Breaking News
Home / ਭਾਰਤ / ਭਾਰਤ ‘ਚ ਟਵਿੱਟਰ ਖਿਲਾਫ਼ ਪਹਿਲੀ ਐਫਆਈਆਰ

ਭਾਰਤ ‘ਚ ਟਵਿੱਟਰ ਖਿਲਾਫ਼ ਪਹਿਲੀ ਐਫਆਈਆਰ

ਨਵੀਂ ਦਿੱਲੀ : ਉੱਤਰ ਪ੍ਰਦੇਸ਼ ਪੁਲੀਸ ਨੇ ‘ਟਵਿੱਟਰ’ ਇਕ ਖ਼ਬਰ ਵੈੱਬਸਾਈਟ ਤੇ ਛੇ ਵਿਅਕਤੀਆਂ ਖਿਲਾਫ਼ ਇਕ ਵੀਡੀਓ ਨੂੰ ਪ੍ਰਸਾਰਨ-ਪ੍ਰਚਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪੁਲੀਸ ਦਾ ਦਾਅਵਾ ਹੈ ਕਿ ਇਹ ਵੀਡੀਓ ਫਿਰਕੂ ਗੜਬੜੀ ਪੈਦਾ ਕਰਨ ਲਈ ਪੋਸਟ ਕੀਤੀ ਗਈ ਸੀ। ਇਸ ਵੀਡੀਓ ਵਿਚ ਇਕ ਬਜ਼ੁਰਗ ਮੁਸਲਮਾਨ ਵਿਅਕਤੀ ਕਹਿ ਰਿਹਾ ਹੈ ਕਿ ਉਸ ਦੀ ਕੁੱਟਮਾਰ ਕਰ ਕੇ ‘ਜੈ ਸ੍ਰੀ ਰਾਮ’ ਕਹਿਣ ਲਈ ਮਜਬੂਰ ਕੀਤਾ ਗਿਆ ਹੈ। ਐਫਆਈਆਰ ਲੋਨੀ ਬਾਰਡਰ ਪੁਲੀਸ ਥਾਣੇ, ਗਾਜ਼ੀਆਬਾਦ ਵਿਚ ਮੰਗਲਵਾਰ ਰਾਤ 11.30 ਵਜੇ ਦਰਜ ਕੀਤੀ ਗਈ ਹੈ। ਸ਼ਿਕਾਇਤ ਕਿਸੇ ਪੁਲੀਸ ਕਰਮੀ ਨੇ ਦਿੱਤੀ ਹੈ। ਐਫਆਈਆਰ ਵਿਚ ਟਵਿੱਟਰ ਇੰਕ, ਟਵਿੱਟਰ ਕਮਿਊਨੀਕੇਸ਼ਨਜ਼ ਇੰਡੀਆ, ਖ਼ਬਰ ਵੈੱਬਸਾਈਟ ‘ਦਿ ਵਾਇਰ’, ਪੱਤਰਕਾਰ ਮੁਹੰਮਦ ਜ਼ੁਬੈਰ ਤੇ ਰਾਣਾ ਅਯੂਬ, ਕਾਂਗਰਸ ਆਗੂ ਸਲਮਾਨ ਨਿਜ਼ਾਮੀ, ਮਸਕੂਰ ਉਸਮਾਨੀ, ਡਾ. ਸਮਾ ਮੁਹੰਮਦ ਤੇ ਲੇਖਿਕਾ ਸਬਾ ਨਕਵੀ ਦਾ ਨਾਂ ਹੈ। ਐਫਆਈਆਰ ਵਿਚ ਕਿਹਾ ਗਿਆ ਹੈ ਕਿ ‘ਇਨ੍ਹਾਂ ਲੋਕਾਂ ਨੇ ਘਟਨਾ ਪਿਛਲੇ ਸੱਚ ਦੀ ਪੁਸ਼ਟੀ ਨਹੀਂ ਕੀਤੀ ਤੇ ਇਸ ਨੂੰ ਆਨਲਾਈਨ ਸ਼ੇਅਰ ਕਰ ਦਿੱਤਾ।
ਇਸ ਨੂੰ ਫਿਰਕੂ ਰੰਗ ਦਿੱਤਾ ਗਿਆ ਤੇ ਇਰਾਦਾ ਸ਼ਾਂਤੀ ਭੰਗ ਕਰਨਾ ਤੇ ਲੋਕਾਂ ਵਿਚਾਲੇ ਵੰਡ ਪਾਉਣਾ ਸੀ।’ ਇਹ ਵੀਡੀਓ ਕਲਿੱਪ ਸੋਸ਼ਲ ਮੀਡੀਆ ਉਤੇ 14 ਜੂਨ ਨੂੰ ਆਈ ਸੀ ਜਿਸ ਵਿਚ ਮੁਸਲਿਮ ਵਿਅਕਤੀ ਅਬਦੁਲ ਸ਼ਮਦ ਸੈਫ਼ੀ ਇਹ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਉਸ ਨੂੰ ਕੁਝ ਨੌਜਵਾਨਾਂ ਨੇ ਕੁੱਟਿਆ ਹੈ ਤੇ ‘ਜੈ ਸ੍ਰੀ ਰਾਮ’ ਕਹਿਣ ਲਈ ਮਜਬੂਰ ਕੀਤਾ ਹੈ। ਹਾਲਾਂਕਿ ਗਾਜ਼ੀਆਬਾਦ ਪੁਲੀਸ ਨੇ ਘਟਨਾ ਪਿੱਛੇ ਫਿਰਕੂ ਮੰਤਵ ਹੋਣ ਤੋਂ ਇਨਕਾਰ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਮੁਲਜ਼ਮ ਇਕ ‘ਤਾਬੀਜ਼’ ਤੋਂ ਖ਼ੁਸ਼ ਨਹੀਂ ਸਨ ਜੋ ਮੁਸਲਿਮ ਵਿਅਕਤੀ ਨੇ ਉਨ੍ਹਾਂ ਨੂੰ ਵੇਚਿਆ ਸੀ। ਪੁਲੀਸ ਨੇ ਬੁੱਧਵਾਰ ਕਿਹਾ ਸੀ ਕਿ ਤਿੰਨ ਵਿਅਕਤੀਆਂ- ਕਾਲੂ ਗੁੱਜਰ, ਪਰਵੇਸ਼ ਗੁੱਜਰ ਤੇ ਆਦਿਲ ਨੂੰ ਸੈਫ਼ੀ ‘ਤੇ ਹਮਲਾ ਕਰਨ ਲਈ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਚਾਰ ਹੋਰਾਂ- ਪੌਲੀ, ਹਿਮਾਂਸ਼ੂ, ਆਰਿਫ਼ ਤੇ ਮੁਰਸ਼ਿਦ ਦੀ ਤਲਾਸ਼ ਵੀ ਕਰ ਰਹੀ ਹੈ।

Check Also

ਈਡੀ ਨੇ ਸੁਪਰੀਮ ਕੋਰਟ ’ਚ ਹਲਫਨਾਮਾ ਦਾਇਰ ਕਰਕੇ ਕੇਜਰੀਵਾਲ ਦੀ ਗਿ੍ਰਫ਼ਤਾਰੀ ਨੂੰ ਦੱਸਿਆ ਸਹੀ

ਕਿਹਾ : ਸਬੂਤਾਂ ਤੋਂ ਪਤਾ ਚਲਦਾ ਹੈ ਕਿ ਸ਼ਰਾਬ ਘੋਟਾਲੇ ’ਚ ਕੇਜਰੀਵਾਲ ਦਾ ਵੀ ਹੈ …