Breaking News
Home / ਪੰਜਾਬ / ਮੁਹੰਮਦ ਮੁਸਤਫਾ ਵੱਲੋਂ ਕੈਪਟਨ ਨੂੰ ‘ਬੇਨਕਾਬ’ ਕਰਨ ਦੀ ਧਮਕੀ

ਮੁਹੰਮਦ ਮੁਸਤਫਾ ਵੱਲੋਂ ਕੈਪਟਨ ਨੂੰ ‘ਬੇਨਕਾਬ’ ਕਰਨ ਦੀ ਧਮਕੀ

ਸਾਬਕਾ ਪੁਲਿਸ ਅਧਿਕਾਰੀ ਨੇ ਟਵੀਟ ਕਰਕੇ ਅਮਰਿੰਦਰ ਦੇ ਗੁਪਤ ਭੇਤਾਂ ਦੀ ਗੱਲ ਕੀਤੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਰਣਨੀਤਕ ਸਲਾਹਕਾਰ ਤੇ ਸਾਬਕਾ ਪੁਲਿਸ ਅਧਿਕਾਰੀ ਮੁਹੰਮਦ ਮੁਸਤਫ਼ਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ‘ਬੇਨਕਾਬ’ ਕਰਨ ਦੀ ਧਮਕੀ ਦਿੱਤੀ ਹੈ। ਉਨ੍ਹਾਂ ਟਵੀਟ ਵਿੱਚ ਕਿਹਾ ਕਿ ਉਨ੍ਹਾਂ ਕੋਲ ਅਮਰਿੰਦਰ ਸਿੰਘ ਦੇ ‘ਗਲਤ ਕੰਮਾਂ’ ਦੇ ਸਬੂਤਾਂ ਦਾ ‘ਪਹਾੜ’ ਹੈ, ਜਿਨ੍ਹਾਂ ਨੂੰ ਝੁਠਲਾਇਆ ਨਹੀਂ ਜਾ ਸਕਦਾ। ਸਾਬਕਾ ਪੁਲਿਸ ਅਧਿਕਾਰੀ ਨੇ ਕੈਪਟਨ ਦੀ ਨਿੱਜੀ ਜ਼ਿੰਦਗੀ ਨੂੰ ਵੀ ਨਿਸ਼ਾਨਾ ਬਣਾਇਆ ਹੈ।
ਉਨ੍ਹਾਂ ਆਪਣੇ ਟਵੀਟ ਨਾਲ ਇਕ ਫਿਲਮੀ ਗੀਤ ਵੀ ਪਾਇਆ ਹੈ, ਜਿਸ ਨਾਲ ਲਿਖਿਆ ਹੈ, ‘ਰਾਜ਼ ਕੋ ਰਾਜ਼ ਰਹਿਨੇ ਦੋ ਕੈਪਟਨ ਸਰ।’ ਚੇਤੇ ਰਹੇ ਕਿ ਲੰਘੇ ਦਿਨ ਮੁੱਖ ਮੰਤਰੀ ਵਜੋਂ ਅਸਤੀਫਾ ਦੇਣ ਮਗਰੋਂ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਰਿਸ਼ਤਿਆਂ ਤੇ ਪਾਕਿ ਫੇਰੀ ਦੌਰਾਨ ਥਲ ਸੈਨਾ ਮੁਖੀ ਕਮਰ ਜਾਵੇਦ ਬਾਜਵਾ ਨਾਲ ਪਾਈ ਜੱਫੀ ਦੇ ਹਵਾਲੇ ਨਾਲ ਦੇਸ਼ ਦੀ ਕੌਮੀ ਸੁਰੱਖਿਆ ਨੂੰ ਖ਼ਤਰਾ ਦੱਸਿਆ ਸੀ। ਮੁਸਤਫ਼ਾ ਨੇ ਜਵਾਬੀ ਹਮਲੇ ਵਜੋਂ ਤਿੱਖੇ ਸ਼ਬਦਾਂ ਵਿਚ ਅਮਰਿੰਦਰ ਸਿੰਘ ‘ਤੇ ਉਂਗਲ ਖੜ੍ਹੀ ਕਰ ਦਿੱਤੀ ਹੈ। ਕੈਪਟਨ ਨੇ ਹਾਲਾਂਕਿ ਅਜੇ ਤੱਕ ਮੁਸਤਫਾ ਵੱਲੋਂ ਕੀਤੇ ਟਵੀਟਾਂ ਦਾ ਅਧਿਕਾਰਤ ਤੌਰ ‘ਤੇ ਕੋਈ ਜਵਾਬ ਨਹੀਂ ਦਿੱਤਾ ਹੈ।
ਮੁਹੰਮਦ ਮੁਸਤਫ਼ਾ ਨੇ ਅਮਰਿੰਦਰ ਸਿੰਘ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਤੁਸੀਂ 14 ਸਾਲਾਂ ਤੋਂ ਆਈਐੱਸਆਈ ਏਜੰਟ ਦੇ ਨਾਲ ਰਹੇ ਹੋ। ਕੈਪਟਨ ਦੀ ਮਹਿਲਾ ਦੋਸਤ ਦੇ ਹਵਾਲੇ ਨਾਲ ਮੁਸਤਫ਼ਾ ਨੇ ਕਿਹਾ ਕਿ ਉਨ੍ਹਾਂ ਕੋਲ ਅਮਰਿੰਦਰ ਦੇ ਗਲਤ ਕੰਮਾਂ ਦੇ ਰਾਜ਼ ਹਨ ਅਤੇ ਅਮਰਿੰਦਰ ਸਿੰਘ ਉਨ੍ਹਾਂ ਦਾ ਮੂੰਹ ਨਾ ਖੁਲ੍ਹਵਾਉਣ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਕਿਸੇ ਵੇਲੇ ਵੀ ਨਵਜੋਤ ਸਿੱਧੂ ‘ਤੇ ਸਿਆਸੀ ਹਮਲੇ ਕਰ ਸਕਦੇ ਹਨ, ਪਰ ਸਿੱਧੂ ਦੀ ਦੇਸ਼ ਭਗਤੀ ‘ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਹੈ। ਮੁਸਤਫ਼ਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰਿੰਦਰ ਸਿੰਘ ਨੇ ਹਾਲੇ ਤੱਕ ਉਨ੍ਹਾਂ ਵੱਲੋਂ ਕੀਤੇ ਟਵੀਟ ਦਾ ਜਵਾਬ ਨਹੀਂ ਦਿੱਤਾ ਹੈ। ਉਨ੍ਹਾਂ ਅਮਰਿੰਦਰ ਨੂੰ ਚੁਣੌਤੀ ਦਿੱਤੀ ਕਿ ਉਹ ਹੁਣ ਸਿੱਧੂ ਨੂੰ ਗ਼ੱਦਾਰ ਆਖ ਕੇ ਦਿਖਾਉਣ। ਉਨ੍ਹਾਂ ਕੋਲ ਅਮਰਿੰਦਰ ਸਿੰਘ ਦੇ ਕਾਰਨਾਮਿਆਂ ਦਾ ਚਿੱਠਾ ਹੈ। ਉਹ ਪਰਿਵਾਰਕ ਦੋਸਤ ਰਹੇ ਹਨ ਅਤੇ ਉਨ੍ਹਾਂ ਕੋਲ ਬੋਲਣ ਲਈ ਬਹੁਤ ਕੁਝ ਹੈ।
ਮੁਸਤਫ਼ਾ ਦੇ ਟਵੀਟਾਂ ਨੂੰ ਸਿਆਸੀ ਮਨੋਰਥ ਲਈ ਵਰਤ ਸਕਦੀ ਹੈ ਕੇਂਦਰ ਸਰਕਾਰ
ਮੁਹੰਮਦ ਮੁਸਤਫਾ ਦੀ ਗੱਲਬਾਤ ਤੋਂ ਇਕ ਗੱਲ ਤਾਂ ਸਾਫ਼ ਹੈ ਕਿ ਉਨ੍ਹਾਂ ਕੋਲ ਅਮਰਿੰਦਰ ਸਿੰਘ ਦੇ ਭੇਤਾਂ ਦਾ ਭੰਡਾਰ ਹੈ। ਚਰਚੇ ਹਨ ਕਿ ਕੇਂਦਰ ਸਰਕਾਰ ਮੁਸਤਫ਼ਾ ਵੱਲੋਂ ਕੀਤੇ ਟਵੀਟਾਂ ਨੂੰ ਆਪਣੇ ਸਿਆਸੀ ਮਨੋਰਥ ਲਈ ਵਰਤ ਸਕਦੀ ਹੈ। ਸੂਤਰ ਦੱਸਦੇ ਹਨ ਕਿ ਕੇਂਦਰ ਸਰਕਾਰ ਨੇ ਮੁਸਤਫ਼ਾਂ ਵੱਲੋਂ ਕੈਪਟਨ ਨੂੰ ‘ਬੇਨਕਾਬ’ ਕਰਨ ਦੀ ਦਿੱਤੀ ਧਮਕੀ ਦਾ ਨੋਟਿਸ ਲਿਆ ਹੈ। ਚਰਚੇ ਹਨ ਕਿ ਮੁਹੰਮਦ ਮੁਸਤਫ਼ਾ ਨੇ ਆਪਣੇ ਪੱਧਰ ‘ਤੇ ਹੀ ਅਮਰਿੰਦਰ ਸਿੰਘ ਖਿਲਾਫ਼ ਮੋਰਚਾ ਨਹੀਂ ਖੋਲ੍ਹਿਆ ਬਲਕਿ ਇਸ ਪਿੱਛੇ ਖਾਸ ਰਣਨੀਤੀ ਵੀ ਹੋ ਸਕਦੀ ਹੈ।

 

 

Check Also

ਕਾਂਗਰਸ ਪਾਰਟੀ ਦੀ ਪੰਜਾਬ ਦੇ ਕਿਸਾਨ ਵੋਟਰਾਂ ’ਤੇ ਨਜ਼ਰ

ਰਾਜਾ ਵੜਿੰਗ ਨੇ ਲਾਲੜੂ ’ਚ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣ ਵਿਰੋਧੀ ’ਤੇ ਸਾਧਿਆ ਨਿਸ਼ਾਨਾ ਲਾਲੜੂ/ਬਿਊਰੋ ਨਿਊਜ਼ …