Breaking News
Home / ਪੰਜਾਬ / ਸੁਖਪਾਲ ਖਹਿਰਾ ਕੋਲੋਂ ਖੋਹੀਆਂ ਸਹੂਲਤਾਂ ਹਰਪਾਲ ਚੀਮਾ ਨੂੰ ਮਿਲਣ ਲੱਗੀਆਂ

ਸੁਖਪਾਲ ਖਹਿਰਾ ਕੋਲੋਂ ਖੋਹੀਆਂ ਸਹੂਲਤਾਂ ਹਰਪਾਲ ਚੀਮਾ ਨੂੰ ਮਿਲਣ ਲੱਗੀਆਂ

ਵਿਰੋਧੀ ਧਿਰ ਦੇ ਆਗੂ ਨੂੰ ਮਿਲੀ ਸਰਕਾਰੀ ਕੋਠੀ
ਚੰਡੀਗੜ੍ਹ : ਆਮ ਆਦਮੀ ਪਾਰਟੀ ਵਲੋਂ ਵਿਰੋਧੀ ਧਿਰ ਦੇ ਆਗੂ ਚੁਣੇ ਗਏ ਹਰਪਾਲ ਸਿੰਘ ਚੀਮਾ ਨੂੰ ਕੈਬਨਿਟ ਮੰਤਰੀ ਵਾਲੀਆਂ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਧਿਆਨ ਰਹੇ ਕਿ ‘ਆਪ’ ਵਲੋਂ ਸੁਖਪਾਲ ਸਿੰਘ ਖਹਿਰਾ ਕੋਲੋਂ ਵਿਰੋਧੀ ਧਿਰ ਦਾ ਅਹੁਦਾ ਖੋਹ ਕੇ ਚੀਮਾ ਨੂੰ ਦਿੱਤਾ ਗਿਆ ਸੀ ਅਤੇ ਨਾਲ ਹੀ ਖਹਿਰਾ ਨੂੰ ਮਿਲ ਰਹੀਆਂ ਸਰਕਾਰੀ ਸਹੂਲਤਾਂ ਵੀ ਵਾਪਸ ਲੈ ਲਈਆਂ ਗਈਆਂ ਸਨ। ਹਰਪਾਲ ਚੀਮਾ ਨੂੰ ਸੈਕਟਰ-39 ਵਿਖੇ ਸਰਕਾਰੀ ਕੋਠੀ ਮਿਲ ਗਈ ਹੈ। ਆਮ ਤੌਰ ‘ਤੇ ਵਿਰੋਧੀ ਧਿਰ ਦੇ ਨੇਤਾ ਦੀ ਸਰਕਾਰੀ ਰਿਹਾਇਸ਼ ਮੁੱਖ ਮੰਤਰੀ ਦੀ ਰਿਹਾਇਸ਼ ਦੇ ਨਾਲ ਹੁੰਦੀ ਹੈ ਪਰ ਹਰਪਾਲ ਚੀਮਾ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਤੋਂ ਬਹੁਤ ਦੂਰ ਰਿਹਾਇਸ਼ ਦਿੱਤੀ ਗਈ ਹੈ। ਇਸ ਬਾਰੇ ਐੱਚ. ਐੱਸ. ਫੂਲਕਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੀ ਰਿਹਾਇਸ਼ ਦੇ ਨਾਲ ਵਾਲੀ ਰਿਹਾਇਸ਼ ਵਿਚ ਕਾਂਗਰਸੀ ਆਗੂ ਰਾਜਿੰਦਰ ਕੌਰ ਭੱਠਲ ਰਹਿ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਗੁਰਦਾਸਪੁਰ ਤੋਂ ਸੁਨੀਲ ਜਾਖੜ ਦੇ ਅਹੁਦਾ ਸੰਭਾਲਣ ਵੇਲੇ ਵੀ ਭੱਠਲ ਨੇ ਕੋਠੀ ਖਾਲੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਖਹਿਰਾ ਪ੍ਰਤੀ ਕੇਜਰੀਵਾਲ ਦੀ ਸੁਰ ਨਰਮ
ਕਿਹਾ, ਜਲਦੀ ਹੀ ਕੱਢ ਲਿਆ ਜਾਵੇਗਾ ਮਸਲੇ ਦਾ ਹੱਲ
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਸੁਖਪਾਲ ਖਹਿਰਾ ਦੇ ਮਾਮਲੇ ਵਿੱਚ ਚੱਲ ਰਹੇ ਮਤਭੇਦ ਇੰਨੇ ਡੂੰਘੇ ਨਹੀਂ ਹਨ ਜਿਨ੍ਹਾਂ ਨੂੰ ਸੁਲਝਾਇਆ ਨਹੀਂ ਜਾ ਸਕਦਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਵਿਚਾਰਾਂ ਦਾ ਮਤਭੇਦ ਸਾਰੀਆਂ ਪਾਰਟੀਆਂ ਵਿੱਚ ਹੁੰਦਾ ਹੈ ਅਤੇ ਖਹਿਰਾ ਮਾਮਲੇ ਵਿੱਚ ਵੀ ਅਜਿਹਾ ਹੀ ਹੋਇਆ ਹੈ ਜਿਸ ਦਾ ਕਿ ਜਲਦੀ ਹੱਲ ਕੱਢ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਐਸਵਾਈਐਲ ਮੁੱਦੇ ਤੇ ਮੇਰਾ ਸਟੈਂਡ ਅੱਜ ਵੀ ਉਹੀ ਹੈ ਕਿ ਸਾਰੇ ਸੂਬਿਆਂ ਨੂੰ ਉਨ੍ਹਾਂ ਦੇ ਬਣਦੇ ਹਿੱਸਾ ਦਾ ਪਾਣੀ ਜਰੂਰ ਮਿਲਣਾ ਚਾਹੀਦਾ ਹੈ। ਇਸ ਮਾਮਲੇ ਵਿੱਚ ਭਾਰਤ ਦੀ ਸੁਪਰੀਮ ਕੋਰਟ ਜਿਹੜਾ ਵੀ ਫੈਸਲਾ ਦੇਵੇਗੀ ਉਸ ਨੂੰ ਮੰਨਣਾ ਚਾਹੀਦਾ ਹੈ। ਉਧਰ ਦੂਜੇ ਪਾਸੇ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ 2016 ਵਿਚ ਇੱਕ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਸਹੀ ਰਾਮ ਪਹਿਲਵਾਨ ਸਮੇਤ ਤਿੰਨ ਵਿਅਕਤੀਆਂ ਨੂੰ 2-2 ਲੱਖ ਰੁਪਏ ਜੁਰਮਾਨਾ ਕੀਤਾ ਹੈ।

Check Also

ਲੁਧਿਆਣਾ ਤੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਸ਼ਰਾਬ ਨਾਲ ਤੋਲਿਆ

ਮਜੀਠੀਆ ਬੋਲੇ : ਲੋਕਾਂ ਨੇ ਪੀਤੀ ਤੁਪਕਾ ਤੁਪਕਾ ‘ਆਪ’ ਵਾਲਿਆਂ ਨੇ ਪੀਤੀ ਬਾਟੇ ਨਾਲ ਲੁਧਿਆਣਾ/ਬਿਊਰੋ …