ਗੈਂਗਸਟਰ ਲਾਰੈਂਸ ਅਤੇ ਲਖਬੀਰ ਲੰਡਾ ਨਾਲ ਵੀ ਸਬੰਧ, ਬੈਂਕ ਡਿਟੇਲ ਦੇ ਆਧਾਰ ’ਤੇ ਐਸਐਸਓਸੀ ਨੇ ਕੀਤਾ ਗਿ੍ਰਫ਼ਤਾਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਕ ਵਿਦਿਆਰਥੀ ਅਰਸ਼ਦੀਪ ਸਿੰਘ ਨੂੰ ਟੈਰਰ ਫੰਡਿੰਗ ਮਾਮਲੇ ਵਿਚ ਗਿ੍ਰਫ਼ਤਾਰ ਕੀਤਾ ਗਿਆ ਹੈ। ਗਿ੍ਰਫ਼ਤਾਰ ਕੀਤੇ ਗਏ ਅਰਸ਼ਦੀਪ ਦੀ ਪਹਿਚਾਣ ਮੂਲਰੂਪ ਨਾਲ ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ਨਾਲ ਦੱਸੀ ਜਾ ਰਹੀ ਹੈ। ਉਹ ਪੰਜਾਬ ਯੂਨੀਵਰਸਿਟੀ ’ਚ ਐਮ ਏ ਦੀ ਪੜ੍ਹਾਈ ਕਰ ਰਿਹਾ ਹੈ ਅਤੇ ਉਸ ਨੂੰ ਗੁਪਤ ਜਾਣਕਾਰੀ ਦੇ ਆਧਾਰ ’ਤੇ ਸਪੈਸ਼ਲ ਸੈਲ ਨੇ ਚੰਡੀਗੜ੍ਹ ਤੋਂ ਗਿ੍ਰਫ਼ਤਾਰ ਕੀਤਾ। ਐਸਐਸਓਸੀ ਵੱਲੋਂ ਕੀਤੀ ਗਈ ਜਾਂਚ ਦੌਰਾਨ ਪਤਾ ਚਲਿਆ ਹੈ ਕਿ ਆਰੋਪੀ ਅਰਸ਼ਦੀਪ ਸਿੰਘ ਦੇ ਸਬੰਧ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਲਖਬੀਰ ਸਿੰਘ ਲੰਡਾ ਨਾਲ ਵੀ ਹਨ। ਆਰੋਪੀ ਦਾ ਨੈਟਵਰਕ ਕਿਹੜੇ ਲੋਕਾਂ ਨਾਲ ਹੈ ਅਤੇ ਉਹ ਕਿਸ ਸਾਜ਼ਿਸ਼ ਨੂੰ ਅੰਜ਼ਾਮ ਦੇਣ ਦੀ ਤਾਕ ਵਿਚ ਸੀ, ਇਸ ਦੀ ਜਾਂਚ ਏਜੰਸੀ ਵੱਲੋਂ ਕੀਤੀ ਜਾ ਰਹੀ ਹੈ। ਜਾਂਚ ਏਜੰਸੀ ਨੂੰ ਇਹ ਵੀ ਪਤਾ ਲੱਗਿਆ ਹੈ ਕਿ ਆਈ ਐਸ ਆਈ ਦੇ ਗੁਰਗਿਆਂ ਵੱਲੋਂ ਅਰਸ਼ਦੀਪ ਸਿੰਘ ਦੇ ਬੈਂਕ ਖਾਤੇ ’ਚ ਪੈਸੇ ਜਮ੍ਹਾਂ ਕਰਵਾਏ ਜਾ ਰਹੇ ਸਨ। ਉਸ ਦੇ ਬੈਂਕ ਖਾਤੇ ਦੀ ਜਾਣਕਾਰੀ ਦੇ ਆਧਾਰ ’ਤੇ ਹੀ ਉਸ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਆਰੋਪੀ ਨੂੰ ਦੁਬਈ, ਅਮਰੀਕਾ, ਫਿਲੀਪਾਈਨਜ਼, ਇਟਲੀ ਅਤੇ ਅਮਰੀਕਾ ’ਚ ਰਹੇ ਮੂਲ ਨਾਲ ਪੰਜਾਬ ਨਿਵਾਸੀ ਆਈਐਸਆਈ ਦੇ ਲਈ ਟੈਰਰ ਫੰਡਿੰਗ ਅਤੇ ਹਥਿਆਰਾਂ ਦੀ ਸਪਲਾਈ ਦਾ ਕੰਮ ਕਰਨ ਵਾਲੇ ਸਲੀਪਰ ਸੈਲ ਦੇ ਜਰੀਏ ਟੈਰਰ ਫੰਡਿੰਗ ਕੀਤੀ ਜਾ ਰਹੀ ਸੀ। ਆਰੋਪੀ ਤੋਂ ਪੁੱਛਗਿੱਛ ਦੇ ਲਈ ਐਸਐਸਓਸੀ ਨੇ ਕੋਰਟ ਤੋਂ ਉਸ ਦਾ 3 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।