ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਵੇਂ ਮਿਲੀ ਅਮਰੀਕਾ ਜਾਣ ਦੀ ਅਗਿਆ
ਨਵੀਂ ਦਿੱਲੀ : ਕਾਂਗਰਸੀ ਆਗੂ ਦਿਗਵਿਜੇ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 3 ਦਿਨਾ ਅਮਰੀਕਾ ਯਾਤਰਾ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਅੱਜ ਟਵੀਟ ਕਰਕੇ ਕਿਹਾ ਕਿ ਜਿੱਥੋਂ ਤੱਕ ਮੈਨੂੰ ਜਾਣਕਾਰੀ ਪ੍ਰਧਾਨ ਮੰਤਰੀ ਨੇ ਕੋਵੈਕਸੀਨ ਲਗਵਾਈ ਸੀ, ਜਿਸ ਨੂੰ ਅਮਰੀਕਾ ਮਨਜ਼ੂਰ ਨਹੀਂ ਕਰਦਾ। ਉਨ੍ਹਾਂ ਪੁੱਛਿਆ ਕਿ ਪ੍ਰਧਾਨ ਮੰਤਰੀ ਨੇ ਕੋਈ ਹੋਰ ਵੈਕਸੀਨ ਲਗਵਾਈ ਹੈ ਜਾਂ ਫਿਰ ਅਮਰੀਕੀ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਛੂਟ ਦਿੱਤੀ ਗਈ ਹੈ। ਦਿਗਵਿਜੇ ਨੇ ਅੱਗੇ ਲਿਖਿਆ ਕਿ ਦੇਸ਼ ਇਹ ਜਾਣਨਾ ਚਾਹੁੰਦਾ ਹੈ ਕਿ ਕੋਵੈਕਸੀਨ ਲਗਵਾਉਣ ਵਾਲੇ ਪ੍ਰਧਾਨ ਮੰਤਰੀ ਨੂੰ ਅਮਰੀਕਾ ਜਾਣ ਦੀ ਆਗਿਆ ਕਿਵੇਂ ਮਿਲੀ। ਇਥੇ ਦੱਸਣਾ ਬਣਦਾ ਹੈ ਕਿ ਭਾਰਤ ‘ਚ ਤਿਆਰ ਕੀਤੀ ਗਈ ਕੋਵੈਕਸੀਨ ਨੂੰ ਹਾਲੇ ਤੱਕ ਨਾ ਤਾਂ ਵਿਸ਼ਵ ਸਿਹਤ ਸੰਗਠਨ ਨੇ ਆਪਣੀ ਮਾਨਤਾ ਦਿੱਤੀ ਹੈ ਅਤੇ ਨਾ ਹੀ ਅਮਰੀਕਾ ਦੇ ਫੂਡ ਐਂਡ ਡਰੱਗ ਪ੍ਰਸ਼ਾਸਨ ਵੱਲੋਂ ਇਸ ਨੂੰ ਮਾਨਤਾ ਮਿਲੀ ਹੈ। ਹਾਲਾਂਕਿ ਕੋਵੈਕਸੀਨ ਨੂੰ ਮਾਨਤਾ ਦਿਵਾਉਣ ਲਈ ਵਿਸ਼ਵ ਸਿਹਤ ਸੰਗਠਨ ਨੇ 5 ਅਕਤੂਬਰ ਨੂੰ ਇਕ ਬੈਠਕ ਬੁਲਾਈ ਹੈ। ਭਾਰਤ ਬਾਇਓਟੈਕ ਦੀ ਕੋਵੈਕਸੀਨ ਲੈਣ ਤੋਂ ਬਾਅਦ ਅਮਰੀਕਾ ਯਾਤਰਾ ‘ਤੇ ਗਏ ਪ੍ਰਧਾਨ ਮੰਤਰੀ ਨੂੰ ਲੈ ਕੇ ਕਈ ਤਰ੍ਹਾਂ ਸਵਾਲ ਖੜ੍ਹੇ ਹੋ ਰਹੇ ਹਨ।