‘ਪੰਜਾਬ-ਪੰਜਾਬੀਆਂ ਦਾ’ ਨਾਅਰਾ ਦੇ ਕੇ ਕਾਂਗਰਸ ਅਤੇ ‘ਆਪ’ ਨੂੰ ਹਰਾਉਣ ਦਾ ਦਿੱਤਾ ਸੱਦਾ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਮਵਾਰ ਨੂੰ ਪੰਜਾਬ ਦੇ ਨੌਜਵਾਨਾਂ ਲਈ ‘ਯੂਥ ਫਾਰ ਪੰਜਾਬ’ ਮੁਹਿੰਮ ਦਾ ਆਗਾਜ਼ ਕੀਤਾ। ਇਸ ਮੌਕੇ ਬਾਦਲ ਨੇ ‘ਪੰਜਾਬ-ਪੰਜਾਬੀਆਂ ਦਾ’ ਨਾਅਰਾ ਦਿੰਦਿਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਰਾਉਣ ਦਾ ਸੱਦਾ ਦਿੱਤਾ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ ਨੌਂ ਸਾਲਾਂ ਵਿੱਚ ਸੂਬੇ ਨੂੰ ਬਹੁਤ ਮੁਸ਼ਕਲ ਨਾਲ ਵਿਕਾਸ ਦੀ ਲੀਹ ‘ਤੇ ਚਾੜ੍ਹਿਆ ਹੈ ਅਤੇ ਸੱਤਾ ਦੀਆਂ ਭੁੱਖੀਆਂ ਪਾਰਟੀਆਂ ਕਾਂਗਰਸ ਤੇ ‘ਆਪ’ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਤੇ ਗੁੰਮਰਾਹ ਕਰਕੇ ਰਾਜ ਕਰਨ ਦੇ ਸੁਪਨੇ ਦੇਖ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਨੌਜਵਾਨ ਸ਼ਕਤੀ ਦਾ ਕਾਂਗਰਸ ਤੇ ਆਮ ਆਦਮੀ ਪਾਰਟੀ ਸਾਹਮਣਾ ਨਹੀਂ ਕਰ ਸਕਦੀਆਂ ਅਤੇ ਯੂਥ ਅਕਾਲੀ ਦਲ ਦੇ ਵਰਕਰਾਂ ਸਦਕਾ ਜਿੱਥੇ ਲਗਾਤਾਰ ਪੰਜਾਬ ਵਿੱਚ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਹੈ ਉੱਥੇ ਇਸ ਵਾਰ ਹੈਟ੍ਰਿਕ ਬਣਾਉਣ ਵਿੱਚ ਨੌਜਵਾਨਾਂ ਦੀ ਭੂਮਿਕਾ ਅਹਿਮ ਹੋਵੇਗੀ। ਬਾਦਲ ਨੇ ਕਿਹਾ ਕਿ ਇਸ ਵੇਲੇ ਪੰਜਾਬ ਅਤੇ ਕੇਂਦਰ ਵਿੱਚ ਭਾਈਵਾਲ ਪਾਰਟੀਆਂ ਦੀਆਂ ਸਰਕਾਰਾਂ ਹਨ, ਜਿਸ ਦਾ ਪੰਜਾਬ ਨੂੰ ਵੱਡਾ ਫਾਇਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਟਕਰਾਅ ਵਾਲੀ ਰਾਜਨੀਤੀ ਕਰਦਾ ਹੈ ਅਤੇ ਜੇਕਰ ਗਲਤੀ ਨਾਲ ਆਮ ਆਦਮੀ ਪਾਰਟੀ ਪੰਜਾਬ ਦੀ ਸੱਤਾ ‘ਤੇ ਕਾਬਜ਼ ਹੋ ਜਾਂਦੀ ਹੈ ਤਾਂ ਵਿਕਾਸ ਦੀ ਥਾਂ ਪੰਜਾਬ ਦਾ ਵਿਨਾਸ਼ ਹੋ ਜਾਵੇਗਾ ਕਿਉਂਕਿ ਇਸ ਸੂਰਤ ਵਿਚ ਨਾ ਤਾਂ ਕਿਸਾਨਾਂ ਦੀ ਕਣਕ ਚੁੱਕੀ ਜਾਣੀ ਹੈ ਅਤੇ ਨਾ ਹੀ ਝੋਨਾ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ‘ਆਪ’ ਜਾਣਬੁੱਝ ਕੇ ਪੰਜਾਬੀਆਂ ਨੂੰ ਨਸ਼ੱਈ ਆਖ ਕੇ ਬਦਨਾਮ ਕਰ ਰਹੇ ਹਨ ਜਦਕਿ ਪੰਜਾਬ ਪੁਲਿਸ ਦੀ ਚੱਲ ਰਹੀ ਭਰਤੀ ਵਿੱਚ 1 ਲੱਖ ਨੌਜਵਾਨਾਂ ਦੇ ਡੋਪ ਟੈਸਟ ਵਿੱਚੋਂ 1 ਫੀਸਦੀ ਤੋਂ ਵੀ ਘੱਟ ਨੌਜਵਾਨਾਂ ਦਾ ਟੈਸਟ ਫੇਲ੍ਹ ਹੋਇਆ ਹੈ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …