ਦੇਸ਼-ਵਿਦੇਸ਼ ਵਸਦੇ ਸਿੱਖਾਂ ਵੱਲੋਂ ਘਟਨਾ ਦਾ ਵਿਰੋਧ
ਅੰਮ੍ਰਿਤਸਰ : ਪਾਕਿਸਤਾਨ ਦੇ ਹਸਨ ਅਬਦਾਲ ਸਥਿਤ ਗੁਰਦੁਆਰਾ ਪੰਜਾ ਸਾਹਿਬ ‘ਚ ਫਿਲਮ ਦੀ ਸ਼ੂਟਿੰਗ ਲਈ ਪਹੁੰਚੀ ਟੀਮ ਵੱਲੋਂ ਜੁੱਤੀਆਂ ਪਾ ਕੇ ਗੁਰਦੁਆਰਾ ਕੰਪਲੈਕਸ ਵਿਚ ਦਾਖ਼ਲ ਹੋਣ ਤੇ ਗੁਰੂ ਘਰ ਦੀ ਮਰਿਆਦਾ ਭੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ। ਇਹ ਮਾਮਲਾ 29 ਸਤੰਬਰ ਦਾ ਹੈ, ਪਰ ਇਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਚਰਚਾ ਵਿਚ ਆਇਆ ਹੈ। ਇਸ ਵੀਡੀਓ ਵਿੱਚ ਸ਼ੂਟਿੰਗ ਟੀਮ ਦਾ ਕੈਮਰਾਮੈਨ ਅਤੇ ਹੋਰ ਅਮਲਾ ਜੁੱਤੀਆਂ ਸਮੇਤ ਗੁਰਦੁਆਰੇ ਦੇ ਅੰਦਰ ਘੁੰਮਦੇ ਨਜ਼ਰ ਆ ਰਹੇ ਹਨ। ਇਸ ਦਾ ਉੱਥੋਂ ਦੇ ਸਿੱਖ ਭਾਈਚਾਰੇ ਨੇ ਸਖ਼ਤ ਵਿਰੋਧ ਕੀਤਾ ਹੈ।
ਵਿਰੋਧ ਕਾਰਨ ਸ਼ੂਟਿੰਗ ਕਰ ਰਹੀ ਟੀਮ ਨੂੰ ਬਾਹਰ ਜਾਣਾ ਪਿਆ ਅਤੇ ਸ਼ੂਟ ਕੀਤੇ ਗਏ ਸੀਨ ਹਟਾਉਣੇ ਪਏ। ਸ਼ੂਟਿੰਗ ਕਰਨ ਵਾਲਾ ਅਮਲਾ ਸਿੱਖ ਭਾਈਚਾਰੇ ਨਾਲ ਬਹਿਸ ਕਰਦਾ ਵੀ ਦਿਖਾਈ ਵੀ ਦੇ ਰਿਹਾ ਹੈ। ਉਹ ਕਹਿ ਰਹੇ ਹਨ, ‘ਅਸੀਂ ਤੁਹਾਡੇ ਮਹਿਮਾਨ ਹਾਂ ਅਤੇ ਤੁਸੀਂ ਕਿਸ ਤਰ੍ਹਾਂ ਦਾ ਵਿਹਾਰ ਕਰ ਰਹੇ ਹੋ?’ ਸਿੱਖਾਂ ਵੱਲੋਂ ਕੀਤੇ ਗਏ ਇਤਰਾਜ਼ ਤੋਂ ਬਾਅਦ ਉਨ੍ਹਾਂ ਆਪਣੀ ਫਿਲਮ ਦੀ ਸ਼ੂਟਿੰਗ ਬੰਦ ਕਰ ਦਿੱਤੀ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਮਗਰੋਂ ਦੇਸ਼-ਵਿਦੇਸ਼ ਵਿੱਚੋਂ ਸਿੱਖ ਭਾਈਚਾਰੇ ਵੱਲੋਂ ਇਸਦਾ ਸਖ਼ਤ ਵਿਰੋਧ ਕੀਤਾ ਗਿਆ ਹੈ। ਵੇਰਵਿਆਂ ਮੁਤਾਬਕ ਗੁਰਦੁਆਰੇ ਦੇ ਅੰਦਰ ਫਿਲਮ ‘ਲਾਹੌਰ ਲਾਹੌਰ ਹੈ’ ਦੀ ਸ਼ੂਟਿੰਗ ਕੀਤੀ ਜਾ ਰਹੀ ਸੀ।
ਪਾਕਿਸਤਾਨ ਸਰਕਾਰ ਉਤੇ ਕਾਰਵਾਈ ਲਈ ਦਬਾਅ ਬਣਾਏ ਵਿਦੇਸ਼ ਮੰਤਰਾਲਾ: ਸਿਰਸਾ
ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕਿਸੇ ਵੀ ਫਿਲਮ ਦੀ ਟੀਮ ਨੂੰ ਗੁਰਦੁਆਰੇ ਦੇ ਕੈਂਪਸ ਵਿੱਚ ਫਿਲਮ ਦੀ ਸ਼ੂਟਿੰਗ ਕਰਨ ਦੀ ਆਗਿਆ ਦੇਣਾ ਜਾਇਜ਼ ਨਹੀਂ ਹੈ। ਇਸ ਤੋਂ ਪਹਿਲਾਂ ਵੀ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਚ ਅਜਿਹੀ ਕੁਤਾਹੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਵਿਚ ਪਾਕਿਸਤਾਨ ਸਰਕਾਰ ਨਾਲ ਗੱਲ ਕਰਨ ਤੇ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਕਾਰਵਾਈ ਲਈ ਕਹਿਣ।