ਦਿੱਲੀ ਦੇ ‘ਆਪ’ ਆਗੂ ਵਿਭਵ ਕੁਮਾਰ ਨੂੰ ਭਗਵੰਤ ਮਾਨ ਦਾ ਸਲਾਹਕਾਰ ਲਗਾਉਣ ’ਤੇ ਉਠਣ ਲੱਗੇ ਸਵਾਲ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੁੱਖ ਸਲਾਹਕਾਰ ਦੇ ਤੌਰ ’ਤੇ ਦਿੱਲੀ ਦੇ ‘ਆਪ’ ਆਗੂ ਵਿਭਵ ਕੁਮਾਰ ਦੀ ਨਿਯੁਕਤੀ ਦੀ ਚਰਚਾ ਦੌਰਾਨ ਪੰਜਾਬ ਦੀ ਰਾਜਨੀਤੀ ਵਿਚ ਉਥਲ ਪੁਥਲ ਸ਼ੁਰੂ ਹੋ ਗਈ ਹੈ। ਇਸ ਨੂੰ ਲੈ ਕੇ ਦਿੱਲੀ ਦੀ ਸੰਸਦ ਮੈਂਬਰ ਸਵਾਤੀ ਮਾਲੀਵਾਲ ਨੇ ਵਿਭਵ ਕੁਮਾਰ ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਸਾਬਕਾ ਸੀਐਮ ਅਰਵਿੰਦ ਕੇਜਰੀਵਾਲ ’ਤੇ ਸਵਾਲ ਚੁੱਕੇ ਹਨ। ਹਾਲਾਂਕਿ, ਵਿਭਵ ਕੁਮਾਰ ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਇਸ ਦੌਰਾਨ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਇਕ ਪਰਗਟ ਸਿੰਘ ਨੇ ਵੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ’ਤੇ ਸਵਾਲ ਚੁੱਕੇ ਹਨ ਅਤੇ ਸਵਾਤੀ ਮਾਲੀਵਾਲ ਦੇ ਸਵਾਲਾਂ ਦਾ ਜਵਾਬ ਦੇਣ ਲਈ ਕਿਹਾ ਹੈ। ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਤੀ ਮਾਲੀਵਾਲ ਵਲੋਂ ਵਿਭਵ ਕੁਮਾਰ ’ਤੇ ਲਗਾਏ ਗਏ ਗੰਭੀਰ ਆਰੋਪਾਂ ਸਬੰਧੀ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਧਿਆਨ ਰਹੇ ਕਿ ਸਵਾਤੀ ਮਾਲੀਵਾਲ ਨੇ ਵਿਭਵ ਕੁਮਾਰ ’ਤੇ ਕੁੱਟਮਾਰ ਕਰਨ ਦੇ ਆਰੋਪ ਲਗਾਏ ਸਨ।