
ਪਿਆਜ਼ ਦੀ ਵਧਦੀ ਕੀਮਤ ਵੀ ਬਣਿਆ ਚੋਣ ਮੁੱਦਾ
ਪਟਨਾ/ਬਿਊਰੋ ਨਿਊਜ਼
ਬਿਹਾਰ ਵਿਧਾਨ ਸਭਾ ਚੋਣਾਂ ਲਈ ਪਹਿਲੇ ਪੜਾਅ ਤਹਿਤ ਵੋਟਿੰਗ 28 ਅਕਤੂਬਰ ਨੂੰ ਹੋ ਰਹੀ ਹੈ ਅਤੇ ਅੱਜ ਸ਼ਾਮੀਂ ਚੋਣ ਪ੍ਰਚਾਰ ਸਮਾਪਤ ਹੋ ਗਿਆ। ਬਿਹਾਰ ਚੋਣਾਂ ਵਿਚ ਰੁਜ਼ਗਾਰ, ਪਰਵਾਸੀ ਮਜ਼ਦੂਰਾਂ ਦੇ ਮੁੱਦਿਆਂ ਦੇ ਨਾਲ ਹੀ ਪਿਆਜ਼ ਵੀ ਹੁਣ ਇੱਕ ਮੁੱਦਾ ਬਣਾ ਗਿਆ ਹੈ। ਰੁਜ਼ਗਾਰ ਅਤੇ ਵਿਕਾਸ ਦੇ ਮੁੱਦੇ ਨੂੰ ਵਾਰ-ਵਾਰ ਚੁੱਕਣ ਤੋਂ ਬਾਅਦ ਹੁਣ ਆਰ. ਜੇ. ਡੀ. ਨੇਤਾ ਤੇਜਸਵੀ ਯਾਦਵ ਨੇ ਬਿਹਾਰ ਚੋਣਾਂ ਵਿਚ ਪਿਆਜ਼ ਦਾ ਮੁੱਦਾ ਚੁੱਕਿਆ ਹੈ। ਤੇਜਸਵੀ ਯਾਦਵ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਜਨਤਾ ਵਿਚਾਲੇ ਗਏ। ਇਸ ਦੌਰਾਨ ਤੇਜਸਵੀ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਪਿਆਜ਼ਾਂ ਦੀਆਂ ਮਾਲਾਵਾਂ ਲਿਆ ਕੇ ਪਿਆਜ਼ਾਂ ਦੀਆਂ ਵਧ ਰਹੀਆਂ ਕੀਮਤਾਂ ਪ੍ਰਤੀ ਵਿਰੋਧ ਪ੍ਰਗਟ ਕੀਤਾ। ਇਸ ਮੌਕੇ ਬੋਲਦਿਆਂ ਯਾਦਵ ਨੇ ਕਿਹਾ ਕਿ ਪਿਆਜ਼ 100 ਰੁਪਏ ਦੇ ਕਰੀਬ ਪਹੁੰਚਣ ਵਾਲਾ ਹੈ ਅਤੇ ਰੁਜ਼ਗਾਰ ਨਹੀਂ ਹੈ, ਲੋਕਾਂ ਨੂੰ ਖਾਣੇ ਦੀ ਚਿੰਤਾ ਸਤਾ ਰਹੀ ਹੈ।ਜ਼ਿਕਰਯੋਗ ਹੈ ਕਿ ਬਿਹਾਰ ਵਿਚ ਭਾਜਪਾ ਅਤੇ ਜਨਤਾ ਦਲ (ਯੂ) ਅਤੇ ਕਾਂਗਰਸ ਤੇ ਰਾਸ਼ਟਰੀ ਜਨਤਾ ਦਲ ਮਿਲ ਕੇ ਚੋਣਾਂ ਲੜ ਰਹੀਆਂ ਹਨ।