Breaking News
Home / Uncategorized / ਕੇਂਦਰੀ ਬਜਟ: ਜੇਤਲੀ ਵੱਲੋਂ ਕਿਸਾਨੀ ਨੂੰ ਰਾਹਤ, ਅਮੀਰਾਂ ਨੂੰ ਟਾਂਕਾ

ਕੇਂਦਰੀ ਬਜਟ: ਜੇਤਲੀ ਵੱਲੋਂ ਕਿਸਾਨੀ ਨੂੰ ਰਾਹਤ, ਅਮੀਰਾਂ ਨੂੰ ਟਾਂਕਾ

01-3 copy copy‘ਸੂਟ-ਬੂਟ ਦੀ ਸਰਕਾਰ’ ਨੂੰ ਆਇਆ ਪੇਂਡੂ ਖੇਤਰ ਦਾ ਧਿਆਨ; ਛੋਟੇ ਆਮਦਨ ਕਰਤਾਵਾਂ ਨੂੰ ਮਾਮੂਲੀ ਰਿਆਇਤ
ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਪੇਸ਼ ਕੇਂਦਰੀ ਆਮ ਬਜਟ ਵਿੱਚ ਜਿਥੇ ਛੋਟੇ ਆਮਦਨ ਕਰਦਾਤਾਵਾਂ ਨੂੰ ਮਾਮੂਲੀ ਰਾਹਤ ਦਿੱਤੀ ਹੈ ਤੇ ਉਥੇ ਵੱਡੇ ਅਮੀਰਾਂ ‘ਤੇ ਤਿੰਨ ਫ਼ੀਸਦੀ ਸਰਚਾਰਜ ਲਾਇਆ ਹੈ, ਉਥੇ ਕਾਲਾ ਧਨ ਰੱਖਣ ਵਾਲਿਆਂ ਨੂੰ ਇਸ ਦਾ ਖ਼ੁਲਾਸਾ ਕਰਨ ਲਈ ਚਾਰ ਮਹੀਨੇ ਦੀ ਮੋਹਲਤ ਦਿੱਤੀ ਹੈ। ਬਜਟ ਵਿੱਚ ਕਿਸਾਨਾਂ ਨੂੰ ਰਾਹਤ ਤੇ ਪੇਂਡੂ ਖੇਤਰ ਨੂੰ ਫ਼ਾਇਦਾ ਪਹੁੰਚਾਉਣ ਵਾਲੇ ਅਨੇਕਾਂ ਐਲਾਨਾਂ ਦੇ ਬਾਵਜੂਦ ਕਾਰਾਂ ਅਤੇ ਆਮ ਸੇਵਾਵਾਂ ਉਤੇ ਨਵੇਂ ਕਰ ਤੇ ਸੈੱਸ ਲਾਏ ਜਾਣ ਕਾਰਨ ਇਹ ਬਜਟ ਮਹਿੰਗਾਈ ਵਿੱਚ ਵਾਧਾ ਕਰੇਗਾ। ਆਪਣਾ ਤੀਜਾ ਬਜਟ ਪੇਸ਼ ਕਰਦਿਆਂ ਜੇਤਲੀ ਨੇ ਵਿਅਕਤੀਗਤ ਜਾਂ ਕਾਰਪੋਰੇਟ ਆਮਦਨ ਕਰ ਸਲੈਬਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਪਰ ਬਿਜਲੀ, ਗਹਿਣੇ, ਤਿਆਰ ਕੱਪੜੇ, ਮਿਨਰਲ ਤੇ ਏਅਰੇਟਡ ਪਾਣੀ ਅਤੇ ਸਿਗਰਟਾਂ ਤੇ ਹੋਰ ਤੰਬਾਕੂ ਵਸਤਾਂ ਉਤੇ ਟੈਕਸ ਲਾ ਕੇ ਇਨ੍ਹਾਂ ਨੂੰ ਮਹਿੰਗੀਆਂ ਕਰ ਦਿੱਤਾ ਹੈ। ਬਜਟ ਦਾ ਸਭ ਤੋਂ ਅਹਿਮ ਮਹਿੰਗਾਈ ਵਧਾਊ ਕਦਮ ਸਾਰੀਆਂ ਕਰਯੋਗ ਸੇਵਾਵਾਂ ਉਤੇ ਲਾਇਆ ਗਿਆ 0.5 ਫ਼ੀਸਦੀ ਖੇਤੀ ਭਲਾਈ ਸੈੱਸ ਹੈ, ਜਿਸ ਨਾਲ ਇਹ ਸਾਰੀਆਂ ਸੇਵਾਵਾਂ ਮਹਿੰਗੀਆਂ ਹੋ ਜਾਣਗੀਆਂ। ਮੁਲਾਜ਼ਮਾਂ ਵੱਲੋਂ ਰਿਟਾਇਰਮੈਂਟ ਉਤੇ ਪੈਨਸ਼ਨ ਅਤੇ ਪ੍ਰਾਵੀਡੈਂਟ ਫੰਡ ਕਢਵਾਏ ਜਾਣ ਸਮੇਂ ਕੁੱਲ ਯੋਗਦਾਨ ਦੇ 60 ਫ਼ੀਸਦੀ ਉਤੇ ਟੈਕਸ ਲੱਗੇਗਾ। ਆਲਮੀ ਮੰਦਵਾੜੇ ਦਾ ਸ਼ਿਕਾਰ ਸਨਅਤੀ ਖੇਤਰ ਵਿੱਚ ਵਿਕਾਸ ਰੁਕਣ ਤੇ ਬਰਾਮਦਾਂ ਘਟਣ ਦੇ ਬਾਵਜੂਦ ਬਜਟ ਵਿੱਚ ਸਨਅਤਾਂ ਨੂੰ ਕੁਝ ਖ਼ਾਸ ਨਹੀਂ ਦਿੱਤਾ ਗਿਆ। ਵਿੱਤ ਮੰਤਰੀ ਨੇ ਰਾਜਕੋਸ਼ੀ ਘਾਟੇ ਨੂੰ ਕਾਬੂ ਵਿੱਚ ਰੱਖਣ ‘ਤੇ ਡਟਦਿਆਂ ਵਾਧੂ ਵਸੀਲੇ ਜੁਟਾਉਣ ਲਈ ਜਨਤਕ ਅਦਾਰਿਆਂ ਨੂੰ ਵੇਚਣ ਸਬੰਧੀ ਨੀਤੀ ਵੀ ਪੇਸ਼ ਕੀਤੀ ਹੈ। ਜਿਥੇ ਸਿੱਧੇ ਟੈਕਸਾਂ ਨਾਲ ਮਾਲੀਏ ਦਾ ਨੁਕਸਾਨ 1060 ਕਰੋੜ ਰੁਪਏ ਰਹੇਗਾ, ਉਥੇ ਅਸਿੱਧੇ ਕਰਾਂ ਵੱਲੋਂ ਵਾਧੂ 20670 ਕਰੋੜ ਰੁਪਏ ਕਮਾਏ ਜਾਣਗੇ, ਜਿਸ ਨਾਲ ਮਾਲੀਏ ਦਾ ਕੁੱਲ ਮੁਨਾਫ਼ਾ 19610 ਕਰੋੜ ਰੁਪਏ ਰਹੇਗਾ। ਪੰਜ ਸੂਬਿਆਂ ਦੀਆਂ ਆਗਾਮੀ ਅਸੈਂਬਲੀ ਚੋਣਾਂ ਤੋਂ ਪਹਿਲਾਂ ਪੇਸ਼ ਇਸ ਬਜਟ ਵਿੱਚ ਵਿੱਤ ਮੰਤਰੀ ਨੇ ਕਿਸਾਨਾਂ ਤੇ ਖੇਤੀ ਸੈਕਟਰ ਦੀ ਭਲਾਈ ਲਈ ਹੀ 35984 ਕਰੋੜ ਰੁਪਏ ਰੱਖਣ ਦੀ ਤਜਵੀਜ਼ ਕੀਤੀ ਹੈ। ਪੇਂਡੂ ਖੇਤਰ ਲਈ 87765 ਕਰੋੜ, ਜਦੋਂਕਿ ਗ਼ਰੀਬੀ ਰੇਖਾ ਵਾਲੇ ਪਰਿਵਾਰਾਂ ਰਿਆਇਤੀ ਦਰਾਂ ‘ਤੇ ਰਸੋਈ ਗੈਸ ਕੁਨੈਕਸ਼ਨ ਦੇਣ ਲਈ 2000 ਕਰੋੜ ਰੁਪਏ ਰੱਖੇ ਗਏ ਹਨ। ਪੰਚਾਇਤਾਂ ਅਤੇ ਨਗਰ ਕੌਂਸਲਾਂ ਨੂੰ ਗਰਾਂਟ ਵਜੋਂ 2.87 ਲੱਖ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ, ਜਦੋਂਕਿ ਸਿੱਖਿਆ ਤੇ ਸਮਾਜਿਕ ਖੇਤਰ ਲਈ 1.51 ਲੱਖ ਕਰੋੜ ਰੁਪਏ ਰੱਖੇ ਗਏ ਹਨ। ਬੁਨਿਆਦੀ ਢਾਂਚੇ ਲਈ 2.21 ਲੱਖ ਕਰੋੜ ਰੁਪਏ ਰੱਖੇ ਗਏ ਹਨ, ਜਿਨ੍ਹਾਂ ਵਿੱਚ 97 ਹਜ਼ਾਰ ਕਰੋੜ ਰੁਪਏ ਸੜਕਾਂ ਉਤੇ ਖ਼ਰਚੇ ਜਾਣਗੇ, ਜਿਨ੍ਹਾਂ ਵਿੱਚ ਪੇਂਡੂ ਸੜਕਾਂ ਵੀ ਸ਼ਾਮਲ ਹਨ। ਰੱਖਿਆ ਖੇਤਰ ਲਈ 162759 ਕਰੋੜ ਰੁਪਏ ਰੱਖੇ ਗਏ ਹਨ। ਇਹ ਰਕਮ ਪਿਛਲੇ ਸਾਲ ਦੇ ਮੁਕਾਬਲੇ 13 ਫ਼ੀਸਦੀ ਵੱਧ ਹੈ। ਸਰਕਾਰ 492670 ਕਰੋੜ ਰੁਪਏ ਦੀ ਵਿਆਜ ਅਦਾਇਗੀ ਕਰੇਗੀ, ਜੋ ਪਿਛਲੇ ਸਾਲ ਦੇ ਮੁਕਾਬਲੇ ਮਾਮੂਲੀ ਵੱਧ ਹੈ, ਜਦੋਂਕਿ ਸਬਸਿਡੀਆਂ ਦੀ ਅਦਾਇਗੀ ਮਾਮੂਲੀ ਕਮੀ ਨਾਲ 250433 ਕਰੋੜ ਰੁਪਏ ਰਹੇਗੀ। ਛੋਟੇ ਆਮਦਨ ਕਰਦਾਤਾਵਾਂ, ਜਿਨ੍ਹਾਂ ਦੀ ਆਮਦਨ ਸਾਲਾਨਾ 5 ਲੱਖ ਰੁਪਏ ਤੋਂ ਵੱਧ ਨਹੀਂ ਹੋਵੇਗੀ, ਨੂੰ ਮਾਮੂਲੀ ਰਾਹਤ ਦਿੰਦਿਆਂ ਧਾਰਾ 87(ਏ) ਤਹਿਤ ਟੈਕਸ ਹੱਦ 2000 ਤੋਂ ਵਧਾ ਕੇ 5000 ਰੁਪਏ ਕਰਦ ਦਿੱਤੀ ਗਈ ਹੈ, ਜਿਸ ਦਾ ਦੋ ਕਰੋੜ ਲੋਕਾਂ ਨੂੰ ਫ਼ਾਇਦਾ ਹੋਵੇਗਾ।
ਬਜਟ ਦੇ ਮੁੱਖ ਨੁਕਤੇ
ਨਿੱਜੀ ਆਮਦਨ ਕਰ ਸਲੈਬਾਂ ਵਿੱਚ ਕੋਈ ਤਬਦੀਲੀ ਨਹੀਂ
ਸਾਰੇ ਘਰੇਲੂ ਕਾਲਾ ਧਨਧਾਰਕਾਂ ਲਈ 4 ਮਹੀਨੇ ਵਾਸਤੇ ਪਾਲਣਾ ਖਿੜਕੀ, ਵਿਆਜ ਦਰ 45%
ਪੰਜ ਲੱਖ ਤੋਂ ਘੱਟ ਆਮਦਨ ਵਾਲੇ ਕਰਦਾਤਾਵਾਂ ਲਈ ਰਾਹਤ
ਇਕ ਕਰੋੜ ਤੋਂ ਵੱਧ ਆਮਦਨ ਵਾਲਿਆਂ ਲਈ ਸਰਚਾਰਜ ਵਧ ਕੇ 12 ਤੋਂ 15 ਫ਼ੀਸਦੀ
ਮਕਾਨ ਕਿਰਾਇਆ ਕਟੌਤੀ 20 ਤੋਂ ਵਧ ਕੇ 60 ਹਜ਼ਾਰ
ਨਵੀਆਂ ਪੈਦਾਵਾਰੀ ਯੂਨਿਟਾਂ ਲਈ ਕਾਰਪੋਰੇਟ ਟੈਕਸ 25% ਮਿਥਿਆ
ਜੀਡੀਪੀ ਦੇ 3% ਵਿੱਤੀ ਘਾਟੇ ਦਾ ਟੀਚਾ 2017-18 ਤੱਕ ਕੀਤਾ ਜਾਵੇਗਾ ਪੂਰਾઠ
ਮਾਲੀ ਘਾਟਾ ਸਾਲ 2015-16 ਦੌਰਾਨ ਰਹੇਗਾ 2.8%
ਮਨਰੇਗਾ ਲਈ ਹੁਣ ਤੱਕ ਦਾ ਸਭ ਤੋਂ ਵੱਧ ਬਜਟ 38500 ਕਰੋੜ ਰੁਪਏ
ਡਾਇਲਾਸਿਸ ਦੇ ਕੁਝ ਸਾਜ਼ੋ-ਸਾਮਾਨ ‘ਤੇ ਬੁਨਿਆਦੀ ਕਸਟਮ ਤੇ ਐਕਸਾਈਜ਼ ਕਰ ਤੋਂ ਛੋਟ
1 ਮਈ, 2018 ਤੱਕ ਭਾਰਤ ਦੇ ਸਾਰੇ ਪਿੰਡਾਂ ਵਿੱਚ ਪੁੱਜੇਗੀ ਬਿਜਲੀ

Check Also

ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ

ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …