ਕਿਸਾਨਾਂ-ਮਜ਼ਦੂਰਾਂ ਨੇ ਸੂਬੇ ‘ਚ 75 ਥਾਵਾਂ ‘ਤੇ ਰੇਲ ਪਟੜੀਆਂ ਤੇ ਦੋ ਦਰਜਨ ਥਾਈਂ ਸੜਕ ਮਾਰਗ ਕੀਤੇ ਜਾਮ
ਕੇਂਦਰ ਵੱਲੋਂ ਮੰਨੀਆਂ ਮੰਗਾਂ ਪੂਰੀਆਂ ਨਾ ਕਰਨ ਖਿਲਾਫ ਰੋਹ
ਚੰਡੀਗੜ੍ਹ/ਬਿਊਰੋ ਨਿਊਜ਼ : ਤਿੰਨ ਖੇਤੀ ਕਾਨੂੰਨਾਂ ਖਿਲਾਫ ਵਿੱਢਿਆ ਅੰਦੋਲਨ ਮੁਲਤਵੀ ਕਰਨ ਮੌਕੇ ਕੇਂਦਰ ਸਰਕਾਰ ਵੱਲੋਂ ਮੰਨੀਆਂ ਮੰਗਾਂ ਪੂਰੀਆਂ ਨਾ ਕਰਨ ਖਿਲਾਫ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਚੱਕਾ ਜਾਮ ਦੇ ਸੱਦੇ ‘ਤੇ ਲੰਘੇ ਐਤਵਾਰ ਨੂੰ ਕਿਸਾਨਾਂ ਅਤੇ ਮਜ਼ਦੂਰਾਂ ਨੇ ਮੀਂਹ ਦੇ ਬਾਵਜੂਦ ਵੱਡੀ ਗਿਣਤੀ ‘ਚ ਸ਼ਮੂਲੀਅਤ ਕਰਦਿਆਂ ਪੰਜਾਬ ਭਰ ਵਿੱਚ ਰੇਲ ਤੇ ਸੜਕ ਮਾਰਗ ਜਾਮ ਕੀਤੇ। ਕਿਸਾਨਾਂ ਵੱਲੋਂ ਕੀਤੇ ਗਏ ਚੱਕਾ ਜਾਮ ਕਾਰਨ ਰੇਲਵੇ ਨੂੰ ਦਰਜਨਾਂ ਯਾਤਰੀਆਂ ਅਤੇ ਮਾਲ ਗੱਡੀਆਂ ਨੂੰ ਸਟੇਸ਼ਨਾਂ ‘ਤੇ ਰੋਕਣਾ ਪਿਆ, ਜਿਸ ਕਰਕੇ ਰੇਲ ਮੁਸਾਫਰਾਂ ਨੂੰ ਕਾਫੀ ਮੁਸ਼ਕਲਾਂ ਆਈਆਂ। ਵੇਰਵਿਆਂ ਅਨੁਸਾਰ ਸੂਬੇ ਵਿੱਚ ਕਰੀਬ 75 ਥਾਵਾਂ ‘ਤੇ ਕਰੀਬ ਚਾਰ ਘੰਟੇ ਰੇਲ ਮਾਰਗ ਰੋਕੇ ਗਏ ਜਦੋਂ ਕਿ ਦੋ ਦਰਜਨ ਥਾਵਾਂ ‘ਤੇ ਸੜਕੀ ਆਵਾਜਾਈ ਠੱਪ ਕੀਤੀ ਗਈ।
ਜਾਣਕਾਰੀ ਅਨੁਸਾਰ ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਵਿੱਚ ਸੱਤ ਥਾਵਾਂ ‘ਤੇ ਮਹਿਲਾਵਾਂ ਵੀ ਰੇਲ ਮਾਰਗਾਂ ‘ਤੇ ਬੈਠੀਆਂ। ਬਰਨਾਲਾ ਦੇ ਰੇਲਵੇ ਸਟੇਸ਼ਨ ‘ਤੇ ਸਭ ਤੋਂ ਵੱਡਾ ਇਕੱਠ ਰਿਹਾ ਜਦੋਂ ਕਿ ਸੜਕੀ ਮਾਰਗਾਂ ‘ਚ ਕਾਲਾਝਾੜ ਟੌਲ ਪਲਾਜ਼ਾ ‘ਤੇ ਵੱਡੀ ਗਿਣਤੀ ਵਿੱਚ ਕਿਸਾਨ ਇਕੱਠ ਜੁੜਿਆ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਕਿਸਾਨ ਘੋਲ ਦੀਆਂ ਬਕਾਇਆਂ ਮੰਗਾਂ ਫ਼ਸਲਾਂ ਨੂੰ ਸਰਕਾਰੀ ਭਾਅ ਦੀ ਕਾਨੂੰਨੀ ਗਰੰਟੀ ਦੇਣੀ, ਘੋਲ ਦੌਰਾਨ ਦਰਜ ਕੇਸ ਰੱਦ ਕਰਨੇ ਅਤੇ ਲਖੀਮਪੁਰ ਖੀਰੀ ਦੇ ਮੁਲਜ਼ਮਾਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਇਹ ਪ੍ਰੋਗਰਾਮ ਉਲੀਕੇ ਗਏ ਸਨ।
ਇਸ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ), ਭਾਰਤੀ ਕਿਸਾਨ ਯੂਨੀਅਨ (ਡਕੌਂਦਾ), ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ), ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਤੇ ਦੋਆਬਾ ਕਿਸਾਨ ਯੂਨੀਅਨ ਸਮੇਤ ਹੋਰ ਜਥੇਬੰਦੀਆਂਨੇ ਧਰਨਿਆਂ ਦੀ ਅਗਵਾਈ ਕੀਤੀ।
ਸੰਯੁਕਤ ਕਿਸਾਨ ਮੋਰਚਾ ਵੱਲੋਂ ਦੇਸ਼ ਵਿੱਚ ਮੁਜ਼ਾਹਰੇ
ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਸੱਦੇ ਤਹਿਤ ਐਤਵਾਰ ਨੂੰ ਦੇਸ਼ ਭਰ ਵਿੱਚ ਰੋਸ ਮੁਜ਼ਾਹਰੇ ਅਤੇ ਚੱਕਾ ਜਾਮ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਵੱਲੋਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਕਿਸਾਨ ਆਗੂਆਂ ਡਾ. ਦਰਸ਼ਨਪਾਲ, ਹਨਨ ਮੌਲਾ, ਜੋਗਿੰਦਰ ਸਿੰਘ ਉਗਰਾਹਾਂ, ਯੁਧਵੀਰ ਸਿੰਘ ਅਤੇ ਯੋਗਿੰਦਰ ਯਾਦਵ ਨੇ ਦੱਸਿਆ ਕਿ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਉੜੀਸਾ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤਿਲੰਗਾਨਾ, ਕਰਨਾਟਕ, ਤਾਮਿਲਨਾਡੂ, ਗੁਜਰਾਤ, ਤ੍ਰਿਪੁਰਾ ਸਮੇਤ ਹੋਰ ਸੂਬਿਆਂ ਵਿੱਚ ਥਾਂ-ਥਾਂ ਰੋਸ ਪ੍ਰਦਰਸ਼ਨ ਕੀਤੇ ਗਏ।
ਇਸ ਦੌਰਾਨ ਕਿਸਾਨਾਂ ਨੇ ਘੱਟੋ-ਘੱਟ ਸਮਰਥਨ ਮੁੱਲ ਸਮੇਤ ਹੋਰ ਮੰਗਾਂ ਦੁਹਰਾਈਆਂ। ਉਨ੍ਹਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਗਨੀਪਥ ਯੋਜਨਾ ਦਾ ਪਰਦਾਫਾਸ਼ ਕਰਨ ਲਈ 7 ਅਗਸਤ ਤੋਂ 14 ਅਗਸਤ ਤੱਕ ਦੇਸ਼ ਭਰ ਵਿੱਚ ‘ਜੈ ਜਵਾਨ, ਜੈ ਕਿਸਾਨ’ ਸੰਮੇਲਨ ਕੀਤੇ ਜਾਣਗੇ। ਇਸੇ ਤਰ੍ਹਾਂ ਅਜੈ ਮਿਸ਼ਰਾ ਟੈਣੀ ਨੂੰ ਬਰਖਾਸਤ ਕਰਨ ਦੀ ਮੰਗ ਸਬੰਧੀ 18, 19, 20 ਅਗਸਤ ਨੂੰ ਲਖੀਮਪੁਰ ਖੀਰੀ ਵਿੱਚ 75 ਘੰਟੇ ਦਾ ਮੋਰਚਾ ਲਾਇਆ ਜਾਵੇਗਾ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …