-7.6 C
Toronto
Friday, December 26, 2025
spot_img
Homeਪੰਜਾਬਪੰਜਾਬ 'ਚ ਮੁੱਖ ਮੰਤਰੀ ਦੀ ਕੁਰਸੀ 'ਤੇ ਕਾਬਜ਼ ਰਹੇ ਕਿਸਾਨ ਪਰਿਵਾਰ

ਪੰਜਾਬ ‘ਚ ਮੁੱਖ ਮੰਤਰੀ ਦੀ ਕੁਰਸੀ ‘ਤੇ ਕਾਬਜ਼ ਰਹੇ ਕਿਸਾਨ ਪਰਿਵਾਰ

ਅੰਮ੍ਰਿਤਸਰ/ਬਿਊਰੋ ਨਿਊਜ਼ : 11 ਮਾਰਚ ਨੂੰ ਚੋਣ ਨਤੀਜਿਆਂ ਬਾਅਦ ਪੰਜਾਬ ਵਿਚ ਨਵੀਂ ਸਰਕਾਰ ਦਾ ਗਠਨ ਹੋ ਰਿਹਾ ਹੈ, ਜਿਸ ਦੀ ਸੂਬੇ ਦੇ ਲੋਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ। 1947 ਤੋਂ ਬਾਅਦ ਅਣਵੰਡੇ ਪੰਜਾਬ ਤੇ ਪੰਜਾਬੀ ਸੂਬਾ ਬਣਨ ਬਾਅਦ ਸੂਬੇ ਦੀ ਵਾਗਡੋਰ ਵੱਖ-ਵੱਖ ਹੱਥਾਂ ਵਿਚ ਰਹੀ। ਸਾਂਝੇ ਪੰਜਾਬ ਦੇ ਚਾਰ ਮੁੱਖ ਮੰਤਰੀ ਬਣੇ। ਆਜ਼ਾਦੀ ਪਿੱਛੋਂ 1947 ਵਿਚ ਗੋਪੀ ਚੰਦ ਭਾਰਗੋ ਪਹਿਲੇ ਮੁੱਖ ਮੰਤਰੀ ਬਣੇ। ਉਨਾਂ ਬਾਅਦ ਭੀਮ ਸੈਨ ਸੱਚਰ, ਪ੍ਰਤਾਪ ਸਿੰਘ ਕੈਰੋਂ ਅਤੇ ਕਾਮਰੇਡ ਰਾਮ ਕਿਸ਼ਨ ਮੁੱਖ ਮੰਤਰੀ ਬਣੇ। ਅਣਵੰਡੇ ਪੰਜਾਬ ਦੇ ਸਭ ਤੋਂ ਲੰਮਾ ਸਮਾਂ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਰਹੇ। ਪੰਜਾਬ ਸੂਬਾ 1-11-1966 ਨੂੰ ਬਣਨ ‘ਤੇ ਥੋੜੇ ਸਮੇਂ ਲਈ ਪਹਿਲੇ ਮੁੱਖ ਮੰਤਰੀ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਬਣੇ। ਇਸ ਤਰਾਂ ਹੁਣ ਤਕ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ, ਲਛਮਣ ਸਿੰਘ ਗਿੱਲ, ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ ਬਣੇ।
ਕਾਂਗਰਸ ਦੇ ਗਿਆਨੀ ਜੈਲ ਸਿੰਘ, ਦਰਬਾਰਾ ਸਿੰਘ, ਬੇਅੰਤ ਸਿੰਘ, ਹਰਚਰਨ ਸਿੰਘ ਬਰਾੜ, ਬੀਬੀ ਰਾਜਿੰਦਰ ਕੌਰ ਭੱਠਲ, ਕੈਪਟਨ ਅਮਰਿੰਦਰ ਸਿੰਘ ਨੂੰ ਬਣਨ ਦਾ ਮੌਕਾ ਮਿਲਿਆ। ਇਸ ਤਰਾਂ ਪੰਜਾਬੀ ਸੂਬੇ ਬਾਅਦ 4 ਮੁੱਖ ਮੰਤਰੀ ਅਕਾਲੀਆਂ ਦੇ ਬਣੇ ਅਤੇ ਸਭ ਤੋਂ ਲੰਮਾ ਸਮਾਂ ਰਾਜ ਪਰਕਾਸ਼ ਸਿੰਘ ਬਾਦਲ ਨੇ ਕੀਤਾ। ਕਾਂਗਰਸ ਦੇ 6 ਮੁੱਖ ਮੰਤਰੀ ਬਣੇ।
ਜ਼ਿਕਰਯੋਗ ਹੈ ਕਿ ਆਜ਼ਾਦੀ ਬਾਅਦ ਲੰਮਾ ਸਮਾਂ ਪੰਜਾਬ ਦੀ ਸਿਆਸਤ ਕਿਸਾਨ ਸਿੱਖ ਪਰਿਵਾਰਾਂ ਦੁਆਲੇ ਹੀ ਘੁੰਮਦੀ ਰਹੀ ਹੈ। ਗਿਆਨੀ ਜੈਲ ਸਿੰਘ ਨੂੰ ਛੱਡ ਕੇ ਪੰਜਾਬ ਦੇ ਹੁਣ ਤਕ ਦੇ ਮੁੱਖ ਮੰਤਰੀ ਵੀ ਕਿਸਾਨੀ ਪਰਿਵਾਰਾਂ ਵਿਚੋਂ ਹੀ ਆਏ। ਅਣਵੰਡੇ ਪੰਜਾਬ ਦੌਰਾਨ ਹੀ ਭੀਮ ਸੈਨ ਸੱਚਰ, ਗੋਪੀ ਚੰਦ ਭਾਰਗੋ ਅਤੇ ਕਾਮਰੇਡ ਰਾਮ ਕਿਸ਼ਨ ਗੈਰ ਕਿਸਾਨ ਮੁੱਖ ਮੰਤਰੀ ਬਣੇ। ਸੰਨ 1955 ਤੇ 1964 ਤਕ ਪ੍ਰਤਾਪ ਸਿੰਘ ਕੈਰੋਂ ਨੇ ਬੜੇ ਗੜਕੇ ਨਾਲ ਰਾਜ ਕੀਤਾ ਜਿਨਾਂ ਨੂੰ ਅੱਜ ਵੀ ਬੜੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਪੰਜਾਬੀ ਸੂਬਾ ਬਣਨ ਬਾਅਦ ਸੰਨ 1972 ਵਿਚ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਗ਼ੈਰ-ਕਿਸਾਨ ਬਣੇ। ਪੰਜਾਬ ਦੇ ਪੰਜ ਵਾਰੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਦੋ ਵਾਰੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਬਣੇ।
ਕੈਪਟਨ ਅਮਰਿੰਦਰ ਸਿੰਘ ਮਹਾਰਾਜਾ ਪਟਿਆਲਾ ਖ਼ਾਨਦਾਨ ਤੇ ਪ੍ਰਕਾਸ਼ ਸਿੰਘ ਬਾਦਲ, ਹਰਚਰਨ ਸਿੰਘ ਬਰਾੜ ਵੱਡੀ ਕਿਸਾਨੀ ਨਾਲ ਸਬੰਧਤ ਹਨ। ਬਾਕੀ ਪੰਜਾਬ ਦੇ ਹੁਣ ਤੱਕ ਬਣੇ ਮੁੱਖ ਮੰਤਰੀਆਂ ਗਿਆਨੀ ਗੁਰਮੁਖ ਸਿੰਘ ਮੁਸਾਫਰ, ਜਸਟਿਸ ਗੁਰਨਾਮ ਸਿੰਘ, ਲਛਮਣ ਸਿੰਘ ਗਿੱਲ, ਸੁਰਜੀਤ ਸਿੰਘ ਬਰਨਾਲਾ, ਦਰਬਾਰਾ ਸਿੰਘ, ਬੇਅੰਤ ਸਿੰਘ, ਬੀਬੀ ਰਾਜਿੰਦਰ ਕੌਰ ਭੱਠਲ ਆਮ ਪਰਿਵਾਰਾਂ ਨਾਲ ਹੀ ਸਬੰਧਤ ਹਨ।ਸਿੱਖ ਇਤਿਹਾਸ ਵਿਚ ਪਹਿਲੀ ਵਾਰੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦਾ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਉਨਾਂ ਦਾ ਸਿੱਧਾ-ਅਸਿੱਧਾ ਕੰਟਰੋਲ ਰਿਹਾ। ਇਸ ਤੋਂ ਪਹਿਲਾਂ ਜਥੇਦਾਰ ਮੋਹਨ ਸਿੰਘ ਤੁੜ, ਗੁਰਚਰਨ ਸਿੰਘ ਟੌਹੜਾ, ਸੰਤ ਹਰਚੰਦ ਸਿੰਘ ਲੌਂਗੋਵਾਲ, ਜਥੇਦਾਰ ਜਗਦੇਵ ਸਿੰਘ ਤਲਵੰਡੀ ਵਰਗੇ ਆਗੂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਤੇ ਕੰਟਰੋਲ ਰਿਹਾ।

RELATED ARTICLES
POPULAR POSTS