ਜਬਰ ਜਨਾਹ ਦੇ ਦੋਸ਼ਾਂ ‘ਚ ਘਿਰੇ ਬੈਂਸ ਖਿਲਾਫ ਕਾਰਵਾਈ ਦੀ ਉਠੀ ਮੰਗ
ਲੁਧਿਆਣਾ/ਬਿਊਰੋ ਨਿਊਜ਼ : ਜਬਰ-ਜਨਾਹ ਦੇ ਇਲਜ਼ਾਮਾਂ ਵਿਚ ਘਿਰੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਬੈਂਸ ਆਪਣੀਆਂ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ‘ਤੇ ਹਨ। ਅਕਾਲੀ ਦਲ ਅਤੇ ਭਾਜਪਾ ਦੋਹਾਂ ਹੀ ਪਾਰਟੀਆਂ ਨੇ ਇੱਕ ਤੋਂ ਬਾਅਦ ਇੱਕ ਪੁਲਿਸ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਬਾਹਰ ਬੈਂਸ ਖ਼ਿਲਾਫ਼ ਧਰਨੇ ਦਿੱਤੇ। ਇਸ ਦੌਰਾਨ ਉਨ੍ਹਾਂ ਬੈਂਸ ‘ਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਖਾਸ ਗੱਲ ਇਹ ਹੈ ਕਿ ਇਸ ਮਾਮਲੇ ਦੀ ਜਾਂਚ ਕਰ ਰਹੀ ਜੁਆਇੰਟ ਕਮਿਸ਼ਨਰ ਰੂਰਲ ਦੀ ਪਿਛਲੇ ਦਿਨੀਂ ਬਦਲੀ ਹੋ ਚੁੱਕੀ ਹੈ।
ਅਜਿਹੇ ਵਿਚ ਕਾਂਗਰਸ ਸਰਕਾਰ ਵੀ ਹੁਣ ਵਿਰੋਧੀ ਧਿਰਾਂ ਦੇ ਨਿਸ਼ਾਨੇ ‘ਤੇ ਆ ਚੁੱਕੀ ਹੈ। ਪੁਲਿਸ ਕਮਿਸ਼ਨਰ ਦਫ਼ਤਰ ਅੱਗੇ ਪ੍ਰਦਸ਼ਰਨ ਦੌਰਾਨ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ, ਹੀਰਾ ਸਿੰਘ ਗਾਬੜੀਆ ਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਲੁਧਿਆਣਾ ਪੁਲਿਸ ਵਿਧਾਇਕ ਬੈਂਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਤਰ੍ਹਾਂ ਭਾਜਪਾ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਮਨਿੰਦਰ ਕੌਰ ਘੁੰਮਣ ਦੀ ਅਗਵਾਈ ਵਿਚ ਭਾਜਪਾ ਆਗੂਆਂ ਨੇ ਵੀ ਪੁਲਿਸ ਕਮਿਸ਼ਨਰ ਦੇ ਦਫ਼ਤਰ ਬਾਹਰ ਪ੍ਰਦਰਸ਼ਨ ਕੀਤਾ।
ਪਟਿਆਲਾ : ਵਿਧਾਇਕ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਲੱਗੇ ਰਹੇ ਜਬਰ-ਜਨਾਹ ਦੇ ਦੋਸ਼ ਦੇ ਮਾਮਲੇ ਵਿੱਚ ਯੂਥ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਅਮਿਤ ਸਿੰਘ ਰਾਠੀ ਦੀ ਅਗਵਾਈ ਵਿੱਚ ਪਟਿਆਲਾ ਦੇ ਨੌਜਵਾਨਾਂ ਨੇ ਪੀੜਤਾ ਨੂੰ ਇਨਸਾਫ ਦਿਵਾਉਣ ਲਈ ਖੰਡਾ ਚੌਕ ਵਿੱਚ ਪ੍ਰਦਰਸ਼ਨ ਕੀਤਾ ਤੇ ਬੈਂਸ ਦਾ ਪੁਤਲਾ ਫੂਕਿਆ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਵੱਲੋਂ ਬੈਂਸ ਨੂੰ ਬਚਾਉਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।
ਬੈਂਸ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਇਆ
ਲੁਧਿਆਣਾ: ਮਹਿਲਾ ਵੱਲੋਂ ਲਗਾਏ ਗਏ ਜਬਰ-ਜਨਾਹ ਦੇ ਦੋਸ਼ਾਂ ਦੇ ਮਾਮਲੇ ਵਿੱਚ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਲੁਧਿਆਣਾ ਪੁਲਿਸ ਦੇ ਸਾਹਮਣੇ ਪੇਸ਼ ਹੋਏ। ਜੁਆਇੰਟ ਕਮਿਸ਼ਨਰ ਨੂੰ ਉਨ੍ਹਾਂ ਨੇ ਮਸਲੇ ਬਾਰੇ ਜਾਣਕਾਰੀ ਦਿੱਤੀ। ਵਿਧਾਇਕ ਬੈਂਸ ਨੇ ਕਿਹਾ ਕਿ ਔਰਤ ਸਿਆਸੀ ਲੋਕਾਂ ਦੇ ਹੱਥ ਚੜ੍ਹ ਕੇ ਗ਼ਲਤ ਦੋਸ਼ ਲਗਾ ਰਹੀ ਹੈ।
ਦੋਸ਼ ਲਾਉਣ ਵਾਲੀ ਮਹਿਲਾ ਖ਼ੁਦ ਦੋਸ਼ਾਂ ਵਿਚ ਘਿਰੀ
ਲੁਧਿਆਣਾ: ਵਿਧਾਇਕ ਸਿਮਰਜੀਤ ਸਿੰਘ ਬੈਂਸ ‘ਤੇ ਜਬਰ-ਜਨਾਹ ਦੇ ਦੋਸ਼ ਲਾਉਣ ਵਾਲੀ ਔਰਤ ‘ਤੇ ਸ਼ਿਮਲਾਪੁਰੀ ਇਲਾਕੇ ਵਿਚ ਰਹਿਣ ਵਾਲੇ ਗੁਰਮੀਤ ਸਿੰਘ ਨਾਂ ਦੇ ਵਿਅਕਤੀ ਨੇ ਗੰਭੀਰ ਦੋਸ਼ ਲਾਏ ਹਨ। ਉਸ ਨੇ ਦਾਅਵਾ ਕੀਤਾ ਕਿ ਵਿਧਾਇਕ ਬੈਂਸ ਉਤੇ ਲਾਏ ਦੋਸ਼ ਗ਼ਲਤ ਹਨ। ਉਸ ਨੇ ਦਾਅਵਾ ਕੀਤਾ ਕਿ ਇਸ ਔਰਤ ਨਾਲ ਉਸ ਦੇ ਇੱਕ ਸਾਲ ਤਕ ਪ੍ਰੇਮ ਸਬੰਧ ਰਹੇ ਹਨ ਤੇ ਉਹ ਔਰਤ ਦੇ ਘਰ ਵੀ ਰੋਜ਼ਾਨਾ ਆਉਂਦਾ ਜਾਂਦਾ ਸੀ। ਉਸ ਨੂੰ ਪੈਸਿਆਂ ਦੀ ਲੋੜ ਪਈ ਤਾਂ ਉਸ ਨੇ ਔਰਤ ਤੋਂ ਮੰਗੇ, ਜੋ ਉਸ ਨੇ ਦਿੱਤੇ ਸਨ ਪਰ ਉਸ ਨੇ ਪੈਸੇ ਨਹੀਂ ਦਿੱਤੇ। ਮਗਰੋਂ ਉਸ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਜਦੋਂ ਬਾਅਦ ਵਿੱਚ ਉਸ ਨੇ ਫੋਨ ਕੀਤਾ ਤਾਂ ਔਰਤ, ਉਸ ਦੇ ਪਤੀ ਤੇ ਲੜਕਿਆਂ ਨੇ ਉਸ ਨਾਲ ਕਥਿਤ ਕੁੱਟਮਾਰ ਕੀਤੀ ਤੇ ਸਿਰ ਪਾੜ ਦਿੱਤਾ। ਉਸ ਦੀ ਸ਼ਿਕਾਇਤ ਥਾਣਾ ਸ਼ਿਮਲਾਪੁਰੀ ਵਿਚ ਕੀਤੀ ਗਈ ਸੀ, ਜਿੱਥੇ ਪੁਲਿਸ ਦੇ ਦਬਾਅ ‘ਚ ਉਸ ਨੇ ਕਿਹਾ ਕਿ ਉਸਦਾ ਔਰਤ ਨਾਲ ਕੋਈ ਲੈਣ-ਦੇਣ ਨਹੀਂ ਹੈ, ਜਦਕਿ ਉਹ ਔਰਤ ਉਸ ਕੋਲੋਂ ਦੋ ਲੱਖ ਰੁਪਏ ਲੈ ਚੁੱਕੀ ਸੀ, ਜੋ ਮੰਗਣ ‘ਤੇ ਨਹੀਂ ਦਿੱਤੇ ਗਏ।
Check Also
ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ 6 ਦਸੰਬਰ ਨੂੰ ਦਿੱਲੀ ਕੂਚ ਕਰਨਗੀਆਂ
ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਸ਼ੰਭੂ ਬਾਰਡਰ ਤੋਂ …