ਪ੍ਰਧਾਨ ਮੰਤਰੀ ਵੱਲੋਂ ਸੂਬੇ ਵਿੱਚ 13,500 ਕਰੋੜ ਦੀ ਲਾਗਤ ਵਾਲੇ ਪ੍ਰਾਜੈਕਟਾਂ ਦੇ ਨੀਂਹ ਪੱਥਰ ਤੇ ਉਦਘਾਟਨ
ਮਹਿਬੂਬਨਗਰ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿਲੰਗਾਨਾ ਦੀ ਬੀਆਰਐੱਸ ਸਰਕਾਰ ‘ਤੇ ਅਸਿੱਧਾ ਸਿਆਸੀ ਨਿਸ਼ਾਨਾ ਸੇਧਦਿਆਂ ਕਿਹਾ ਕਿ ਸੂਬੇ ਦੇ ਲੋਕ ਬਦਲਾਅ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਝੂਠੇ ਵਾਅਦਿਆਂ ਦੀ ਨਹੀਂ ਬਲਕਿ ਹਕੀਕੀ ਤੌਰ ‘ਤੇ ਠੋਸ ਕੰਮਾਂ ਦੀ ਲੋੜ ਹੈ।
ਇੱਥੇ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਖਿਆ ਕਿ ਭਾਜਪਾ ਤਿਲੰਗਾਨਾ ਦੇ ਲੋਕਾਂ ਦੀ ਜ਼ਿੰਦਗੀ ‘ਚ ਸੁਧਾਰ ਲਿਆਉਣ ਲਈ ਵਚਨਬੱਧ ਹੈ। ਮੋਦੀ ਨੇ ਕਿਹਾ, ”ਤਿਲੰਗਾਨਾ ਬਦਲਾਅ ਚਾਹੁੰਦਾ ਹੈ, ਕਿਉਂਕਿ ਲੋਕ ਇੱਥੇ ਭਾਜਪਾ ਸਰਕਾਰ ਚਾਹੁੰਦੇ ਹਨ।”
ਉਨ੍ਹਾਂ ਕਿਹਾ ਕਿ ਸੂਬਾ ਤਬਦੀਲੀ ਚਾਹੁੰਦਾ ਹੈ ਕਿਉਂਕਿ ਇਹ ਇੱਕ ਭ੍ਰਿਸ਼ਟ ਸਰਕਾਰ ਨਹੀਂ ਬਲਕਿ ਇੱਕ ਪਾਰਦਰਸ਼ੀ ਅਤੇ ਇਮਾਨਦਾਰ ਸਰਕਾਰ ਚਾਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਮਹਿਲਾਵਾਂ ਦੀ ਆਵਾਜ਼ ਸਿਰਫ ਸੰਸਦ ਵਿੱਚ ਹੀ ਨਹੀਂ ਸਗੋਂ ਹਰ ਵਿਧਾਨ ਸਭਾ ਵਿੱਚ ਪਹਿਲਾਂ ਨਾਲੋਂ ਹੋਰ ਮਜ਼ਬੂਤ ਹੋਵੇਗੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬੇ ਵਿੱਚ 13,500 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਪ੍ਰਾਜੈਕਟਾਂ ਦੇ ਵਰਚੁਅਲੀ ਨੀਂਹ ਪੱਥਰ ਰੱਖੇ ਅਤੇ ਕਈਆਂ ਦਾ ਉਦਘਾਟਨ ਕੀਤਾ।
ਪ੍ਰਧਾਨ ਮੰਤਰੀ ਨੂੰ ਜਾਗਣ ‘ਚ ਸਾਢੇ ਨੌਂ ਸਾਲ ਲੱਗੇ : ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਤਿਲੰਗਾਨਾ ‘ਚ ਕੇਂਦਰੀ ਟ੍ਰਾਈਬਲ ਯੂਨੀਵਰਸਿਟੀ ਬਣਾਉਣ ਦੇ ਵਾਅਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸੇਧਦਿਆਂ ਦਾਅਵਾ ਕੀਤਾ ਕਿ ਸੂਬੇ ਵਿੱਚ ਆਗਾਮੀ ਚੋਣਾਂ ‘ਚ ਪਾਰਟੀ ਦੇ ਸਫ਼ਾਏ ਨੂੰ ਦੇਖਦਿਆਂ ਉਨ੍ਹਾਂ ਨੂੰ ਜਾਗਣ ‘ਚ ਸਾਢੇ ਨੌਂ ਸਾਲ ਲੱਗ ਗਏ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਟ੍ਰਾਈਬਲ ਯੂਨੀਵਰਸਿਟੀ ਦਾ ਵਾਅਦਾ ਆਂਧਰਾ ਪ੍ਰਦੇਸ਼ ਪੁਨਰਗਠਨ ਐਕਟ, 2014 ‘ਚ ਸ਼ਾਮਲ ਹੈ, ਜਿਸ ਰਾਹੀਂ ਤਿਲੰਗਾਨਾ ਰਾਜ ਦਾ ਗਠਨ ਹੋਇਆ ਸੀ।