ਭਗਵੰਤ ਮਾਨ ਕੈਬਨਿਟ ਨੇ ਫੈਸਲੇ ’ਤੇ ਲਗਾਈ ਮੋਹਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਅੱਜ ਚੰਡੀਗੜ੍ਹ ਵਿਚ ਕੈਬਨਿਟ ਦੀ ਮੀਟਿੰਗ ਹੋਈ ਹੈ। ਇਸ ਕੈਬਨਿਟ ਮੀਟਿੰਗ ਦੌਰਾਨ 600 ਯੂਨਿਟ ਮੁਫਤ ਬਿਜਲੀ ਦੇ ਫੈਸਲੇ ’ਤੇ ਮੋਹਰ ਲਗਾ ਦਿੱਤੀ ਗਈ ਹੈ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਅੱਜ ਕੈਬਨਿਟ ਦੇ ਸਾਥੀਆਂ ਨਾਲ ਅਹਿਮ ਮੀਟਿੰਗ ਹੋਈ ਹੈ। ਪੰਜਾਬ ਦੇ ਲੋਕਾਂ ਨੂੰ ਸਾਡੇ ਵਲੋਂ ਦਿੱਤੀ ਗਈ ਸਭ ਤੋਂ ਵੱਡੀ ਗਾਰੰਟੀ ਮੁਫਤ ਬਿਜਲੀ ਦੇ ਫੈਸਲੇ ’ਤੇ ਮੋਹਰ ਲਾਈ ਗਈ ਹੈ। ਹਰ ਬਿੱਲ ’ਤੇ 600 ਯੂਨਿਟ ਮੁਫਤ ਬਿਜਲੀ ਪੰਜਾਬ ਦੇ ਲੋਕਾਂ ਨੂੰ ਮਿਲੇਗੀ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਹਰ ਮਹੀਨੇ 300 ਯੂਨਿਟ ਬਿਜਲੀ ਮੁਫਤ ਦੇਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਇਕ ਜੁਲਾਈ ਤੋਂ ਲਾਗੂ ਕੀਤਾ ਜਾ ਚੁੱਕਾ ਹੈ। ਹਾਲਾਂਕਿ ਪੰਜਾਬ ਵਿਚ ਬਿਜਲੀ ਦਾ ਬਿੱਲ ਦੋ ਮਹੀਨੇ ਬਾਅਦ ਬਣਦਾ ਹੈ, ਇਸ ਲਈ ਇਕ ਬਿੱਲ ਵਿਚ ਦੋ ਮਹੀਨੇ ਦੇ ਹਿਸਾਬ ਨਾਲ 600 ਯੂਨਿਟ ਮੁਫਤ ਬਿਜਲੀ ਦਿੱਤੀ ਜਾਵੇਗੀ। ਉਧਰ ਦੂੁਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮਾਲ ਵਿਭਾਗ ’ਚ ਸ਼ਾਮਲ ਹੋਏ 855 ਨਵੇਂ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਹਨ। ਭਗਵੰਤ ਮਾਨ ਨੇ ਪਟਵਾਰੀਆਂ ਦੀ ਭਰਤੀ ਨੂੰ ਲੈ ਕੇ ਇਕ ਹੋਰ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ 700 ਤੋਂ ਜ਼ਿਆਦਾ ਹੋਰ ਪਟਵਾਰੀ ਭਰਤੀ ਕੀਤੇ ਜਾਣਗੇ ਅਤੇ ਜਿਹੜੇ ਨਵੇਂ ਪਟਵਾਰੀ ਬਣਨਗੇ, ਉਨ੍ਹਾਂ ਦੀ ਟਰੇਨਿੰਗ ਦਾ ਸਮਾਂ ਡੇਢ ਸਾਲ ਤੋਂ ਘਟਾ ਕੇ ਇਕ ਸਾਲ ਕਰ ਦਿੱਤਾ ਗਿਆ ਹੈ ਤਾਂ ਜੋ ਉਹ ਜਲਦ ਹੀ ਕੰਮ ’ਤੇ ਲੱਗ ਸਕਣ।