Breaking News
Home / ਪੰਜਾਬ / ਐਚ ਐਸ ਫੂਲਕਾ ਵਲੋਂ 5 ਮੰਤਰੀਆਂ ਨੂੰ ਅਲਟੀਮੇਟਮ

ਐਚ ਐਸ ਫੂਲਕਾ ਵਲੋਂ 5 ਮੰਤਰੀਆਂ ਨੂੰ ਅਲਟੀਮੇਟਮ

ਬਾਦਲਾਂ ਖਿਲਾਫ ਕੇਸ ਦਰਜ ਕਰਵਾਓ ਜਾਂ ਦਿਓ ਅਸਤੀਫੇ
15 ਦਿਨਾਂ ‘ਚ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਖਿਲਾਫ ਕੇਸ ਨਾ ਦਰਜ ਹੋਇਆ ਤਾਂ ਦਿਆਂਗਾ ਅਸਤੀਫਾ : ਫੂਲਕਾ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਤੇ ਸੀਨੀਅਰ ਵਕੀਲ ਐਚਐਸ ਫੂਲਕਾ ਨੇ ਧਮਕੀ ਦਿੱਤੀ ਹੈ ਕਿ ਜੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 15 ਦਿਨਾਂ ਵਿਚ ਬਹਿਬਲ ਕਲਾਂ ਗੋਲੀ ਕਾਂਡ ਦੇ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਵਿਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਲਜ਼ਮ ਨਾਮਜ਼ਦ ਨਾ ਕੀਤਾ ਗਿਆ ਤਾਂ ਉਹ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦੇਣਗੇ। ਉਨ੍ਹਾਂ ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਵਿਧਾਨ ਸਭਾ ਵਿਚ ਇਸ ਮੰਗ ਨੂੰ ਉਠਾਉਣ ਵਾਲੇ 5 ਮੰਤਰੀਆਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ, ਮਨਪ੍ਰੀਤ ਸਿੰਘ ਬਾਦਲ ਤੇ ਚਰਨਜੀਤ ਸਿੰਘ ਚੰਨੀ ਨੂੰ ਅਲਟੀਮੇਟਮ ਦਿੱਤਾ ਕਿ 15 ਦਿਨਾਂ ਦੌਰਾਨ ਕੈਬਨਿਟ ਮੀਟਿੰਗ ਵਿਚ ਪ੍ਰਕਾਸ਼ ਸਿੰਘ ਬਾਦਲ, ਸੁਮੇਧ ਸੈਣੀ ਅਤੇ ਰਾਮ ਰਹੀਮ ਨੂੰ ਇਨ੍ਹਾਂ ਮਾਮਲਿਆਂ ਵਿਚ ਮੁਲਜ਼ਮ ਨਾਮਜ਼ਦ ਕਰਵਾਉਣ ਦਾ ਫ਼ੈਸਲਾ ਕਰਵਾਇਆ ਜਾਵੇ ਅਤੇ ਜੇ ਉਹ ਆਪਣਾ ਵਾਅਦਾ ਨਹੀਂ ਪੁਗਾ ਸਕਦੇ ਤਾਂ ਉਹ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇਣ। ਉਨ੍ਹਾਂ ਵਿਧਾਨ ਸਭਾ ਵਿਚ ਬੜੇ ਜ਼ੋਰ ਨਾਲ ਇਹੋ ਮੰਗ ਕਰਨ ਵਾਲੇ ਕਾਂਗਰਸੀ ਵਿਧਾਇਕਾਂ ਹਰਮਿੰਦਰ ਸਿੰਘ ਗਿੱਲ ਤੇ ਰਾਜਾ ਵੜਿੰਗ ਨੂੰ ਵੀ ਆਪਣੇ ਮੁੱਖ ਮੰਤਰੀ ਕੋਲੋਂ 15 ਦਿਨਾਂ ਵਿਚ ਇਹ ਮੰਗ ਨਾ ਮਨਵਾਉਣ ਦੀ ਸੂਰਤ ਵਿੱਚ ਅਸਤੀਫੇ ਦੇਣ ਲਈ ਕਿਹਾ ਹੈ। ਫੂਲਕਾ ਨੇ ਕਿਹਾ ਕਿ ਉਹ ਸਿਆਸੀ ਰੋਟੀਆਂ ਸੇਕਣ ਲਈ ਹੋਰਾਂ ਦੇ ਅਸਤੀਫੇ ਮੰਗਣ ਦੇ ਆਦੀ ਨਹੀਂ ਹਨ ਅਤੇ ਇਕ ਨਿਮਾਣੇ ਸਿੱਖ ਵਜੋਂ ਖ਼ੁਦ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋਣ ਤੋਂ ਬਾਅਦ ਹੀ ਮੰਤਰੀਆਂ ਤੇ ਵਿਧਾਇਕਾਂ ਤੋਂ ਅਸਤੀਫ਼ੇ ਮੰਗ ਰਹੇ ਹਨ। ਫੂਲਕਾ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਵਿਰੁੱਧ ਕਾਨੂੰਨੀ ਲੜਾਈ ਲੜਣ ਲਈ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਲੀਡਰ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਅਤੇ ਇਹ ਅਹੁਦੇ ਉਨ੍ਹਾਂ ਦੇ ਗੁਰੂ (ਸ੍ਰੀ ਗੁਰੂ ਗ੍ਰੰਥ ਸਾਹਿਬ) ਅੱਗੇ ਕੁਝ ਵੀ ਨਹੀਂ ਹਨ। ਉਹ ਇਸ ਮਾਮਲੇ ਵਿਚ ਮੂਕ ਦਰਸ਼ਕ ਬਣ ਕੇ ਜਿਥੇ ਆਪਣੇ ਗੁਰੂ ਤੋਂ ਬੇਮੁਖ ਨਹੀਂ ਹੋਣਾ ਚਾਹੁੰਦੇ ਉਥੇ ਆਪਣੀ ਪੀੜ੍ਹੀ ਨੂੰ ਵੀ ਸ਼ਰਮਿੰਦਾ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਆਪਣੇ ਗੁਰੂ ਦੇ ਕਾਰਜ ਲਈ ਪਾਰਟੀ ਕੋਲੋਂ ਅਸਤੀਫਾ ਦੇਣ ਲਈ ਪ੍ਰਵਾਨਗੀ ਲੈਣ ਦੀ ਲੋੜ ਨਹੀਂ ਹੈ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਆਪਣੇ ਕਿਸੇ ਵੀ ਆਗੂ ਅੱਗੇ ਅਜਿਹੀ ਬੰਦਸ਼ ਨਹੀਂ ਲਾਉਂਦੀ ਹੈ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਦਾਖਾ ਹਲਕੇ ਦੀ ਸੰਗਤ ਪੂਰੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ ਅਤੇ ਉਨ੍ਹਾਂ ਦੇ ਅਸ਼ੀਰਵਾਦ ਨਾਲ ਹੀ ਉਨ੍ਹਾਂ ਅਸਤੀਫਾ ਦੇਣ ਦਾ ਐਲਾਨ ਕਰਨ ਦਾ ਫੈਸਲਾ ਲਿਆ ਹੈ।
ਉਨ੍ਹਾਂ ਅਫਸੋਸ ਜ਼ਾਹਿਰ ਕੀਤਾ ਕਿ ਵਿਧਾਨ ਸਭਾ ਵਿਚ ਬੇਅਦਬੀਆਂ ਅਤੇ ਗੋਲੀ ਕਾਂਡਾਂ ਉਪਰ 8 ਘੰਟੇ ਹੋਈ ਇਤਿਹਾਸਕ ਬਹਿਸ ਕਰਨ ਦੇ ਬਾਵਜੂਦ ਇਸ ਦਾ ਕੋਈ ਸਾਰਥਿਕ ਸਿੱਟਾ ਨਹੀਂ ਨਿਕਲਿਆ। ਉਨ੍ਹਾਂ ਸਪਸ਼ਟ ਕੀਤਾ ਕਿ ਬੇਅਦਬੀ ਮਾਮਲਿਆਂ ਦੀ ਜਾਂਚ ਪਿੱਛਲੀ ਅਕਾਲੀ ਦਲ ਦੀ ਸਰਕਾਰ ਨੇ ਹੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਸੌਂਪ ਦਿੱਤੀ ਸੀ ਅਤੇ ਇਸ ਮਾਮਲੇ ਵਿਚ ਰਾਮ ਰਹੀਮ ਨੂੰ ਸਾਜ਼ਿਸ਼ ਘੜਣ ਦੇ ਦੋਸ਼ ਹੇਠ ਮੁਲਜ਼ਮ ਨਾਮਜ਼ਦ ਕਰਨਾ ਬਣਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਗਤ ਨੂੰ ਬਿਨਾਂ ਚਿਤਾਵਨੀ ਦਿੱਤਿਆਂ ਗੋਲੀਆਂ ਚਲਾ ਕੇ ਦੋ ਸਿੱਖਾਂ ਨੂੰ ਸ਼ਹੀਦ ਕਰਨ ਦੇ ਮਾਮਲੇ ਵਿਚ ਬਾਦਲ ਅਤੇ ਸੈਣੀ ਨੂੰ ਮੁਲਜ਼ਮ ਨਾਮਜ਼ਦ ਕੀਤਾ ਜਾਵੇ ਅਤੇ ਹਕੀਕੀ ਤੌਰ ‘ਤੇ ਇਹ ਮਾਮਲਾ ਪੰਜਾਬ ਪੁਲਿਸ ਕੋਲ ਹੀ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਦੀ ਰਿਪੋਰਟ ਵਿਚ ਇਹ ਸੰਕੇਤ ਦਿੱਤੇ ਹਨ ਕਿ ਗੋਲੀ ਚਲਾਉਣ ਦੇ ਹੁਕਮ ਚੰਡੀਗੜ੍ਹ ਤੋਂ ਹੀ ਦਿੱਤੇ ਗਏ ਸਨ ਪਰ ਸਰਕਾਰ ਛੋਟੇ ਪੁਲਿਸ ਅਧਿਕਾਰੀਆਂ ਵਿਰੁੱਧ ਕੇਸ ਦਰਜ ਕਰ ਕੇ ਵੱਡਿਆਂ ਨੂੰ ਬਚਾਉਣ ਦੀ ਤਾਕ ਵਿਚ ਹੈ।
ਬਾਦਲ ਪਰਿਵਾਰ ਦੇ ਗਲਤ ਫੈਸਲਿਆਂ ਨਾਲ ਸਿੱਖ ਕੌਮ ਸ਼ਰਮਸ਼ਾਰ ਹੋਈ
ਅੰਮ੍ਰਿਤਸਰ : ਦਰਬਾਰ,-ਏ-ਖਾਲਸਾ ਨੇ ਸੋਮਵਾਰ ਨੂੰ ਵਿਰਾਸਤੀ ਮਾਰਗ ‘ਤੇ ਪ੍ਰਦਰਸ਼ਨ ਕਰਦੇ ਹੋਏ ਐਸਜੀਪੀਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਬਾਦਲ ਪਰਿਵਾਰ ਦੀ ਦਖਲਅੰਦਾਜ਼ੀ ਦੇ ਖਿਲਾਫ ਮੰਗ ਪੱਤਰ ਸੌਂਪਿਆ। ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਸ਼ਹੀਦਾਂ ਦੇ ਖੂਨ ‘ਚੋਂ ਨਿਕਲੀ ਐਸਜੀਪੀਸੀ ਦ ਲੰਬੇ ਸਮੇਂ ਤੋਂ ਬਾਦਲ ਪਰਿਵਾਰ ਦੁਰਉਪਯੋਗ ਕਰ ਰਿਹਾ ਹੈ। ਜਦ ਤੋਂ ਸੁਖਬੀਰ ਸਿੰਘ ਬਾਦਲ ਪਹਿਲੀ ਕਤਾਰ ਵਿਚ ਆਏ ਹਨ, ਉਸ ਸਮੇਂ ਤਂ ਸਾਰੀਆਂ ਹੱਦਾਂ ਪਾਰ ਹੋ ਚੁੱਕੀਆਂ ਹਨ। ਸਿੱਖ ਕੌਮ ਵਿਚ ਪਰਿਵਾਰਵਾਦ ਜਾਂ ਰਾਜ ਘਰਾਣੇ ਨੂੂੰ ਕੋਈ ਅਹਿਮੀਅਤ ਨਹੀਂ ਦਿੱਤੀ ਜਾਂਦੀ। ਮੰਗ ਪੱਤਰ ਵਿਚ ਕਿਹਾ ਗਿਆ ਕਿ ਬਾਦਲ ਪਰਿਵਾਰ ਦੇ ਗਲਤ ਫੈਸਲਿਆਂ ਨਾਲ ਸਿੱਖ ਕੌਮ ਸ਼ਰਮਸ਼ਾਰ ਹੋਈ ਹੈ। ਡੇਰਾ ਸਿਰਸਾ ਦੇ ਮੁਖੀ ਨੂੰ ਮਾਫੀ ਦੇਣਾ, ਗੁਰੂ ਦੀ ਗੋਲਕ ਦੇ ਪੈਸਿਆਂ ਨਾਲ ਬਾਦਲ ਦੀਆਂ ਰੈਲੀਆਂ ਕਰਨਾ, ਬਹਿਬਲ ਕਲਾਂ ਘਟਨਾਕ੍ਰਮ, ਕੋਟਕਪੂਰਾ ਵਿਚ ਗੁਰਬਾਣੀ ਪੜ੍ਹ ਰਹੇ ਸਿੱਖਾਂ ‘ਤੇ ਗੋਲੀਬਾਰੀ ਆਦਿ ਘਟਨਾਵਾਂ ਨੇ ਸਿੱਖਾਂ ਨੂੰ ਸ਼ਰਮਸ਼ਾਰ ਹੋਣ ਲਈ ਮਜਬੂਰ ਕੀਤਾ ਹੈ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …