ਓਬੀਸੀਜ਼ ਤੇ ਈਬੀਸੀਜ਼ ਦੀ ਆਬਾਦੀ 63 ਫ਼ੀਸਦੀ; ਮੁਸਲਮਾਨਾਂ ਦੀ ਆਬਾਦੀ 17.70 ਫ਼ੀਸਦ
ਪਟਨਾ/ਬਿਊਰੋ ਨਿਊਜ਼ : ਬਿਹਾਰ ‘ਚ ਕਰਵਾਏ ਗਏ ਜਾਤ ਸਰਵੇਖਣ ਦੇ ਅੰਕੜੇ ਨਿਤੀਸ਼ ਕੁਮਾਰ ਸਰਕਾਰ ਨੇ ਜਾਰੀ ਕਰ ਦਿੱਤੇ ਹਨ। ਸੂਬੇ ਦੀ ਕੁੱਲ ਆਬਾਦੀ ‘ਚ ਓਬੀਸੀਜ਼ ਅਤੇ ਈਬੀਸੀਜ਼ (ਅਤਿ ਪੱਛੜੇ ਵਰਗ) ਦੀ ਗਿਣਤੀ 63 ਫ਼ੀਸਦ ਬਣਦੀ ਹੈ। ਵਿਕਾਸ ਕਮਿਸ਼ਨਰ ਵਿਵੇਕ ਸਿੰਘ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਬਿਹਾਰ ਦੀ ਕੁੱਲ ਆਬਾਦੀ 13.07 ਕਰੋੜ ਤੋਂ ਕੁਝ ਜ਼ਿਆਦਾ ਹੈ ਜਿਸ ‘ਚੋਂ ਅਤਿ ਪੱਛੜਾ ਵਰਗ (36 ਫ਼ੀਸਦ) ਨਾਲ ਸਬੰਧਤ ਲੋਕ ਸਭ ਤੋਂ ਵੱਧ ਹਨ। ਇਸ ਮਗਰੋਂ 27.13 ਫ਼ੀਸਦ ਨਾਲ ਹੋਰ ਪੱਛੜੇ ਵਰਗਾਂ ਦਾ ਨੰਬਰ ਆਉਂਦਾ ਹੈ। ਸਰਵੇਖਣ ‘ਚ ਇਹ ਵੀ ਖ਼ੁਲਾਸਾ ਕੀਤਾ ਗਿਆ ਹੈ ਕਿ ਆਬਾਦੀ ਦੇ ਹਿਸਾਬ ਨਾਲ ਸਭ ਤੋਂ ਵੱਧ ਯਾਦਵ (14.27 ਫ਼ੀਸਦ) ਹਨ। ਯਾਦਵ ਓਬੀਸੀ ਗਰੁੱਪ ‘ਚ ਆਉਂਦੇ ਹਨ ਅਤੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਵੀ ਉਸੇ ਨਾਲ ਸਬੰਧਤ ਹਨ।
ਸੂਬੇ ਦੀ ਕੁੱਲ ਆਬਾਦੀ ‘ਚ ਦਲਿਤਾਂ (ਅਨੂਸੂਚਿਤ ਜਾਤਾਂ) ਦੀ ਫ਼ੀਸਦ 19.65 ਹੈ। ਬਿਹਾਰ ‘ਚ ਅਨੂਸੂਚਿਤ ਕਬੀਲਿਆਂ ਨਾਲ ਸਬੰਧਤ ਕਰੀਬ 22 ਲੱਖ (1.68 ਫ਼ੀਸਦ) ਲੋਕ ਵਸਦੇ ਹਨ। ਅਣਰਾਖਵੇਂ ਵਰਗ ਯਾਨੀ ਉੱਚੀਆਂ ਜਾਤਾਂ ਨਾਲ ਸਬੰਧਤ 15.52 ਫ਼ੀਸਦ ਲੋਕ ਹਨ।
ਸਰਵੇਖਣ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਬਿਹਾਰ ਦੀ ਕੁੱਲ ਆਬਾਦੀ ‘ਚ 81.99 ਫ਼ੀਸਦ ਹਿੰਦੂ ਹਨ ਅਤੇ ਮੁਸਲਮਾਨਾਂ ਦੀ ਆਬਾਦੀ 17.70 ਫ਼ੀਸਦ ਹੈ। ਇਸਾਈਆਂ, ਸਿੱਖਾਂ, ਜੈਨੀਆਂ ਅਤੇ ਹੋਰ ਧਰਮਾਂ ਦੇ ਲੋਕਾਂ ਦੀ ਬਹੁਤ ਥੋੜ੍ਹੀ ਆਬਾਦੀ ਹੈ ਅਤੇ ਸੂਬੇ ਦੀ ਕੁੱਲ ਆਬਾਦੀ ‘ਚ ਉਨ੍ਹਾਂ ਦੀ ਗਿਣਤੀ ਇਕ ਫ਼ੀਸਦ ਤੋਂ ਵੀ ਘੱਟ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਬਿਆਨ ਜਾਰੀ ਕਰਕੇ ਸਰਵੇਖਣ ਦਾ ਅਮਲ ਨੇਪਰੇ ਚਾੜ੍ਹਨ ਵਾਲੇ ਸਰਕਾਰੀ ਅਧਿਕਾਰੀਆਂ ਦੀ ਟੀਮ ਦੀ ਸ਼ਲਾਘਾ ਕੀਤੀ ਹੈ। ਆਰਜੇਡੀ ਪ੍ਰਧਾਨ ਲਾਲੂ ਪ੍ਰਸਾਦ, ਜੋ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਦੇ ਪਿਤਾ ਹਨ, ਨੇ ਵੀ ਕਿਹਾ ਕਿ ਇਸ ਨਾਲ ਕੌਮੀ ਪੱਧਰ ‘ਤੇ ਜਾਤੀ ਜਨਗਣਨਾ ਦਾ ਮੁੱਢ ਬੱਝ ਜਾਵੇਗਾ ਜੋ ਕੇਂਦਰ ‘ਚ ਅਗਲੀ ਸਰਕਾਰ ਬਣਨ ‘ਤੇ ਕਰਵਾਈ ਜਾਵੇਗੀ। ਭਾਜਪਾ ਪ੍ਰਦੇਸ਼ ਪ੍ਰਧਾਨ ਸਮਰਾਟ ਚੌਧਰੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਸਰਵੇਖਣ ਲਈ ਸਹਿਮਤੀ ਨਹੀਂ ਦਿੱਤੀ ਸੀ ਅਤੇ ਉਹ ਇਸ ਦੇ ਜਨਤਕ ਕੀਤੇ ਗਏ ਅੰਕੜਿਆਂ ਦਾ ਮੁਲਾਂਕਣ ਕਰਨਗੇ।
ਵਿਰੋਧੀ ਧਿਰ ਸਮਾਜ ਨੂੰ ਜਾਤੀ ਦੇ ਆਧਾਰ ‘ਤੇ ਵੰਡ ਰਹੀ ਹੈ : ਨਰਿੰਦਰ ਮੋਦੀ
ਗਵਾਲੀਅਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ‘ਤੇ ਨਾਂ ਲਏ ਬਿਨਾ ਤਿੱਖਾ ਸਿਆਸੀ ਨਿਸ਼ਾਨਾ ਸੇਧਿਆ ਤੇ ਕਿਹਾ ਕਿ ਵਿਰੋਧੀ ਪਾਰਟੀ ਛੇ ਦਹਾਕਿਆਂ ਤੋਂ ਗਰੀਬਾਂ ਦੇ ਜਜ਼ਬਾਤਾਂ ਨਾਲ ਖੇਡ ਕੇ ਮੁਲਕ ਨੂੰ ਜਾਤੀ ਦੇ ਅਧਾਰ ਉਤੇ ਵੰਡ ਰਹੀ ਹੈ, ਤੇ ਇਹੀ ‘ਪਾਪ’ ਹੁਣ ਫਿਰ ਕੀਤਾ ਜਾ ਰਿਹਾ ਹੈ। ਮੋਦੀ ਦੀ ਇਹ ਟਿੱਪਣੀ ਉਦੋਂ ਆਈ ਹੈ ਜਦ ਬਿਹਾਰ ਦੀ ਨਿਤੀਸ਼ ਕੁਮਾਰ ਸਰਕਾਰ ਨੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਕਈ ਮਹੀਨੇ ਪਹਿਲਾਂ ਜਾਤੀ ਸਰਵੇਖਣ ਦੇ ਵੇਰਵੇ ਜਾਰੀ ਕੀਤੇ ਹਨ।
ਭਾਜਪਾ ਸਰਕਾਰ ਸਿਆਸਤ ਛੱਡ ਕੇ ਦੇਸ਼ ‘ਚ ਜਾਤੀ ਜਨਗਣਨਾ ਕਰਵਾਏ: ਅਖਿਲੇਸ਼
ਲਖਨਊ: ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਬਿਹਾਰ ਸਰਕਾਰ ਵੱਲੋਂ ਜਾਤੀ ਆਧਾਰਿਤ ਸਰਵੇਖਣ ਦੇ ਅੰਕੜੇ ਜਾਰੀ ਕੀਤੇ ਜਾਣ ਦਾ ਸਵਾਗਤ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਸਿਆਸਤ ਛੱਡ ਕੇ ਦੇਸ਼ ਪੱਧਰੀ ਜਾਤੀ ਜਨਗਣਨਾ ਕਰਵਾਏ। ਅਖਿਲੇਸ਼ ਨੇ ‘ਐਕਸ’ ‘ਤੇ ਪੋਸਟ ਕੀਤਾ ਕਿ ਜਾਤੀ ਜਨਗਣਨਾ 85-15 ਦੇ ਸੰਘਰਸ਼ ਦਾ ਨਹੀਂ ਸਗੋਂ ਸਹਿਯੋਗ ਦਾ ਨਵਾਂ ਰਾਹ ਖੋਲ੍ਹੇਗੀ ਅਤੇ ਸਾਰਿਆਂ ਦੇ ਹੱਕ ਦੇ ਹਮਾਇਤੀ ਇਸ ਦਾ ਪੱਖ ਪੂਰਨਗੇ। ਉਨ੍ਹਾਂ ਕਿਹਾ ਕਿ ਜਦੋਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਉਹ ਗਿਣਤੀ ‘ਚ ਕਿੰਨੇ ਹਨ ਤਾਂ ਉਨ੍ਹਾਂ ‘ਚ ਆਤਮ-ਵਿਸ਼ਵਾਸ ਪੈਦਾ ਹੁੰਦਾ ਹੈ ਅਤੇ ਸਮਾਜਿਕ ਬੇਇਨਸਾਫ਼ੀ ਖਿਲਾਫ ਜਾਗਰੂਕਤਾ ਵਧਦੀ ਹੈ। ਉਨ੍ਹਾਂ ਕਿਹਾ ਕਿ ਪੀਡੀਏ (ਪੱਛੜੇ, ਦਲਿਤ, ਘੱਟ ਗਿਣਤੀ) ਹੀ ਭਵਿੱਖ ਦੀ ਸਿਆਸਤ ਤੈਅ ਕਰੇਗਾ।
ਇਤਿਹਾਸਕ ਦਿਨ ‘ਤੇ ਇਤਿਹਾਸਕ ਕੰਮ ਹੋਇਆ: ਤੇਜਸਵੀ
ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਜਾਤੀ ਸਰਵੇਖਣ ਲਈ ਪੂਰੇ ਦੇਸ਼ ਅਤੇ ਬਿਹਾਰ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਰਵੇਖਣ ਜਾਰੀ ਕਰਕੇ ਇਤਿਹਾਸਕ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਿਗਿਆਨਕ ਅੰਕੜਿਆਂ ਦੇ ਆਧਾਰ ‘ਤੇ ਭਲਾਈ ਯੋਜਨਾਵਾਂ ਲਿਆਉਣ ਦੀ ਕੋਸ਼ਿਸ਼ ਕਰੇਗੀ। ਉਨ੍ਹਾਂ ਯੂਪੀ ਦੇ ਮਰਹੂਮ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਅਤੇ ਮਰਹੂਮ ਸ਼ਰਦ ਯਾਦਵ ਨੂੰ ਯਾਦ ਕਰਦਿਆਂ ਕਿਹਾ ਕਿ ਜਨਗਣਨਾ ਦੇ ਵਿਚਾਰ ਲਈ ਦੋਵੇਂ ਆਗੂਆਂ ਨੇ ਹਮਾਇਤ ਦਿੱਤੀ ਸੀ।
ਬਿਹਾਰ ਜਾਤੀ ਜਨਗਣਨਾ ਤੋਂ ਬੁਖਲਾਈ ਭਾਜਪਾ : ਕਾਂਗਰਸ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਨੇ ਦਾਅਵਾ ਕੀਤਾ ਕਿ ਬਿਹਾਰ ਜਾਤੀ ਜਨਗਣਨਾ ਦੇ ਨਤੀਜੇ ਜਨਤਕ ਹੋਣ ਤੋਂ ਬਾਅਦ ਭਾਜਪਾ ਬੁਖਲਾ ਗਈ ਹੈ। ਕਾਂਗਰਸ ਨੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਸਾਢੇ ਨੌਂ ਸਾਲ ਤੱਕ ਪੱਛੜੇ ਵਰਗਾਂ ਨੂੰ ਧੋਖਾ ਦੇਣ ਦਾ ਆਰੋਪ ਵੀ ਲਾਇਆ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਆਰੋਪ ਲਾਇਆ ਕਿ ਭਾਜਪਾ ਲੋਕਾਂ ਨੂੰ ਸਮਾਜਿਕ ਨਿਆਂ ਦੇਣ ਤੋਂ ਭੱਜ ਰਹੀ ਹੈ ਅਤੇ ਇਸੇ ਲਈ ਉਹ ਸਾਰੇ ਦੇਸ਼ ‘ਚ ਜਾਤੀ ਜਨਗਣਨਾ ਨਹੀਂ ਕਰਵਾ ਰਹੀ। ਉਨ੍ਹਾਂ ਐਕਸ ‘ਤੇ ਲਿਖਿਆ, ‘ਜੋ ਦੇਸ਼ ਦੀ ਸਾਰੀ ਜਾਇਦਾਦ ਆਪਣੇ ਖਾਸ ਮਿੱਤਰਾਂ ਦੇ ਹੱਥਾਂ ਵਿਚ ਸੌਂਪ ਰਹੇ ਹਨ, ਜਿਨ੍ਹਾਂ ਮਨਰੇਗਾ ਦਾ ਮਜ਼ਾਕ ਉਡਾਇਆ, ਜਿਨ੍ਹਾਂ ਕੋਵਿਡ ਸਮੇਂ ਮਜ਼ਦੂਰਾਂ ਨੂੰ ਹਜ਼ਾਰਾਂ ਕਿਲੋਮੀਟਰ ਪੈਦਲ ਚੱਲਣ ਲਈ ਮਜਬੂਰ ਕੀਤਾ, ਜਿਨ੍ਹਾਂ ਖੁਰਾਕ ਸੁਰੱਖਿਆ ਐਕਟ ਦਾ ਵਿਰੋਧ ਕੀਤਾ ਉਹ ਅੱਜ ਗਰੀਬਾਂ ਦੀ ਗੱਲ ਕਰ ਰਹੇ ਹਨ। ਸੱਚ ਇਹ ਹੈ ਕਿ ਇਹ ਡਰੇ ਹੋਏ ਹਨ। ਪਿਛਲੇ 9.5 ਸਾਲਾਂ ‘ਚ ਇਨ੍ਹਾਂ ਪੱਛੜੇ ਵਰਗ ਨਾਲ ਧਰੋਹ ਕੀਤਾ ਹੈ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …