Breaking News
Home / ਪੰਜਾਬ / ਮਨੀਸ਼ ਤਿਵਾੜੀ ਨੇ ਕੇਂਦਰ ਸਰਕਾਰ ‘ਤੇ ਪੰਜਾਬ ਦੇ ਲੋਕਾਂ ਨਾਲ ਵਿਤਕਰਾ ਕਰਨ ਦੇ ਲਗਾਏ ਆਰੋਪ

ਮਨੀਸ਼ ਤਿਵਾੜੀ ਨੇ ਕੇਂਦਰ ਸਰਕਾਰ ‘ਤੇ ਪੰਜਾਬ ਦੇ ਲੋਕਾਂ ਨਾਲ ਵਿਤਕਰਾ ਕਰਨ ਦੇ ਲਗਾਏ ਆਰੋਪ

ਕਿਹਾ : ਕੇਂਦਰ ਸਰਕਾਰ ਅਡਾਨੀ ਗਰੁੱਪ ਨੂੰ ਪਹੁੰਚਾ ਰਹੀ ਹੈ ਫਾਇਦਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕੇਂਦਰ ਸਰਕਾਰ ‘ਤੇ ਅਡਾਨੀ ਸਮੂਹ ਨੂੰ ਫਾਇਦਾ ਪਹੁੰਚਾਉਣ ਲਈ ਪੰਜਾਬ ਦੇ ਲੋਕਾਂ ਨਾਲ ਵਿਤਕਰਾ ਕਰਨ ਦਾ ਆਰੋਪ ਲਾਇਆ ਹੈ। ਲੋਕ ਸਭਾ ਵਿੱਚ ਜ਼ਰੂਰੀ ਜਨਤਕ ਮਹੱਤਵ ਦੇ ਮਾਮਲੇ ‘ਤੇ ਬੋਲਦਿਆਂ ਤਿਵਾੜੀ ਨੇ ਕਿਹਾ ਕਿ ਬਿਜਲੀ ਪੈਦਾ ਕਰਨ ਲਈ ਪੰਜਾਬ ਮਹਾਨਦੀ ਕੋਲਫੀਲਡ ਤੋਂ ਕੋਲੇ ਦੀ ਖਰੀਦ ਕਰਦਾ ਹੈ। ‘ਜੇਕਰ ਉਸ ਕੋਇਲੇ ਨੂੰ ਰੇਲ ਮਾਰਗ ਰਾਹੀਂ ਸਿੱਧਾ ਪੰਜਾਬ ਲਿਆਂਦਾ ਜਾਂਦਾ ਹੈ ਤਾਂ ਉਸ ਨੂੰ 1,830 ਕਿਲੋਮੀਟਰ ਦੀ ਦੂਰੀ ਤੈਅ ਕਰਨੀ ਪੈਂਦੀ ਹੈ। ਬਿਜਲੀ ਮੰਤਰਾਲੇ ਨੇ 30 ਨਵੰਬਰ, 2022 ਨੂੰ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਉਹ ਰੇਲ ਰਾਹੀਂ ਸਿੱਧਾ ਕੋਲਾ ਨਹੀਂ ਲੈ ਸਕਦਾ ਹੈ ਅਤੇ ਕੋਇਲੇ ਨੂੰ ਪਹਿਲਾਂ ਪਰਾਦੀਪ ਬੰਦਰਗਾਹ ਤੱਕ ਲੈ ਕੇ ਜਾਣਾ ਹੋਵੇਗਾ। ਫਿਰ ਸ੍ਰੀਲੰਕਾ ਨੂੰ ਜਾਂਦੇ ਜਲ ਮਾਰਗ ਰਾਹੀਂ ਦਹੇਜ ਅਤੇ ਮੁੰਦਰਾ ‘ਚ ਅਡਾਨੀ ਦੀਆਂ ਬੰਦਰਗਾਹਾਂ ‘ਤੇ ਪਹੁੰਚਣਾ ਹੋਵੇਗਾ। ਇਸ ਮਗਰੋਂ ਉਥੋਂ ਰੇਲ ਮਾਰਗ ਰਾਹੀਂ 1,500 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪੰਜਾਬ ਤੱਕ ਕੋਲਾ ਲਿਜਾਣਾ ਪਵੇਗਾ।’
ਕਾਂਗਰਸੀ ਮੈਂਬਰ ਨੇ ਆਰੋਪ ਲਾਇਆ ਕਿ ਸਰਕਾਰ ਅਡਾਨੀ ਨੂੰ ਫਾਇਦਾ ਪਹੁੰਚਾਉਣ ਲਈ ਪੰਜਾਬ ਸਰਕਾਰ ਅਤੇ ਸੂਬੇ ਦੇ ਲੋਕਾਂ ਨਾਲ ‘ਵਿਤਕਰਾ’ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ, ”ਕੋਲੇ ਦੀ ਢੋਆ-ਢੁਆਈ ਦੀ ਲਾਗਤ 4,350 ਰੁਪਏ ਪ੍ਰਤੀ ਟਨ ਤੋਂ ਵਧ ਕੇ 6,750 ਰੁਪਏ ਪ੍ਰਤੀ ਟਨ ਹੋ ਗਈ ਹੈ। ਇਕ ਕਿਲੋਵਾਟ ਬਿਜਲੀ ਦੀ ਕੀਮਤ 3.6 ਰੁਪਏ ਤੋਂ ਵਧ ਕੇ 5 ਰੁਪਏ ਹੋ ਗਈ ਹੈ।” ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਨੇ ਸਰਕਾਰ ਨੂੰ ਇਹ ਨਿਰਦੇਸ਼ ਵਾਪਸ ਲੈਣ ਅਤੇ ਮਹਾਨਦੀ ਕੋਲਫੀਲਡਜ਼ ਤੋਂ ਸਿੱਧੇ ਰੇਲ ਮਾਰਗ ਰਾਹੀਂ ਕੋਲੇ ਦੀ ਖਰੀਦ ਕਰਨ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਹੈ।

Check Also

ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਏਅਰਪੋਰਟ ਤੋਂ ਰਾਤ ਦੀਆਂ ਫਲਾਇਟਾਂ ਵੀ ਹੋਣਗੀਆਂ ਸ਼ੁਰੂ

ਏਅਰਪੋਰਟ ਅਥਾਰਟੀ ਨੇ ਰਾਤ ਦੀਆਂ ਉਡਾਣਾਂ ਲਈ ਪੂਰੀਆਂ ਕੀਤੀਆਂ ਤਿਆਰੀਆਂ ਚੰਡੀਗੜ੍ਹ/ਬਿਊਰੋ ਨਿਊਜ਼ : ਵਿਦੇਸ਼ ਜਾਣ …