Breaking News
Home / ਪੰਜਾਬ / ‘ਦਾਗੀ’ ਪੁਲਿਸ ਅਫਸਰਾਂ ਨੂੰ ਬਚਾਉਣ ਲਈ ਕੋਸ਼ਿਸ਼ਾਂ ਤੇਜ਼

‘ਦਾਗੀ’ ਪੁਲਿਸ ਅਫਸਰਾਂ ਨੂੰ ਬਚਾਉਣ ਲਈ ਕੋਸ਼ਿਸ਼ਾਂ ਤੇਜ਼

ਸੁਰੇਸ਼ ਅਰੋੜਾ ਨੇ ‘ਦਾਗੀ’ ਪੁਲਿਸ ਅਫਸਰਾਂ ਨਾਲ ਹਮਦਰਦੀ ਵਾਲਾ ਵਤੀਰਾ ਅਪਣਾਉਣ ਲਈ ਕਿਹਾ
ਚੰਡੀਗੜ੧੍ਹ : ਹੁਣ ਜਦੋਂ ਦੇਸ਼ ਅਤੇ ਵਿਦੇਸ਼ ਦੀਆਂ ਮਨੁੱਖੀ ਹੱਕਾਂ ਬਾਰੇ ਜਥੇਬੰਦੀਆਂ ਸਜ਼ਾ ਭੁਗਤ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਅਵਾਜ਼ ਬੁਲੰਦ ਕਰ ਰਹੀਆਂ ਹਨ ਤਾਂ ਪੰਜਾਬ ਪੁਲਿਸ ਨੇ ਖਾੜਕੂਵਾਦ ਦੇ ਸਮੇਂ ਦੌਰਾਨ ਵੱਖ-ਵੱਖ ਦੋਸ਼ਾਂ ਤਹਿਤ ਘਿਰੇ ਕਈ ਪੁਲਿਸ ਅਫ਼ਸਰਾਂ ਨੂੰ ਰਾਹਤ ਦਿਵਾਉਣ ਲਈ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਪਹੁੰਚ ਕੀਤੀ ਹੈ। ਇਨ੍ਹਾਂ ਵਿਚੋਂ ਕੁਝ ਪੁਲਿਸ ਅਧਿਕਾਰੀ ਤਾਂ ਕਈ ਸਾਲਾਂ ਤੋਂ ਜੇਲ੍ਹਾਂ ਅੰਦਰ ਡੱਕੇ ਹੋਏ ਹਨ। ਕੇਂਦਰੀ ਗ੍ਰਹਿ ਮੰਤਰਾਲੇ ਅਤੇ ਸੌਲਿਸਟਰ ਜਨਰਲ ਨਾਲ ਹੁਣੇ ਜਿਹੇ ਕੀਤੀਆਂ ਗਈਆਂ ਬੈਠਕਾਂ ਦੌਰਾਨ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ, ਜੋ ਅਗਲੇ ਮਹੀਨੇ ਸੇਵਾਮੁਕਤ ਹੋ ਰਹੇ ਹਨ, ਨੇ ‘ਦਾਗ਼ੀ’ ਪੁਲਿਸ ਅਫ਼ਸਰਾਂ ਪ੍ਰਤੀ ਹਮਦਰਦੀ ਵਾਲਾ ਵਤੀਰਾ ਅਪਣਾਉਣ ਲਈ ਕਿਹਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਖਾੜਕੂਵਾਦ ਸਮੇਂ ਵਿਰੋਧੀ ਅਪਰੇਸ਼ਨਾਂ ਦੌਰਾਨ ਫ਼ਰਜ਼ ਨਿਭਾਉਂਦਿਆਂ ਕੀਤੀਆਂ ਗਈਆਂ ਕਾਰਵਾਈਆਂ ਲਈ ਇਨ੍ਹਾਂ ਪੁਲਿਸ ਕਰਮੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਡੀਜੀਪੀ ਨੇ ਗੱਲਬਾਤ ਕਰਦਿਆਂ ਕਬੂਲ ਕੀਤਾ, ”ਵਿਭਾਗ ਨੇ ਮਾਨਵੀ ਆਧਾਰ ਅਤੇ ਨਵੀਆਂ ਚੁਣੌਤੀਆਂ ਦੇ ਮੁਕਾਬਲੇ ਲਈ ਪੁਲਿਸ ਦਾ ਮਨੋਬਲ ਬਣਾਈ ਰੱਖਣ ਵਾਸਤੇ ਇਹ ਅਪੀਲ ਕੀਤੀ ਹੈ। ਨਾਲ ਹੀ ਵਿਭਾਗ ਨੇ ਖਾੜਕੂਵਾਦ ਵੇਲੇ ਹੋਈਆਂ ਕੋਤਾਹੀਆਂ ਲਈ ਉਨ੍ਹਾਂ ਖਿਲਾਫ਼ ਕਾਰਵਾਈ ਵੀ ਆਰੰਭੀ ਹੋਈ ਹੈ।”
ਖਾੜਕੂਵਾਦ ਵੇਲੇ ਪੰਜਾਬ ਪੁਲਿਸ ਦੀ ਅਗਵਾਈ ਕਰਨ ਵਾਲੇ ਸਾਬਕਾ ਡੀਜੀਪੀ ਐਸ ਐਸ ਵਿਰਕ ਨੇ ਕਿਹਾ, ”ਸਾਰੇ ਦੋਸ਼ੀ ਪੁਲਿਸ ਅਧਿਕਾਰੀਆਂ ਨਾਲ ਇਕੋ ਜਿਹਾ ਵਤੀਰਾ ਨਹੀਂ ਅਪਣਾਇਆ ਜਾ ਸਕਦਾ।” ਉਨ੍ਹਾਂ ਕਿਹਾ ਕਿ ਹਰੇਕ ਕੇਸ ਦੀ ਪੜਤਾਲ ਮੈਰਿਟ ਦੇ ਆਧਾਰ ‘ਤੇ ਹੋਣੀ ਚਾਹੀਦੀ ਹੈ। ‘ਮੰਨਿਆ ਕਿ ਦਹਿਸ਼ਤਗਰਦੀ ਖਿਲਾਫ਼ ਜੰਗ ਕੌਮੀ ਮਸਲਾ ਸੀ ਅਤੇ ਜਿਹੜੇ ਇਸ ਜੰਗ ‘ਚ ਮੋਹਰੀ ਰਹੇ, ਉਨ੍ਹਾਂ ਦਾ ਬਚਾਅ ਕੀਤਾ ਜਾਣਾ ਚਾਹੀਦਾ ਹੈ ਪਰ ਜਿਹੜੇ ਅਧਿਕਾਰੀਆਂ ਨੇ ਮਨੁੱਖੀ ਹੱਕਾਂ ਦਾ ਘਾਣ ਅਤੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ, ਉਨ੍ਹਾਂ ਨੂੰ ਸਜ਼ਾਵਾਂ ਹੋਣੀਆਂ ਚਾਹੀਦੀਆਂ ਹਨ।’ ਬੰਦੀ ਸਿੱਖਾਂ ਦੀ ਰਿਹਾਈ ਦੀਆਂ ਕੋਸ਼ਿਸ਼ਾਂ ‘ਚ ਜੁਟੇ ਕਾਰਕੁਨ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਪੁਲਿਸ ਵਿਭਾਗ ਦੇ ਇਸ ਕਦਮ ਨਾਲ ਉਨ੍ਹਾਂ ਦੇ ਦੋਹਰੇ ਮਾਪਦੰਡਾਂ ਦਾ ਖ਼ੁਲਾਸਾ ਹੋ ਗਿਆ ਹੈ। ਉਨ੍ਹਾਂ ਦਾਅਵਾ ਕੀਤਾ,”ਸਰਕਾਰ ‘ਦਾਗ਼ੀ’ ਪੁਲਿਸ ਅਧਿਕਾਰੀਆਂ ਨੂੰ ਬਚਾਅ ਰਹੀ ਹੈ ਜਿਸ ਕਰਕੇ ਉਨ੍ਹਾਂ ਖਿਲਾਫ਼ ਮੁਕੱਦਮੇ ਸ਼ੁਰੂ ਹੀ ਨਹੀਂ ਹੋਏ ਜਾਂ ਬਹੁਤ ਦੇਰੀ ਨਾਲ ਸ਼ੁਰੂ ਹੋਏ ਹਨ। ਉਧਰ ਸਜ਼ਾਵਾਂ ਭੁਗਤ ਚੁੱਕੇ ਅਹਿਮ 20 ਸਿੱਖ ਬੰਦੀ ਅਜੇ ਵੀ ਜੇਲ੍ਹਾਂ ਵਿਚ ਬੰਦ ਹਨ।”
ਪੁਲਿਸ ਤੋਂ ਮਿਲੇ ਅੰਕੜਿਆਂ ਮੁਤਾਬਕ ਸੀਬੀਆਈ ਨੇ 1993 ਤੋਂ 1998 ਦਰਮਿਆਨ 188 ਪੁਲਿਸ ਕਰਮੀਆਂ ਖਿਲਾਫ਼ ਕੇਸ ਦਰਜ ਕੀਤੇ ਸਨ। ਇਨ੍ਹਾਂ ‘ਚੋਂ 43 ਦੀ ਮੌਤ ਕੇਸ ਬਕਾਇਆ ਰਹਿੰਦੇ ਹੀ ਹੋ ਗਈ ਸੀ। ਬਾਕੀ ਰਹਿੰਦੇ 80 ਪੁਲਿਸ ਕਰਮੀ 75 ਸਾਲ ਤੋਂ ਵਧ ਉਮਰ ਦੇ ਹਨ। 70 ਪੁਲਿਸ ਕਰਮੀ ਜੇਲ੍ਹਾਂ ਅੰਦਰ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਹਨ। ਉਹ ਵੱਖ-ਵੱਖ ਸਮਿਆਂ ‘ਤੇ ਪੈਰੋਲ ਜਾਂ ਜ਼ਮਾਨਤ ‘ਤੇ ਬਾਹਰ ਆਉਂਦੇ ਰਹੇ ਹਨ। ਕੇਸਾਂ ਦੇ ਬਕਾਇਆ ਰਹਿੰਦਿਆਂ ਸੇਵਾਮੁਕਤ ਹੋਏ 83 ਪੁਲਿਸ ਕਰਮੀਆਂ ਨੇ ਪੂਰੀ ਪੈਨਸ਼ਨ ਲਈ ਵੱਖਰੇ ਤੌਰ ‘ਤੇ ਪਟੀਸ਼ਨਾਂ ਦਾਖ਼ਲ ਕੀਤੀਆਂ ਹੋਈਆਂ ਹਨ। ਇਨ੍ਹਾਂ ਵਿਚੋਂ 20 ਨੂੰ ਸਜ਼ਾ ਹੋ ਚੁੱਕੀ ਹੈ ਅਤੇ ਪੰਜ ਨੇ ਖੁਦਕੁਸ਼ੀ ਕਰ ਲਈ ਅਤੇ ਤਿੰਨ ਬਿਮਾਰੀ ਕਾਰਨ ਮਾਰੇ ਗਏ। ਇਨ੍ਹਾਂ ਵਿਚੋਂ ਇਕ ਐਸਪੀ ਰਾਮ ਸਿੰਘ ਗੁਰਦੇ ਫੇਲ੍ਹ ਹੋਣ ਕਾਰਨ ਅੰਮ੍ਰਿਤਸਰ ਜੇਲ੍ਹ ਵਿਚ ਹੀ ਮਰ ਗਿਆ ਸੀ ਅਤੇ ਉਸ ਨੂੰ ਫਰਜ਼ੀ ਪੁਲਿਸ ਮੁਕਾਬਲੇ ਦੇ ਇਕ ਕੇਸ ਵਿਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ।
ਅਧਿਕਾਰੀਆਂ ਖਿਲਾਫ਼ ਚੱਲ ਰਹੇ ਕੇਸ
ਆਈਜੀ-1, ਡੀਆਈਜੀ-1, ਐਸਪੀ-12, ਡੀਐਸਪੀ-16, ਇੰਸਪੈਕਟਰ-59, ਸਬ ਇੰਸਪੈਕਟਰ-25, ਏਐਸਆਈ-36, ਹੈੱਡ ਕਾਂਸਟੇਬਲ-32, ਕਾਂਸਟੇਬਲ-4, ਐਸਪੀਓ-1, ਹੋਮ ਗਾਰਡ-1 : ਕੁੱਲ-188
5 ਨੇ ਕੀਤੀਆਂ ਖੁਦਕੁਸ਼ੀਆਂ
ਐਸਪੀ ਅਜੀਤ ਸਿੰਘ ਸੰਧੂ-23 ਮਈ, 1997
ਐਸਪੀ ਵਿਵੇਕ ਮਿਸ਼ਰਾ-20 ਮਈ, 2007
ਡੀਐਸਪੀ ਸਵਰਨ ਸਿੰਘ-2 ਫਰਵਰੀ, 2008
ਇੰਸਪੈਕਟਰ ਜਗਸੀਰ ਸਿੰਘ-27 ਜੂਨ, 2013
ਇੰਸਪੈਕਟਰ ਮੋਹਨ ਸਿੰਘ-1 ਅਪਰੈਲ, 2011
ਕੇਸਾਂ ਦੌਰਾਨ ਮਰੇ ਅਧਿਕਾਰੀ
ਏਐਸਆਈ ਪ੍ਰਿਥੀਪਾਲ ਸਿੰਘ-19 ਮਾਰਚ, 2014. ਐਸਪੀ ਰਾਮ ਸਿੰਘ-30 ਮਾਰਚ, 2018, ਹੋਮ ਗਾਰਡ ਜਗਸੀਰ ਸਿੰਘ-30 ਜੁਲਾਈ, 2016

Check Also

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ 2024-25 ਲਈ ਬਜਟ ਕੀਤਾ ਗਿਆ ਪੇਸ਼

ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਗੂੰਜਿਆ ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ …