰਿਹਾ ਹੈ। ਨਾਗਰਿਕਤਾ ਕਾਨੂੰਨ ਖਿਲਾਫ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਜ਼ੋਰਦਾਰ ਪ੍ਰਦਰਸ਼ਨ ਹੋ ਰਹੇ ਹਨ ਅਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਹੋ ਰਹੀ ਹੈ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …