ਵੀ ਕੇ ਭਾਵਰਾ ਦੋ ਮਹੀਨੇ ਦੀ ਛੁੱਟੀ ’ਤੇ ਗਏ, ਗੌਰਵ ਯਾਦਵ ਜਾਂ ਹਰਪ੍ਰੀਤ ਸਿੱਧੂ ਨੂੰ ਮਿਲੇਗਾ ਚਾਰਜ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਨੂੰ ਜਲਦੀ ਹੀ ਨਵਾਂ ਡੀਜੀਪੀ ਮਿਲੇਗਾ। ਮੌਜੂਦਾ ਡੀਜੀਪੀ ਵੀ ਕੇ ਭਾਵਰਾ ਕੇਂਦਰ ’ਚ ਜਾਣਗੇ। ਉਨ੍ਹਾਂ ਨੇ ਕੇਂਦਰੀ ਡੈਪੂਟੇਸ਼ਨ ਦੀ ਮੰਗ ਕੀਤੀ ਸੀ, ਜਿਸ ਨੂੰ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਮਨਜ਼ੂਰ ਕਰ ਲਿਆ ਹੈ ਅਤੇ ਵੀ ਕੇ ਭਾਵਰਾ ਦੋ ਮਹੀਨੇ ਲਈ 5 ਜੁਲਾਈ ਤੋਂ ਉਹ ਛੁੱਟੀ ’ਤੇ ਚਲੇ ਜਾਣਗੇ, ਜਿਸ ਤੋਂ ਬਾਅਦ ਗੌਰਵ ਯਾਦਵ ਜਾਂ ਹਰਪ੍ਰੀਤ ਸਿੱਧੂ ਨੂੰ ਕਾਰਜਕਾਰੀ ਡੀਜੀਪੀ ਦਾ ਚਾਰਜ ਦਿੱਤਾ ਜਾ ਸਕਦਾ ਹੈ। ਇਸ ਦੌੜ ’ਚ ਡੀਜੀਪੀ ਸ਼ਰਦ ਸੱਤਿਆ ਚੌਹਾਨ ਅਤੇ ਸੰਜੀਵ ਕਾਲੜਾ ਦਾ ਨਾਮ ਵੀ ਸ਼ਾਮਲ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਡੀਜੀਪੀ ਵੀ ਕੇ ਭਾਵਰਾ ਤੋਂ ਨਾਖੁਸ਼ ਚੱਲ ਰਹੀ ਹੈ, ਜਿਸ ਦਾ ਵੱਡਾ ਕਾਰਨ ਪੰਜਾਬ ’ਚ ਪੈਦਾ ਹੋਈ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਦੱਸਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦਾ ਮੰਨਣਾ ਹੈ ਕਿ ਲਾਅ ਐਂਡ ਆਰਡਰ ਅਤੇ ਖਾਸ ਕਰਕੇ ਸਿੱਧੂ ਮੂਸੇਵਾਲਾ ਦੀ ਹੱਤਿਆ ਕਾਰਨ ਆਮ ਆਦਮੀ ਪਾਰਟੀ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਹਾਰੀ ਹੈ, ਜਿਸ ਦੇ ਜ਼ਿੰਮੇਵਾਰ ਪੰਜਾਬ ਪੁਲਿਸ ਦੇ ਮੁਖੀ ਹਨ।