Breaking News
Home / ਪੰਜਾਬ / ਪੰਜਾਬ ‘ਚ ਯੂਰੀਆ ਖਾਦ ਪਹੁੰਚਣ ਨਾਲ ਕਿਸਾਨਾਂ ਨੂੰ ਮਿਲੀ ਰਾਹਤ

ਪੰਜਾਬ ‘ਚ ਯੂਰੀਆ ਖਾਦ ਪਹੁੰਚਣ ਨਾਲ ਕਿਸਾਨਾਂ ਨੂੰ ਮਿਲੀ ਰਾਹਤ

Image Courtesy :jagbani(punjabkesari)

ਕਿਸਾਨ ਅੰਦੋਲਨ ਕਾਰਨ ਰੇਲ ਗੱਡੀਆਂ ਬੰਦ ਹੋਣ ਕਾਰਨ ਹਰਿਆਣੇ ‘ਚੋਂ ਮਹਿੰਗੀ ਖ਼ਰੀਦਣੀ ਪੈ ਰਹੀ ਸੀ ਖਾਦ
ਮਾਨਸਾ : ਪੰਜਾਬ ਵਿਚ ਕਣਕ ਲਈ ਯੂਰੀਆ ਦੀ ਪੈਦਾ ਹੋਈ ਘਾਟ ਪੂਰੀ ਹੋਣ ਦੇ ਆਸਾਰ ਬਣ ਗਏ ਜਦ ਵੱਡੀ ਪੱਧਰ ‘ਤੇ ਖਾਦ ਸੂਬੇ ਵਿਚ ਪੁੱਜਣੀ ਆਰੰਭ ਹੋਈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਖੇਤੀ ਕਾਨੂੰਨਾਂ ਵਿਰੁੱਧ ਜਾਰੀ ਸੰਘਰਸ਼ ਕਾਰਨ ਰੇਲ ਗੱਡੀਆਂ ਦੀ ਆਵਾਜਾਈ ਬੰਦ ਸੀ ਤੇ ਯੂਰੀਆ ਖਾਦ ਦੀ ਘਾਟ ਪੈਦਾ ਹੋ ਗਈ ਸੀ। ਰੇਲਾਂ ਚੱਲਣ ਦੇ ਨਾਲ ਹੀ ਪੰਜਾਬ ਵਿੱਚ ਕਿਸਾਨਾਂ ਲਈ ਯੂਰੀਆ ਖਾਦ ਪੁੱਜਣੀ ਆਰੰਭ ਹੋ ਗਈ ਹੈ। ਜ਼ਿਕਰਯੋਗ ਹੈ ਕਿ ਕਿਸਾਨਾਂ ਲਈ ਕਣਕ ਦੀ ਫ਼ਸਲ ਦੇ ਫੁਟਾਰੇ ਵਾਸਤੇ ਪਹਿਲੀ ਵਾਰ ਪਾਣੀ ਲਾਉਣ ਵੇਲੇ ਇਸ ਖਾਦ ਦਾ ਖਿਲਾਰਨਾ ਬੇਹੱਦ ਜ਼ਰੂਰੀ ਹੁੰਦਾ ਹੈ ਤੇ ਮਾਲਵਾ ਖੇਤਰ ਦਾ ਕਿਸਾਨ ਹਰਿਆਣਾ ਵਿਚੋਂ ਮਹਿੰਗੇ ਭਾਅ ਉਤੇ ਕਈ ਦਿਨਾਂ ਤੋਂ ਇਸ ਨੂੰ ਖ਼ਰੀਦ ਰਿਹਾ ਸੀ। ਰੇਲ ਗੱਡੀਆਂ ਆਉਣ ਤੋਂ ਬਾਅਦ ਹੁਣ ਖਾਦ ਨੂੰ ਪਿੰਡਾਂ ਦੀਆਂ ਸਹਿਕਾਰੀ ਸੁਸਾਇਟੀਆਂ ਅਤੇ ਪ੍ਰਾਈਵੇਟ ਵਪਾਰੀਆਂ ਦੀਆਂ ਦੁਕਾਨਾਂ ‘ਤੇ ਵੱਡੀ ਪੱਧਰ ਉਤੇ ਪਹੁੰਚਦਾ ਕੀਤਾ ਗਿਆ ਹੈ। ਖਾਦ ਡੀਲਰਾਂ ਨੇ ਆਪਣੇ ਪੱਕੇ ਗਾਹਕਾਂ ਨੂੰ ਪਿੰਡਾਂ ਵਿਚੋਂ ਬੁਲਾ ਕੇ ਫ਼ਟਾ-ਫਟ ਖਾਦ ਚੁਕਵਾ ਦਿੱਤੀ ਹੈ ਤਾਂ ਜੋ ਉਨ੍ਹਾਂ ਨੂੰ ਸਟੋਰ ਕਰਨ ਵਿੱਚ ਕੋਈ ਤਕਲੀਫ਼ ਨਾ ਆਏ। ਪਿੰਡਾਂ ਵਿਚੋਂ ਵੱਡੀ ਪੱਧਰ ‘ਤੇ ਕਿਸਾਨ ਟਰਾਲੀਆਂ ਰਾਹੀਂ ਖਾਦ ਨੂੰ ਆਪਣੇ ਘਰਾਂ ਨੂੰ ਲੈ ਗਏ ਹਨ ਤਾਂ ਜੋ ਕਿਸਾਨ ਅੰਦੋਲਨ ਦੌਰਾਨ ਖੇਤ ਖਾਦ ਤੋਂ ਵਾਂਝੇ ਨਾ ਰਹਿ ਜਾਣ। ਇਸੇ ਦੌਰਾਨ ਖੇਤੀਬਾੜੀ ਮਹਿਕਮੇ ਦੇ ਮਾਹਿਰਾਂ ਨੇ ਕਿਹਾ ਕਿ ਜਿਹੜੇ ਕਿਸਾਨਾਂ ਵੱਲੋਂ ਕਣਕ ਦੀ ਅਗੇਤੀ ਬਿਜਾਈ ਕੀਤੀ ਗਈ ਹੈ, ਉਨ੍ਹਾਂ ਨੂੰ ਪਹਿਲਾ ਪਾਣੀ ਲਾ ਦੇਣਾ ਚਾਹੀਦਾ ਹੈ ਅਤੇ ਇਸ ਪਾਣੀ ਨੂੰ ਲਾਉਣ ਵੇਲੇ ਯੂਰੀਆ ਖਾਦ ਖਿਲਾਰ ਦੇਣੀ ਚਾਹੀਦੀ ਹੈ ਤਾਂ ਜੋ ਸਮੇਂ ਸਿਰ ਕਣਕ ਦਾ ਫੁਟਾਰਾ ਹੋ ਸਕੇ। ਮਾਹਿਰਾਂ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਲੋੜ ਤੋਂ ਜ਼ਿਆਦਾ ਯੂਰੀਆ ਨਾ ਖਿਲਾਰਨ, ਸਗੋਂ ਇਸ ਨੂੰ ਸਹੀ ਮਾਤਰਾ ਵਿੱਚ ਪਾਕੇ ਝਾੜ ਵਧਾਉਣ ਦਾ ਉਪਰਾਲਾ ਕਰਨ। ਜ਼ਿਕਰਯੋਗ ਹੈ ਕਿ ਖਾਦ ਦੇ ਆਉਣ ਨਾਲ ਲੰਮੇ ਸਮੇਂ ਤੋਂ ਵਿਹਲੇ ਬੈਠੇ ਪੱਲੇਦਾਰ-ਮਜ਼ਦੂਰਾਂ ਨੂੰ ਵੀ ਰੁਜ਼ਗਾਰ ਮਿਲਣ ਲੱਗਾ ਹੈ ਤੇ ਉਹ ਬੋਰੀਆਂ ਢੋਂਦੇ ਖੁਸ਼ ਨਜ਼ਰ ਆਏ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼

ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …