ਏਅਰਲਾਈਨਜ਼ ‘ਤੇ ਹੁਣ ਰਹੇਗੀ ਸਿੱਧੀ ਨਜ਼ਰ
ਅੰਮ੍ਰਿਤਸਰ : ਡਾਇਰੈਕਟੋਰੇਟ ਜਨਰਲ ਆਫ ਸਿਵਿਲ ਏਵੀਏਸ਼ਨ (ਡੀਜੀਸੀਏ) ਜਲਦ ਹੀ ਅੰਮ੍ਰਿਤਸਰ ਵਿਚ ਆਪਣਾ ਦਫਤਰ ਖੋਲ੍ਹਣ ਜਾ ਰਿਹਾ ਹੈ। ਆਪਣੇ ਨਵੇਂ ਦਫਤਰ ਦੇ ਲਈ ਡੀਜੀਸੀਏ ਨੇ ਸਿਰਫ ਅੰਮ੍ਰਿਤਸਰ ਹੀ ਨਹੀਂ, ਭਾਰਤ ਦੇ ਹੋਰ ਪੰਜ ਸ਼ਹਿਰ ਵੀ ਚੁਣੇ ਹਨ, ਤਾਂ ਕਿ ਏਅਰਲਾਈਨਜ਼ ਕੰਪਨੀਆਂ ਦੀ ਮਨਮਾਨੀ ਅਤੇ ਗਲਤੀਆਂ ‘ਤੇ ਨਜ਼ਰ ਰੱਖੀ ਜਾ ਸਕੇ। ਹੁਣ ਤੱਕ ਪੰਜਾਬ ਵਿਚ ਡੀਜੀਸੀਏ ਸਿਰਫ ਪਟਿਆਲਾ ਵਿਚ ਹੀ ਹੈ। ਮਿਲੀ ਜਾਣਕਾਰੀ ਅਨੁਸਾਰ ਡੀਜੀਸੀਏ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਏਅਰਪੋਰਟ ‘ਤੇ ਦਫਤਰ ਖੋਲ੍ਹਣ ਜਾ ਰਿਹਾ ਹੈ। ਇਸਦਾ ਪ੍ਰਪੋਜ਼ਲ ਉਡਾਣ ਮੰਤਰਾਲੇ ਨੂੰ ਵੀ ਭੇਜ ਦਿੱਤਾ ਗਿਆ ਹੈ ਅਤੇ ਦਸੰਬਰ ਮਹੀਨੇ ਤੋਂ ਪਹਿਲਾਂ ਇਹ ਦਫਤਰ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਇਸ ਦਫਤਰ ਦਾ ਮੁੱਖ ਮਕਸਦ ਸਥਾਨਕ ਪੱਧਰ ‘ਤੇ ਨਿਗਰਾਨੀ, ਰਿਪੋਰਟ ਅਤੇ ਸੁਧਾਰ ਕਰਨਾ ਹੈ। ਇਸ ਦਫਤਰ ਦਾ ਫਾਇਦਾ ਇਹ ਹੋਵੇਗਾ, ਕਿ ਜਦੋਂ ਕੋਈ ਮੁਸ਼ਕਲ ਹੁੰਦੀ ਹੈ ਤਾਂ ਮਾਮਲੇ ਦੀ ਜਾਂਚ ਜਲਦੀ ਕੀਤੀ ਜਾ ਸਕੇਗੀ। ਧਿਆਨ ਰਹੇ ਕਿ ਅੰਮ੍ਰਿਤਸਰ ਤੋਂ ਇਲਾਵਾ ਡੀਜੀਸੀਏ ਆਪਣੇ ਦਫਤਰਾਂ ਨੂੰ ਅਹਿਮਦਾਬਾਦ, ਜੈਪੁਰ, ਅਗਰਤਲਾ, ਨਾਗਪੁਰ ਅਤੇ ਦੇਹਰਾਦੂਨ ਵਿਚ ਵੀ ਖੋਲ੍ਹਣ ਜਾ ਰਿਹਾ ਹੈ। ਹੁਣ ਤੱਕ ਡੀਜੀਸੀਏ ਦੇ ਭਾਰਤ ਵਿਚ ਕੁੱਲ 14 ਦਫਤਰ ਹਨ।