ਨਵੀਂ ਦਿੱਲੀ : ਮਰਹੂਮ ਉਸਤਾਦ ਬਿਸਮਿਲ੍ਹਾ ਖਾਂ ਦੀਆਂ ਚਾਰ ਸ਼ਹਿਨਾਈਆਂ ਉਨ੍ਹਾਂ ਦੇ ਪੁੱਤਰ ਕਾਜ਼ਿਮ ਹੁਸੈਨ ਦੇ ਵਾਰਾਣਸੀ ਸਥਿਤ ਘਰ ਵਿਚੋਂ ਚੋਰੀ ਹੋ ਗਈਆਂ ਹਨ। ਬਿਸਮਿੱਲਾ ਖਾਨ ਦੀਆਂ 5 ਸ਼ਹਿਨਾਈਆਂ ਉਨ੍ਹਾਂ ਦੇ ਪੁੱਤਰ ਦੇ ਘਰ ਸਾਂਭ ਕੇ ਰੱਖੀਆਂ ਹੋਈਆਂ ਸਨ, ਜਿਨ੍ਹਾਂ ਵਿਚੋਂ ਚਾਰ ਚਾਂਦੀ ਦੀਆਂ ਸ਼ਹਿਨਾਈਆਂ ਚੋਰੀ ਹੋ ਗਈਆਂ ਹਨ। ਬਿਸਮਿੱਲਾ ਖਾਨ ਦੇ ਪੋਤੇ ਰਾਜ਼ੀ ਹਸਨ ਨੇ ਦੱਸਿਆ ਕਿ ਦਾਲ ਮੰਡੀ ਇਲਾਕੇ ਵਿਚ ਨਵੇਂ ਘਰ ਵਿਚੋਂ ਇਹ ਚੋਰੀ ਹੋਈ ਹੈ। ਇਸ ਸਬੰਧੀ ਉਨ੍ਹਾਂ ਐਫ.ਆਈ.ਆਰ. ਵੀ ਦਰਜ ਕਰਵਾ ਦਿੱਤੀ ਹੈ। ਜਾਣਕਾਰੀ ਮੁਤਾਬਕ ਚੋਰੀ ਹੋਏ ਸਾਮਾਨ ਵਿਚ ਚਾਰ ਚਾਂਦੀ ਦੀਆਂ ਸ਼ਹਿਨਾਈਆਂ, ਇਕ ਲੱਕੜ ਤੇ ਚਾਂਦੀ ਦੀ ਬਣੀ ਸ਼ਹਿਨਾਈ, ਇਨਾਇਤ ਖ਼ਾਨ ਐਵਾਰਡ ਤੇ ਦੋ ਸੋਨੇ ਦੀਆਂ ਚੂੜੀਆਂ ਸ਼ਾਮਲ ਹਨ। ਪਰਿਵਾਰ ਕੁਝ ਸਮਾਂ ਪਹਿਲਾਂ ਹੀ ਦਾਲ ਮੰਡੀ ਇਲਾਕੇ ਵਿਚ ਤਬਦੀਲ ਹੋਇਆ ਹੈ ਤੇ ਜਦੋਂ ਉਹ ਆਪਣੀ ਜੱਦੀ ਰਿਹਾਇਸ਼ ਸਰਾਏਹਾਰਾ ਗਏ ਹੋਏ ਸਨ ਤਾਂ ਪਿੱਛੋਂ ਚੋਰੀ ਹੋ ਗਈ। ਪੁਲਿਸ ਮੁਤਾਬਕ ਸ਼ਹਿਨਾਈਆਂ ਚੋਰੀ ਹੋਣ ਦੀ ਪੜਤਾਲ ਕੀਤੀ ਜਾ ਰਹੀ ਹੈ। ਹਸਨ ਨੇ ਦੱਸਿਆ ਕਿ ਪਰਿਵਾਰ ਸ਼ਹਿਨਾਈਆਂ ਚੋਰੀ ਹੋਣ ਤੋਂ ਪ੍ਰੇਸ਼ਾਨ ਹੈ ਕਿਉਂਕਿ ਉਸਤਾਦ ਲਈ ਇਹ ਖਾਸ ਅਹਿਮੀਅਤ ਰੱਖਦੀਆਂ ਸਨ। ਚੋਰੀ ਹੋਈਆਂ ਸ਼ਹਿਨਾਈਆਂ ਸਾਬਕਾ ਪ੍ਰਧਾਨ ਮੰਤਰੀ ਪੀ.ਵੀ. ਨਰਸਿਮ੍ਹਾ ਰਾਓ, ਕਪਿਲ ਸਿੱਬਲ ਤੇ ਲਾਲੂ ਪ੍ਰਸਾਦ ਯਾਦਵ ਨੇ ਤੋਹਫੇ ਵਿਚ ਭੇਟ ਕੀਤੀਆਂ ਸਨ। ਇਨ੍ਹਾਂ ਵਿਚੋਂ ਇੱਕ ਬੇਸ਼ਕੀਮਤੀ ਸ਼ਹਿਨਾਈ ਬਿਸਮਿਲ੍ਹਾ ਖਾਨ ਨੂੰ ਬਹੁਤ ਪਿਆਰੀ ਸੀ। ਉਸ ਨੂੰ ਹਰੇਕ ਸਾਲ ਮੁਹੱਰਮ ਦੌਰਾਨ ਵਜਾਉਂਦੇ ਸਨ। ਪਰਿਵਾਰ ਕੋਲ ਹੁਣ ਸਿਰਫ਼ ਲੱਕੜ ਦੀ ਬਣੀ ਇੱਕ ਸ਼ਹਿਨਾਈ ਰਹਿ ਗਈ ਹੈ ਜਿਸ ਨਾਲ ਉਹ ਰਿਆਜ਼ ਕਰਦੇ ਸਨ।
Check Also
ਪਿ੍ਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ
ਪਹਿਲੀ ਵਾਰ ਲੋਕ ਸਭਾ ਮੈਂਬਰ ਬਣੀ ਹੈ ਪਿ੍ਰਅੰਕਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਸੰਸਦ ਦੇ ਸਰਦ …