ਪਰਨੀਤ ਕੌਰ ਹੁਣ ਭਾਜਪਾ ਵਲੋਂ ਲੜਨਗੇ ਚੋਣ
ਪਟਿਆਲਾ/ਬਿਊਰੋ ਨਿਊਜ਼ : ਪਰਨੀਤ ਕੌਰ ਦੀ ਕਾਂਗਰਸ ਵੱਲੋਂ ਟਿਕਟ ਕੱਟੇ ਜਾਣ ਤੋਂ ਬਾਅਦ ਪਟਿਆਲਾ ਲੋਕ ਸਭਾ ਹਲਕੇ ਲਈ ਹੁਣ ਕਾਂਗਰਸ ਦੇ ਵੱਡੇ ਆਗੂਆਂ ਵੱਲੋਂ ਉਮੀਦਵਾਰ ਬਣਨ ਲਈ ਦਾਅਵੇ ਪੇਸ਼ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ। ਇਨ੍ਹਾਂ ਵਿੱਚ ਸਾਬਕਾ ਮੰਤਰੀ ਲਾਲ ਸਿੰਘ ਵੀ ਸ਼ੁਮਾਰ ਹਨ। ਦਿਲਚਸਪ ਗੱਲ ਇਹ ਵੀ ਹੈ ਕਿ ਜੋ ਆਗੂ ਨਵਾਂ ਮੋਤੀ ਬਾਗ਼ ਦੇ ਹਮੇਸ਼ਾ ਹੀ ਵਫ਼ਾਦਾਰ ਰਹੇ ਹਨ, ਉਹ ਵੀ ਹੁਣ ਪਟਿਆਲਾ ਲੋਕ ਸਭਾ ਦੀ ਕਾਂਗਰਸ ਹਾਈਕਮਾਂਡ ਤੋਂ ਟਿਕਟ ਮੰਗ ਰਹੇ ਹਨ।
ਸਿਆਸੀ ਸਫ਼ਾਂ ਵਿਚ ਇਹ ਚਰਚਾ ਹੈ ਕਿ ਕਾਂਗਰਸ ਵੱਲੋਂ ਮੁਅੱਤਲ ਕੀਤੀ ਹੋਈ ਪਟਿਆਲਾ ਦੀ ਕਾਂਗਰਸੀ ਲੋਕ ਸਭਾ ਮੈਂਬਰ ਪਰਨੀਤ ਕੌਰ ਹੁਣ ਭਾਜਪਾ ਵਿਚ ਸ਼ਾਮਲ ਹੋ ਜਾਵੇਗੀ ਤੇ ਉਨ੍ਹਾਂ ਦੇ ਪਟਿਆਲਾ ਤੋਂ ਲੋਕ ਸਭਾ ਲਈ ਭਾਜਪਾ ਦੇ ਉਮੀਦਵਾਰ ਹੋਣ ਦੇ ਵੀ ਚਰਚੇ ਹਨ। ਸਾਬਕਾ ਮੰਤਰੀ ਲਾਲ ਸਿੰਘ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਤੋਂ ਆਪਣਾ ਸਿਆਸੀ ਕਰੀਅਰ ਸ਼ੁਰੂ ਕਰਨ ਵਾਲੇ ਤੇ ਐੱਮਪੀ ਪਰਨੀਤ ਕੌਰ ਦੇ ਵਫਾਦਾਰ ਰਹੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਵੀ ਪਟਿਆਲਾ ਤੋਂ ਆਪਣਾ ਦਾਅਵਾ ਠੋਕਿਆ ਹੈ। ਉਨ੍ਹਾਂ ਕਿਹਾ ਕਿ ਉਹ 20 ਸਾਲ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਹੇ ਤੇ ਉਸ ਨੇ ਕਾਂਗਰਸ ਪਾਰਟੀ ਲਈ ਦਿਨ-ਰਾਤ ਇਕ ਕੀਤਾ। ਰਾਜਪੁਰਾ ਦੇ ਵਿਧਾਇਕ ਹੁੰਦਿਆਂ ਉਸ ਦੀ ਮਿਹਨਤ ਸਦਕਾ ਕੇਂਦਰ ਸਰਕਾਰ ਨੇ ਰਾਜਪੁਰਾ ਨੂੰ ਕਈ ਸਨਮਾਨ ਦਿੱਤੇ। ਕਦੇ ਮੋਤੀ ਮਹਿਲ ਦੇ ਵਫਾਦਾਰ ਰਹੇ ਤੇ ਅੱਜ ਕੱਲ੍ਹ ਮਹਿਲਾ ਕਾਂਗਰਸ ਦੇ ਸੂਬਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਵੀ ਲੋਕ ਸਭਾ ਦੀ ਟਿਕਟ ਲੈਣ ਲਈ ਆਪਣਾ ਦਾਅਵਾ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਉਸ ਦੇ ਸਹੁਰਾ ਤੇ ਪੇਕਾ ਪਰਿਵਾਰ ਨੇ ਸ਼ੁਰੂ ਤੋਂ ਕਾਂਗਰਸ ਵਿਚ ਹੀ ਆਪਣਾ ਜੀਵਨ ਗੁਜ਼ਾਰਿਆ ਤੇ ਉਸ ਨੂੰ ਆਸ ਹੈ ਕਿ ਉਸ ਨੂੰ ਕਾਂਗਰਸ ਹਾਈਕਮਾਂਡ ਜ਼ਰੂਰ ਵਿਚਾਰੇਗੀ। ਇਸ ਤੋਂ ਇਲਾਵਾ ਕਾਂਗਰਸ ਦੇ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਦਾ ਨਾਂ ਵੀ ਚਰਚਾ ਵਿਚ ਹੈ।
ਵਿਜੈਇੰਦਰ ਦੇ ਪਿਤਾ ਸੰਤ ਰਾਮ ਸਿੰਗਲਾ ਕਾਂਗਰਸੀ ਸੰਸਦ ਮੈਂਬਰ ਰਹੇ ਤੇ ਉਨ੍ਹਾਂ ਕਾਂਗਰਸ ਦੇ ਕਈ ਉਚ ਅਹੁਦਿਆਂ ‘ਤੇ ਕੰਮ ਕੀਤਾ। ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਦਾ ਨਾਂ ਵੀ ਲੋਕ ਸਭਾ ਉਮੀਦਵਾਰ ਵਜੋਂ ਚੱਲ ਰਿਹਾ ਹੈ ਪਰ ਉਨ੍ਹਾਂ ਕਿਹਾ ਕਿ ਉਹ ਇਸ ਦੌੜ ਵਿਚ ਸ਼ਾਮਲ ਨਹੀਂ ਹਨ। ਇਕ ਵਾਰ ਚਰਚਾ ਨਵਜੋਤ ਸਿੱਧੂ ਦੀ ਵੀ ਚੱਲੀ ਸੀ ਪਰ ਉਨ੍ਹਾਂ ਨੇ ਅੰਮ੍ਰਿਤਸਰ ਤੋਂ ਬਾਹਰ ਕਿਤੋਂ ਹੋਰ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ।