ਕਾਂਗਰਸ ਪਾਰਟੀ ਛੱਡ ਭਾਜਪਾ ਵਿਚ ਸ਼ਾਮਲ ਹੋਏ ਸਨ ਚਾਰੋਂ ਆਗੂ, ਮਿਲੀ ਐਕਸ ਸ਼੍ਰੇਣੀ ਦੀ ਸੁਰੱਖਿਆ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ’ਚ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ 4 ਸਾਬਕਾ ਮੰਤਰੀਆਂ ਦੀ ਸੁਰੱਖਿਆ ਵਿਚ ਵਾਧਾ ਕੀਤਾ ਗਿਆ ਹੈ। ਇਨ੍ਹਾਂ ਚਾਰੋਂ ਆਗੂਆਂ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਦੀ ਮਨਜ਼ੂਰੀ ਤੋਂ ਬਾਅਦ ਐਕਸ ਸ਼ੇ੍ਰਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਇਨ੍ਹਾਂ ਆਗੂਆਂ ’ਚ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੱਧੂ ਸਮੇਤ ਗੁਰਪ੍ਰੀਤ ਸਿੰਘ ਕਾਂਗੜ, ਜਗਦੀਪ ਸਿੰਘ ਨਕਈ ਅਤੇ ਸਾਬਕਾ ਐਮ ਐਲ ਏ ਅਮਰਜੀਤ ਸਿੰਘ ਟਿੱਕਾ ਸ਼ਾਮਲ ਹਨ। ਆਈਬੀ ਵੱਲੋਂ ਇਨ੍ਹਾਂ ਭਾਜਪਾ ਆਗੂਆਂ ’ਤੇ ਹਮਲਾ ਹੋਣ ਦੇ ਸ਼ੱਕ ਦੇ ਚਲਦਿਆਂ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸੁਰੱਖਿਆ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਆਈਬੀ ਦੀ ਰਿਪੋਰਟ ਅਨੁਸਾਰ ਇਨ੍ਹਾਂ ਆਗੂਆਂ ’ਤੇ ਕਿਸੇ ਵੀ ਸਮੇਂ ਹਮਲਾ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਸੀ, ਜਿਸ ਦੇ ਚਲਦਿਆਂ ਇਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੀ ਸਿਫਾਰਸ਼ ’ਤੇ ਕੇਂਦਰ ਸਰਕਾਰ ਵੱਲੋਂ ਅਮਲ ਕੀਤਾ ਗਿਆ ਹੈ। ਧਿਆਨ ਰਹੇ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 ਦੌਰਾਨ ਇਨ੍ਹਾਂ ਆਗੂਆਂ ਵੱਲੋਂ ਕਾਂਗਰਸ ਪਾਰਟੀ ਦੀ ਟਿਕਟ ’ਤੇ ਹੀ ਚੋਣ ਲੜੀ ਗਈ ਸੀ। ਪ੍ਰੰਤੂ ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੀ ਹੋਈ ਹਾਰ ਤੋਂ ਬਾਅਦ ਇਹ ਚਾਰੋਂ ਆਗੂ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ ਸਨ। ਲੰਘੇ ਦਿਨੀਂ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦੀ ਜਾਨ ਨੂੰ ਵੀ ਖਤਰਾ ਦੱਸਿਆ ਗਿਆ ਸੀ, ਜਿਸ ਦੇ ਚਲਦਿਆਂ ਉਨ੍ਹਾਂ ਦੀ ਮੁਹਾਲੀ ਸਥਿਤ ਰਿਹਾਇਸ਼ ’ਤੇ ਵੀ ਸੁਰੱਖਿਆ ਵਧਾ ਦਿੱਤੀ ਗਈ ਸੀ।