ਕਿਹਾ : ਭਾਜਪਾ ਨੇ ਗੁਜਰਾਤ ਮਾਡਲ ਪ੍ਰਚਾਰ ਕੇ ਦੇਸ਼ ਨੂੰ ਲੁੱਟਿਆ
ਜਲੰਧਰ/ਬਿਊਰੋ ਨਿਊਜ਼ : ਗੁਜਰਾਤ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਹਾਰਦਿਕ ਪਟੇਲ ਨੇ ਜਲੰਧਰ ਛਾਉਣੀ ‘ਚ ਕਾਂਗਰਸੀ ਉਮੀਦਵਾਰ ਪਰਗਟ ਸਿੰਘ ਦੇ ਹੱਕ ਵਿੱਚ ਕੀਤੀਆਂ ਚੋਣ ਮੀਟਿੰਗਾਂ ਦੌਰਾਨ ਕਿਹਾ ਕਿ ਜਿਵੇਂ ਦੇਸ਼ ਦੇ ਲੋਕ ਗੁਜਰਾਤ ਦੇ ਨਕਲੀ ਮਾਡਲ ਦੇ ਝਾਂਸੇ ਵਿੱਚ ਫਸ ਗਏ ਹਨ ਉਸੇ ਤਰ੍ਹਾਂ ਦਿੱਲੀ ਦਾ ਫਰਜ਼ੀ ਮਾਡਲ ਵੀ ਪੰਜਾਬ ਨੂੰ ਬਰਬਾਦ ਕਰਕੇ ਰੱਖ ਦੇਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਮਾਡਲ ਵਿਚ ਇਹ ਦਾਅਵੇ ਕੀਤੇ ਗਏ ਸਨ ਕਿ ਇੱਥੇ ਦੂਜੇ ਸੂਬਿਆਂ ਨਾਲੋਂ ਵਪਾਰ ਕਰਨਾ ਆਸਾਨ ਹੈ, ਕਿਸਾਨ ਖੁਸ਼ ਹਨ ਤੇ ਗਰੀਬ, ਅਮੀਰ ਹੋ ਰਹੇ ਹਨ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਅਜਿਹਾ ਹੋਇਆ? ਜ਼ਮੀਨੀ ਪੱਧਰ ‘ਤੇ ਇਹ ਮਾਡਲ ਬੁਰੀ ਤਰ੍ਹਾਂ ਫਲਾਪ ਹੋਇਆ ਤੇ ਅੱਜ ਗੁਜਰਾਤ ਦੇ ਨੌਜਵਾਨ ਬੇਰੁਜ਼ਗਾਰ ਹਨ। ਹਾਰਦਿਕ ਪਟੇਲ ਨੇ ਕਿਹਾ ਕਿ ਗੁਜਰਾਤ ਦੇ ਮਾਡਲ ‘ਤੇ ਜਿਵੇਂ ਲੋਕਾਂ ਨੂੰ ਸੁਫ਼ਨੇ ਵੇਚੇ ਗਏ ਸਨ ਉਸ ਨਾਲ ਸਮੁੱਚਾ ਦੇਸ਼ ਤਬਾਹੀ ਦੇ ਕੰਢੇ ਆ ਗਿਆ ਹੈ। ਇਸੇ ਤਰ੍ਹਾਂ ਦਿੱਲੀ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪੰਜਾਬ ਦੇ ਲੋਕਾਂ ਨੂੰ ਦਿੱਲੀ ਮਾਡਲ ਦਾ ਝਾਂਸਾ ਦੇ ਰਹੀ ਹੈ। ਹਾਰਦਿਕ ਪਟੇਲ ਨੇ ਦਾਅਵੇ ਨਾਲ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਈਟੀ ਸੈੱਲ ਨੇ ਝੂਠਾ ਭਰਮ ਫੈਲਾਇਆ ਹੋਇਆ ਹੈ ਜਦਕਿ ਇਹ ਪਾਰਟੀ ਸਮੁੱਚੇ ਪੰਜਾਬ ਵਿਚੋਂ 10 ਸੀਟਾਂ ਵੀ ਨਹੀਂ ਜਿੱਤ ਸਕਦੀ। ਹਾਰਦਿਕ ਪਟੇਲ ਨੇ ਪਰਗਟ ਸਿੰਘ ਨੂੰ ਦੇਸ਼ ਤੇ ਪੰਜਾਬ ਦੀ ਸੰਪਤੀ ਦੱਸਦਿਆਂ ਕਿਹਾ ਕਿ ਉਹ ਅਸਲ ਵਿਚ ਲੋਕਾਂ ਦਾ ਹੀਰੋ ਹੈ ਤੇ ਦੇਸ਼ ਵਾਸਤੇ ਖੇਡਿਆ ਹੈ ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਝੂਠੇ ਲਾਰਿਆਂ ਤੋਂ ਬਿਨਾਂ ਕੁਝ ਨਹੀਂ ਆਉਂਦਾ।