ਕੌਂਸਲਰਾਂ, ਸਰਪੰਚਾਂ ਤੇ ਸਕੂਲ ਕਮੇਟੀ ਨੇ ਮਤਾ ਪਾਸ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ
ਫਿਰੋਜ਼ਪੁਰ : ਫਿਰੋਜ਼ਪੁਰ ਸ਼ਹਿਰ ਵਿਚ 123 ਸਾਲ ਪੁਰਾਣੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੂੰ ਸਿੱਖਿਆ ਵਿਭਾਗ ਵਲੋਂ ਸਕੂਲ ਆਫ ਐਮੀਨੈਂਸ ਬਣਾਏ ਜਾਣ ਦਾ ਵਿਰੋਧ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਸਕੂਲ ਨੂੰ ਐਮੀਨੈਂਸ ਬਣਾਏ ਜਾਣ ਦੇ ਵਿਰੋਧ ਵਿਚ ਲੰਘੇ ਕਈ ਦਿਨਾਂ ਤੋਂ ਮਾਪਿਆਂ ਵਲੋਂ ਰੋਸ ਜ਼ਾਹਰ ਕੀਤਾ ਜਾ ਰਿਹਾ ਸੀ, ਪਰ ਹੁਣ 20 ਤੋਂ ਜ਼ਿਆਦਾ ਕੌਂਸਲਰਾਂ, ਸਰਪੰਚਾਂ ਅਤੇ ਸਕੂਲ ਮੈਨੇਜਮੈਂਟ ਕਮੇਟੀ ਵਲੋਂ ਇਸਦਾ ਵਿਰੋਧ ਕੀਤਾ ਗਿਆ ਹੈ। ਕੌਂਸਲਰਾਂ, ਸਰਪੰਚਾਂ ਅਤੇ ਮਾਪਿਆਂ ਵਲੋਂ ਲੜਕੀਆਂ ਦੇ ਸਕੂਲ ਨੂੰ ਕੋਇਡ ਨਾ ਕੀਤੇ ਜਾਣ ਸਬੰਧੀ ਮਤਾ ਪਾਸ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲ ਨੂੰ ਕੇਵਲ ਲੜਕੀਆਂ ਦੇ ਲਈ ਹੀ ਚਲਾਇਆ ਜਾਏ, ਕੰਨਿਆ ਸਕੂਲ ਨੂੰ ਕੋਇਡ ਨਾ ਕੀਤਾ ਜਾਏ। ਸ਼ਹਿਰੀ ਖੇਤਰ ਦੇ ਕੌਂਸਲਰਾਂ, ਸਰਪੰਚਾਂ ਅਤੇ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ 123 ਸਾਲ ਪੁਰਾਣੇ ਸਕੂਲ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੜਕੀਆਂ ਪੜ੍ਹ ਲਿਖ ਕੇ ਆਪਣਾ ਭਵਿੱਖ ਬਣਾ ਚੁੱਕੀਆਂ ਹਨ ਤਾਂ ਸਰਕਾਰ ਹੁਣ ਲੜਕੀਆਂ ਦੇ ਭਵਿੱਖ ਦੇ ਨਾਲ ਖਿਲਵਾੜ ਕਰਨ ‘ਤੇ ਕਿਉਂ ਤੁਲੀ ਹੈ।
ਇਲਾਕੇ ਦੀਆਂ ਮਾਣਯੋਗ ਸ਼ਖ਼ਸੀਅਤਾਂ ਦਾ ਕਹਿਣਾ ਹੈ ਕਿ ਸਰਕਾਰੀ ਸਕੂਲਾਂ ਵਿਚ ਪਹਿਲਾਂ ਤੋਂ ਹੀ ਆਰਥਿਕ ਤੌਰ ‘ਤੇ ਕਮਜ਼ੋਰ ਅਤੇ ਕੁਝ ਮੱਧ ਵਰਗ ਦੇ ਪਰਿਵਾਰਾਂ ਦੀਆਂ ਲੜਕੀਆਂ ਪੜ੍ਹ ਰਹੀਆਂ ਹਨ। ਮਾਪੇ ਲੜਕੀਆਂ ਦੇ ਸਕੂਲ ਦੇ ਚੱਲਦਿਆਂ ਆਪਣੀਆਂ ਬੱਚੀਆਂ ਨੂੰ ਬਿਨਾ ਕਿਸੇ ਡਰ ਦੇ ਸਕੂਲ ਭੇਜ ਕੇ ਆਪਣੇ ਕੰਮਕਾਜ ‘ਤੇ ਚਲੇ ਜਾਂਦੇ ਹਨ।
ਕੰਨਿਆ ਸਕੂਲ ਹੋਣ ਦੇ ਕਾਰਨ ਉਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਹੁੰਦਾ ਕਿ ਬੇਟੀ ਨੂੰ ਕੋਈ ਮੁਸ਼ਕਲ ਹੋਵੇਗੀ, ਕਿਉਂਕਿ ਉਹ ਲੜਕੀਆਂ ਦੇ ਨਾਲ ਹੀ ਸਕੂਲ ਜਾ ਰਹੀ ਹੈ, ਉਨ੍ਹਾਂ ਦੇ ਨਾਲ ਹੀ ਪੜ੍ਹ ਰਹੀ ਹੈ। ਸਰਕਾਰ ਇਸ ਸਕੂਲ ਵਿਚ ਕੋਇਡ ਲਾਗੂ ਕਰਕੇ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਨਾਅਰੇ ਦੀਆਂ ਧੱਜੀਆਂ ਉਡਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਵੱਲ ਧਿਆਨ ਦੇਵੇ, ਨਹੀਂ ਤਾਂ ਇਸਦੇ ਖਿਲਾਫ ਸੰਘਰਸ਼ ਕੀਤਾ ਜਾਵੇਗਾ।