Breaking News
Home / ਪੰਜਾਬ / ਧਰਮਸੋਤ ਨੂੰ ਮੰਤਰੀ ਮੰਡਲ ‘ਚੋਂ ਬਰਖਾਸਤ ਕਰਵਾ ਕੇ ਹੀ ਹਟਾਂਗੇ : ਸਿਮਰਜੀਤ ਬੈਂਸ

ਧਰਮਸੋਤ ਨੂੰ ਮੰਤਰੀ ਮੰਡਲ ‘ਚੋਂ ਬਰਖਾਸਤ ਕਰਵਾ ਕੇ ਹੀ ਹਟਾਂਗੇ : ਸਿਮਰਜੀਤ ਬੈਂਸ

ਬੈਂਸ ਭਰਾਵਾਂ ਸਣੇ ਪਾਰਟੀ ਵਰਕਰਾਂ ‘ਤੇ ਵਰ੍ਹੀਆਂ ਡਾਂਗਾਂ – ਕਈ ਆਗੂਆਂ ਦੀਆਂ ਦਸਤਾਰਾਂ ਲੱਥੀਆਂ
ਪਟਿਆਲਾ/ਬਿਊਰੋ ਨਿਊਜ਼
ਲੋਕ ਇਨਸਾਫ਼ ਪਾਰਟੀ ਦੇ ਕੌਮੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਸੋਮਵਾਰ ਨੂੰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮੰਤਰੀ ਮੰਡਲ ਵਿੱਚੋਂ ਬਰਖ਼ਾਸਤ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਮੋਤੀ ਮਹਿਲ ਪਟਿਆਲਾ ਦਾ ਘਿਰਾਓ ਕਰਨ ਜਾਂਦੇ ਪਾਰਟੀ ਵਰਕਰਾਂ ਦੀ ਪੁਲਿਸ ਨੇ ਡਾਂਗਾਂ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਕਈ ਪਾਰਟੀ ਵਰਕਰਾਂ ਦੀਆਂ ਦਸਤਾਰਾਂ ਵੀ ਲੱਥ ਗਈਆਂ। ਇਸ ਦੌਰਾਨ ਸਿਮਰਜੀਤ ਸਿੰਘ ਬੈਂਸ ਸਮੇਤ ਕਈ ਕਾਰਕੁਨ ਜ਼ਖ਼ਮੀ ਹੋ ਗਏ। ਪੁਲਿਸ ਨੇ ਸੰਘਰਸ਼ੀ ਮਹਿਲਾਵਾਂ ਨੂੰ ਵੀ ਨਹੀਂ ਬਖ਼ਸ਼ਿਆ ਤੇ ਉਨ੍ਹਾਂ ਦੇ ਵੀ ਡਾਂਗਾਂ ਮਾਰੀਆਂ। ਬਾਅਦ ਵਿਚ ਬੈਂਸ ਭਰਾਵਾਂ ਸਮੇਤ 15 ਦੇ ਕਰੀਬ ਸੰਘਰਸ਼ਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ।
ਸਵੇਰੇ 11 ਵਜੇ ਤੋਂ ਹੀ ਲੋਕ ਇਨਸਾਫ਼ ਪਾਰਟੀ ਦੇ ਕਾਰਕੁਨ ਪਟਿਆਲਾ ਦੇ ਮਿੰਨੀ ਸਕੱਤਰੇਤ ਰੋਡ ‘ਤੇ ਇਕੱਤਰ ਹੋਣੇ ਸ਼ੁਰੂ ਹੋ ਗਏ ਸਨ। ਉਨ੍ਹਾਂ ਨੂੰ ਪਟਿਆਲਾ ਅੰਦਰ ਦਾਖਲ ਹੋਣ ਤੋਂ ਰੋਕਣ ਲਈ ਮੁੱਖ ਸੜਕਾਂ ‘ਤੇ ਪੁਲਿਸ ਨੇ ਨਾਕੇ ਲਗਾਏ ਹੋਏ ਸਨ। ਇੱਥੇ ਤਕਰੀਰਾਂ ਮਗਰੋਂ ਸਿਮਰਜੀਤ ਸਿੰਘ ਬੈਂਸ, ਬਲਵਿੰਦਰ ਸਿੰਘ ਬੈਂਸ, ਮਨਵਿੰਦਰ ਸਿੰਘ ਗਿਆਸਪੁਰਾ ਤੇ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਲਛਮਣ ਸਿੰਘ ਸਮੇਤ ਵੱਡੀ ਗਿਣਤੀ ਕਾਰਕੁਨਾਂ ਨੇ ਨਿਊ ਮੋਤੀ ਮਹਿਲ ਵੱਲ ਮਾਰਚ ਕਰਨਾ ਸ਼ੁਰੂ ਕੀਤਾ। ਬੈਂਸ ਭਰਾ ਆਪਣੇ ਸਾਥੀਆਂ ਸਮੇਤ ਵਾਈਪੀਐੱਸ ਚੌਕ ਪੁੱਜੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣਾ ਚਾਹਿਆ ਪਰ ਉਹ ਮੋਤੀ ਮਹਿਲ ਦਾ ਘਿਰਾਓ ਕਰਨ ਲਈ ਬਜ਼ਿੱਦ ਸਨ। ਇਸ ਦੌਰਾਨ ਸਥਿਤੀ ਕਾਫ਼ੀ ਗੰਭੀਰ ਹੋ ਗਈ ਤਾਂ ਪੁਲਿਸ ਨੇ ਆਗੂਆਂ ਤੇ ਕਾਰਕੁਨਾਂ ‘ਤੇ ਡਾਂਗਾਂ ਵਰ੍ਹਾ ਦਿੱਤੀਆਂ ਜਿਸ ਵਿਚ ਸਿਮਰਜੀਤ ਸਿੰਘ ਬੈਂਸ, ਮਨਵਿੰਦਰ ਸਿੰਘ ਗਿਆਸਪੁਰਾ ਸਮੇਤ ਕਾਫ਼ੀ ਜਣੇ ਜ਼ਖ਼ਮੀ ਹੋ ਗਏ। ਸੀਆਈਡੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਵੇਲੇ ਬੈਂਸ ਭਰਾਵਾਂ ਸਮੇਤ 15 ਜਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਸਿਮਰਜੀਤ ਸਿੰਘ ਬੈਂਸ ਦੇ ਕਾਫ਼ੀ ਡਾਂਗਾਂ ਵੱਜੀਆਂ, ਜਿਸ ਕਰਕੇ ਉਸ ਦੇ ਸਰੀਰ ‘ਤੇ ਨੀਲ ਪੈ ਗਏ। ਇਸੇ ਤਰ੍ਹਾਂ ਇਕ ਹੋਰ ਕਾਰਕੁਨ ਦੇ ਖ਼ੂਨ ਵੀ ਵਗਣ ਲੱਗ ਪਿਆ। ਬਾਕੀ ਆਗੂਆਂ ਤੇ ਕਾਰਕੁਨਾਂ ਦੇ ਗੁੱਝੀਆਂ ਸੱਟਾਂ ਲੱਗੀਆਂ ਤੇ ਦਸਤਾਰਾਂ ਵੀ ਲੱਥ ਗਈਆਂ। ਇਸ ਮਗਰੋਂ ਬੈਂਸ ਭਰਾਵਾਂ ਤੇ ਪਾਰਟੀ ਵਰਕਰਾਂ ਨੂੰ ਹਿਰਾਸਤ ਵਿਚ ਲੈ ਕੇ ਸਿਵਲ ਲਾਈਨਜ਼ ਥਾਣੇ ਭੇਜਿਆ ਗਿਆ। ਇਸ ਮੌਕੇ ਸਿਮਰਜੀਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ ਜਦੋਂ ਤੱਕ ਉਹ ਸਾਧੂ ਸਿੰਘ ਧਰਮਸੋਤ ਨੂੰ ਮੰਤਰੀ ਮੰਡਲ ਵਿਚੋਂ ਬਰਖ਼ਾਸਤ ਕਰਵਾ ਕੇ ਉਸ ਵਿਰੁੱਧ ਕੇਸ ਦਰਜ ਨਹੀਂ ਕਰਵਾ ਦਿੰਦੇ ਉਹ ਚੁੱਪ ਕਰਕੇ ਨਹੀਂ ਬੈਠਣਗੇ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਸਾਧੂ ਸਿੰਘ ਧਰਮਸੋਤ ਨੂੰ ਬਰਖ਼ਾਸਤ ਨਾ ਕੀਤਾ ਤਾਂ ਉਹ ਪੰਜਾਬ ਦੇ ਕਾਂਗਰਸੀ ਦਲਿਤ ਮੰਤਰੀਆਂ, ਦਲਿਤ ਸੰਸਦ ਮੈਂਬਰਾਂ ਤੇ ਦਲਿਤ ਵਿਧਾਇਕਾਂ ਦਾ ਘਿਰਾਓ ਕਰਨਗੇ।
ਬੈਂਸ ਭਰਾਵਾਂ ਸਮੇਤ ਤਿੰਨ ਸੌ ਖ਼ਿਲਾਫ਼ ਕੇਸ ਦਰਜ : ਮੁੱਖ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਦੀ ਕੋਸ਼ਿਸ਼ ਕਰਨ ਵਾਲੇ ਲੋਕ ਇਨਸਾਫ਼ ਪਾਰਟੀ ਦੇ ਤਿੰਨ ਸੌ ਤੋਂ ਵੀ ਵੱਧ ਆਗੂਆਂ ਅਤੇ ਵਰਕਰਾਂ ਖ਼ਿਲਾਫ਼ ਪਟਿਆਲਾ ਪੁਲਿਸ ਨੇ ਕੇਸ ਦਰਜ ਕੀਤਾ ਗਿਆ ਹੈ ਜਿਸ ਵਿੱਚ ਦੋਵੇਂ ਵਿਧਾਇਕ ਭਰਾਵਾਂ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਸਮੇਤ ਵੀਹ ਜਣਿਆਂ ਦੇ ਨਾਮ ਦਰਜ ਹਨ ਜਦਕਿ 300 ਹੋਰ ਅਣਪਛਾਤੇ ਦੱਸੇ ਗਏ ਹਨ। ਪੁਲਿਸ ਦਾ ਤਰਕ ਹੈ ਕਿ ਮੁਜ਼ਾਹਰਾਕਾਰੀਆਂ ਨੇ ਹਮਲਾ ਕਰਕੇ ਅੱਧੀ ਦਰਜਨ ਪੁਲਿਸ ਮੁਲਾਜ਼ਮਾਂ ਨੂੰ ਜ਼ਖ਼ਮੀ ਕਰ ਦਿੱਤਾ।
ਬੈਂਸ ਨੇ ਮੀਡੀਆ ਨੂੰ ਦਿਖਾਏ ਲੱਤਾਂ ‘ਤੇ ਪਏ ਨੀਲ
ਪੁਲਿਸ ਦੀਆਂ ਡਾਂਗਾਂ ਨਾਲ ਆਪਣੀਆਂ ਲੱਤਾਂ ‘ਤੇ ਪਏ ਨੀਲ ਦਿਖਾਉਂਦੇ ਹੋਏ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਇਕ ਵਿਧਾਇਕ ‘ਤੇ ਪੁਲਿਸ ਨੇ ਇਸ ਤਰ੍ਹਾਂ ਡਾਂਗਾਂ ਚਲਾਈਆਂ ਜਿਵੇਂ ਉਹ ਅਪਰਾਧੀ ਹਨ। ਉਨ੍ਹਾਂ ਕਿਹਾ ਕਿ ਇਹ ਕੈਪਟਨ ਅਮਰਿੰਦਰ ਸਿੰਘ ਦੀ ਪੁਲਿਸ ਹੈ ਜੋ ਇਨਸਾਫ਼ ਮੰਗਦੇ ਲੋਕਾਂ ‘ਤੇ ਡਾਂਗਾਂ ਚਲਾਉਂਦੀ ਹੈ। ਉਸ ਨੇ ਕਿਹਾ ਇਸ ਦਾ ਬਦਲਾ ਪੰਜਾਬ ਦੇ ਲੋਕ ਲੈਣਗੇ।
ਲੋਕ ਇਨਸਾਫ਼ ਪਾਰਟੀ ਨੇ ਕਾਂਗਰਸ ਦੇ ਬਾਈਕਾਟ ਦਾ ਬਿਗਲ ਵਜਾਇਆ
ਅੰਦੋਲਨ ਦਾ ਨਾਂ ਰੱਖਿਆ – ‘ਤਿੰਨ ਟਾਇਰ, ਦੋ ਪੈਰ, ਸਾਧੂ ਤੇਰੀ ਨਹੀਂ ਖੈਰ’
ਜਲੰਧਰ : ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਨੇ ਸਕਾਲਰਸ਼ਿਪ ਸਕੀਮ ਵਿੱਚ ਵੱਡੇ ਪੱਧਰ ‘ਤੇ ਹੋਈ ਗੜਬੜੀ ਵਿਰੁੱਧ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਸੰਘਰਸ਼ ਦਾ ਬਿਗਲ ਵਜਾਉਂਦਿਆਂ ਕਾਂਗਰਸ ਦੇ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ।
ਊਨ੍ਹਾਂ ਜਲੰਧਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 16 ਸਤੰਬਰ ਤੋਂ 10 ਦਿਨ ਚੱਲਣ ਵਾਲੇ ਸੰਘਰਸ਼ ਦੌਰਾਨ ਦਲਿਤਾਂ ਦੇ ਵਿਹੜਿਆਂ ਵਿੱਚ ਜਾ ਕੇ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਗਰੀਬਾਂ ਦੇ ਬੱਚਿਆਂ ਦੇ ਵਜ਼ੀਫਿਆਂ ਦੀ ਹੜੱਪੀ ਗਈ ਮੋਟੀ ਰਕਮ ਬਾਰੇ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਅੰਦੋਲਨ ਦਾ ਨਾਂ ‘ਤਿੰਨ ਟਾਇਰ, ਦੋ ਪੈਰ, ਸਾਧੂ ਤੇਰੀ ਨਹੀਂ ਖੈਰ’ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਆਟੋ ਰਿਕਸ਼ਿਆਂ ‘ਤੇ ਮਿਹਤਨਕਸ਼ ਲੋਕਾਂ ਨੂੰ ਨਾਲ ਲੈ ਕੇ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਮੰਤਰੀ ਮੰਡਲ ਵਿੱਚੋਂ ਸਾਧੂ ਸਿੰਘ ਧਰਮਸੋਤ ਨੂੰ ਬਰਖ਼ਾਸਤ ਕੀਤਾ ਜਾਵੇ ਅਤੇ ਇਸ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ।
ਬੈਂਸ ਨੇ ਕਿਹਾ ਕਿ ਪੰਜਾਬ ਵਿੱਚ ਡਿਪਟੀ ਕਮਿਸ਼ਨਰਾਂ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਭੇਜੇ ਸਨ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿੱਚ ਹੋਏ ਘੁਟਾਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ ਪਰ ਮੁੱਖ ਮੰਤਰੀ ਨੇ ਕੁਝ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਵੀ ਪੱਤਰ ਲਿਖਿਆ ਸੀ ਕਿ ਧਰਮਸੋਤ ਨੂੰ ਕਾਂਗਰਸ ਦੀ ਮੁੱਢਲੀ ਮੈਂਬਰ ਤੋਂ ਬਰਖਾਸਤ ਕੀਤਾ ਜਾਵੇ।
ਬੈਂਸ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਲੋਕਤੰਤਰਿਕ ਢੰਗ ਨਾਲ ਪਟਿਆਲੇ ਵਿੱਚ ਕੈਪਟਨ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਰ ਪੁਲਿਸ ਨੇ ਪਾਰਟੀ ਵਰਕਰਾਂ ਨੂੰ ਛੱਲੀਆਂ ਵਾਂਗ ਕੁੱਟਿਆ ਗਿਆ। ਉਨ੍ਹਾਂ ਨੇ ਪੱਤਰਕਾਰਾਂ ਅੱਗੇ ਜ਼ਖ਼ਮੀ ਵਰਕਰਾਂ ਨੂੰ ਵੀ ਪੇਸ਼ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਰੋਸ ਪ੍ਰਦਰਸ਼ਨ ਕਰਦਾ ਹੈ ਤਾਂ ਸਰਕਾਰ ਕੁਝ ਨਹੀਂ ਕਹਿੰਦੀ।
ਪ੍ਰੈੱਸ ਕਾਨਫਰੰਸ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਵਰਕਰਾਂ ਤੇ ਆਗੂਆਂ ਨੇ ਜਿੱਥੇ ਸਰੀਰਕ ਦੂਰੀ ਦੀਆਂ ਧੱਜੀਆਂ ਉਡਾਈਆਂ ਉਥੇ ਕਿਸੇ ਨੇ ਵੀ ਮਾਸਕ ਨਹੀਂ ਸੀ ਪਾਇਆ ਹੋਇਆ। ਬੈਂਸ ਨੇ ਕਿਹਾ ਕਿ ਦੁਨੀਆ ਭਰ ਵਿੱਚ ਮੈਡੀਕਲ ਮਾਫ਼ੀਆ ਨੇ ਡਰ ਪੈਦਾ ਕੀਤਾ ਹੋਇਆ ਹੈ ਤੇ ਇਸ ਦੀ ਵੈਕਸੀਨ ਆਉਣ ‘ਤੇ ਗਰੀਬ ਲੋਕਾਂ ਦੀਆਂ ਜੇਬਾਂ ਕੱਟੀਆਂ ਜਾਣੀਆਂ ਹਨ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …