ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੇ ਵਿਧਾਇਕ ਕੋਹਲੀ ਵੱਲੋਂ ਸ਼ਰਧਾਂਜਲੀ ਭੇਟ
ਪਟਿਆਲਾ : ਪਿਛਲੇ ਦਿਨੀਂ ਵਿਦਿਆਰਥੀ ਵਜੋਂ ਕੈਨੇਡਾ ਪਹੁੰਚ ਕੇ ਉੱਥੇ ਦੂਜੇ ਦਿਨ ਹੀ ਦਿਲ ਦਾ ਦੌਰਾ ਪੈਣ ਕਾਰਨ ਫੌਤ ਹੋਏ ਪਟਿਆਲਾ ਵਾਸੀ ਹਰਅਸੀਸ ਸਿੰਘ ਬਿੰਦਰਾ ਦਾ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਮੌਜੂਦ ਹਰਅਸੀਸ ਸਿੰਘ ਦੇ ਮਾਤਾ ਕੰਵਲਜੀਤ ਕੌਰ, ਚਾਚਾ ਆਈਐਸ ਬਿੰਦਰਾ, ਨਾਨਾ ਤੇਜਿੰਦਰ ਸਿੰਘ ਅਤੇ ਮਾਮਾ ਵਰਿੰਦਰਪਾਲ ਸਿੰਘ ਸਣੇ ਹੋਰ ਪਰਿਵਾਰਕ ਮੈਂਬਰਾਂ ਨੇ ਹਰਅਸੀਸ ਨੂੰ ਅੰਤਿਮ ਵਿਦਾਈ ਦਿੱਤੀ। ਇਸ ਮੌਕੇ ਸਰਕਾਰ ਦੀ ਤਰਫ਼ੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਮੁੱਖ ਮੰਤਰੀ ਦਫ਼ਤਰ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ ਅਤੇ ਵਿਧਾਇਕ ਅਜੀਤਪਾਲ ਕੋਹਲੀ, ਪ੍ਰਸ਼ਾਸਨ ਦੀ ਤਰਫ਼ੋਂ ਡਿਪਟੀ ਕਮਿਸ਼ਨਰ ਸਾਕਸੀ ਸਾਨੀ ਅਤੇ ਪੁਲਿਸ ਵੱਲੋਂ ਐਸਪੀ ਸਿਟੀ ਵਜੀਰ ਸਿੰਘ ਖਹਿਰਾ ਨੇ ਮ੍ਰਿਤਕ ਦੇਹ ‘ਤੇ ਫੁੱਲ ਮਾਲਾਵਾਂ ਰੱਖ ਕੇ ਸ਼ਰਧਾਂਜਲੀ ਅਰਪਿਤ ਕੀਤੀ। ਮ੍ਰਿਤਕ ਦੇ ਚਾਚਾ ਆਈਐਸ ਬਿੰਦਰਾ ਨੇ ਦੱਸਿਆ ਕਿ ਹਰਅਸੀਸ ਸਿੰਘ 26 ਦਸੰਬਰ ਨੂੰ ਇੱਥੋਂ ਸਟੱਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ। ਉੱਥੇ ਪਹੁੰਚਣ ਤੋਂ ਦੂਜੇ ਦਿਨ ਹੀ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਘਟਨਾ ਉਦੋਂ ਵਾਪਰੀ, ਜਦੋਂ ਉਹ ਮੋਬਾਈਲ ਫੋਨ ਵਾਸਤੇ ਕੈਨੇਡੀਅਨ ਸਿੰਮ ਲੈਣ ਲਈ ਲਾਈਨ ਵਿਚ ਲੱਗਾ ਹੋਇਆ ਸੀ। ਇਸ ਦੌਰਾਨ ਉਹ ਚੱਕਰ ਖਾ ਕੇ ਡਿੱਗ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਾਂਚ ‘ਚ ਪਤਾ ਲੱਗਾ ਕਿ ਉਸ ਨੂੰ ਦਿਲ ਦਾ ਦੌਰਾ ਪਿਆ। ਇਸੇ ਦੌਰਾਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ‘ਚ ਪੀੜਤ ਪਰਿਵਾਰ ਦੇ ਨਾਲ ਖੜ੍ਹੀ ਹੈ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਤਾਪ ਬਾਜਵਾ ਨੂੰ ਬੰਬ ਵਾਲੇ ਬਿਆਨ ’ਤੇ ਘੇਰਿਆ
ਬਾਜਵਾ ਖਿਲਾਫ਼ ਬਣਦੀ ਕਾਰਵਾਈ ਕਰਨ ਦੀ ਦਿੱਤੀ ਚੇਤਾਵਨੀ ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ …