ਐਡਮਿਸ਼ਨ ਸਮੇਂ ਬੱਚਿਆਂ ਦੇ ਮਾਪਿਆਂ ਦੀ ਨਹੀਂ ਹੋਵੇਗੀ ਇੰਟਰਵਿਊ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਪਲੇਅ ਵੇਅ ਸਕੂਲਾਂ ਲਈ ਗਾਈਡ ਲਾਈਨ ਤੈਅ ਕੀਤੀਆਂ ਗਈਆਂ ਹਨ। ਇਸਦੇ ਤਹਿਤ ਹੁਣ ਬੱਚਿਆਂ ਦਾ ਕੋਈ ਵੀ ਸਕਰੀਨਿੰਗ ਟੈਸਟ ਜਾਂ ਬੱਚਿਆਂ ਦੇ ਮਾਪਿਆਂ ਦੀ ਇੰਟਰਵਿਊ ਆਦਿ ਨਹੀਂ ਹੋਵੇਗੀ। ਪਲੇਅ ਵੇਅ ਸਕੂਲਾਂ ਵਿਚ ਜੰਕ ਫੂਡ ਪੂਰੀ ਤਰ੍ਹਾਂ ਨਾਲ ਬੰਦ ਹੋਵੇਗਾ। ਇਸਦੇ ਚੱਲਦਿਆਂ ਨਾ ਤਾਂ ਘਰ ਤੋਂ ਡੱਬੇ ਵਿਚ ਜੰਕ ਫੂਡ ਆਵੇਗਾ ਅਤੇ ਨਾ ਹੀ ਸਕੂਲ ਜਾਂ ਉਸਦੇ ਨੇੜੇ ਤੇੜੇ ਜੰਕ ਫੂਡ ਵਿਕੇਗਾ। ਇਹ ਜਾਣਕਾਰੀ ਪੰਜਾਬ ਦੀ ਮੰਤਰੀ ਡਾ. ਬਲਜੀਤ ਸਿੰਘ ਨੇ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈ। ਡਾ. ਬਲਜੀਤ ਕੌਰ ਵਲੋਂ ਪਲੇਅ ਵੇਅ ਸਕੂਲਾਂ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾਂ ਵਿਚ ਖੇਡਣ ਲਈ ਥਾਂ ਹੋਣਾ ਲਾਜ਼ਮੀ ਹੈ ਤੇ ਇਸ ਦੇ ਨਾਲ ਹੀ ਸਕੂਲਾਂ ਵਿਚ ਕੈਮਰੇ ਵੀ ਜ਼ਰੂਰੀ ਤੌਰ ’ਤੇ ਲੱਗੇ ਹੋਣੇ ਚਾਹੀਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਕੂਲ ਦੀ ਬਾਉਂਡਰੀ ਬੱਚਿਆਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੋਣੀ ਚਾਹੀਦੀ ਹੈ ਤੇ ਸਕੂਲ ਵਿਚ ਕੁੜੀਆਂ ਤੇ ਮੁੰਡਿਆਂ ਲਈ ਵੱਖਰੇ ਵੱਖਰੇ ਵਾਸ਼ਰੂਮਾਂ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਿੱਕੇ ਬੱਚਿਆਂ ਨੂੰ ਥੱਪੜ ਮਾਰਨਾ ਜਾਂ ਝਿੜਕਣਾ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੈ।