ਲੰਘੇ ਦਸ ਸਾਲਾਂ ‘ਚ ਕਰੀਬ ਸਵਾ ਸੌ ਜੇਲ੍ਹ ਅਫਸਰਾਂ ਤੇ ਮੁਲਾਜ਼ਮਾਂ ਨੇ ਛੱਡੀ ਨੌਕਰੀ
ਬਠਿੰਡਾ/ਬਿਊਰੋ ਨਿਊਜ਼ : ਗੈਂਗਸਟਰਾਂ ਨੇ ਜੇਲ੍ਹਾਂ ਵਿਚ ਦਹਿਸ਼ਤ ਦਾ ਮਾਹੌਲ ਬਣਾ ਰੱਖਿਆ ਹੈ। ਏਦਾਂ ਦੇ ਹਾਲਾਤ ਵਿਚ ਕਈ ਜੇਲ੍ਹ ਅਫ਼ਸਰਾਂ ਤੇ ਮੁਲਾਜ਼ਮਾਂ ਨੇ ਨੌਕਰੀ ਤੋਂ ਤੌਬਾ ਕਰ ਲਈ ਹੈ। ਲੰਘੇ ਦਸ ਵਰ੍ਹਿਆਂ ਦੌਰਾਨ ਕਰੀਬ ਸਵਾ ਸੌ ਜੇਲ੍ਹ ਅਫ਼ਸਰਾਂ ਤੇ ਮੁਲਾਜ਼ਮਾਂ ਨੇ ਨੌਕਰੀ ਛੱਡ ਦਿੱਤੀ ਹੈ। ਇਨ੍ਹਾਂ ਵਿਚੋਂ ਬਹੁਤੇ ਸਵੈ-ਇੱਛਾ ਨਾਲ ਸੇਵਾਮੁਕਤੀ ਲੈ ਗਏ ਅਤੇ ਕਈਆਂ ਨੇ ਅਸਤੀਫ਼ੇ ਦੇ ਦਿੱਤੇ ਹਨ। ਗੱਠਜੋੜ ਵਜ਼ਾਰਤ ਦੇ ਸਮੇਂ ਤੋਂ ਜੇਲ੍ਹਾਂ ਵਿਚ ਦਹਿਸ਼ਤ ਦੇ ਦੌਰ ਦਾ ਮੁੱਢ ਬੱਝਿਆ ਸੀ ਜਿਸ ਤੋਂ ਹਾਲੇ ਤੱਕ ਜੇਲ੍ਹਾਂ ਮੁਕਤ ਨਹੀਂ ਹੋਈਆਂ। ਉਂਜ, ਸਵੈ ਇੱਛਕ ਸੇਵਾ ਮੁਕਤੀ (ਵੀਆਰਐਸ) ਅਤੇ ਅਸਤੀਫ਼ਾ ਦੇਣ ਪਿੱਛੇ ਅਧਿਕਾਰੀ ਤੇ ਮੁਲਾਜ਼ਮ ਘਰੇਲੂ ਹਾਲਾਤ ਅਤੇ ਸਿਹਤ ਠੀਕ ਨਾ ਹੋਣ ਦਾ ਹੀ ਤਰਕ ਦਿੰਦੇ ਹਨ।
ਆਰਟੀਆਈ ਵੇਰਵਿਆਂ ਅਨੁਸਾਰ ਕੇਂਦਰੀ ਜੇਲ੍ਹ ਜਲੰਧਰ ਐਟ ਕਪੂਰਥਲਾ ਦੇ ਨਵੰਬਰ 2011 ਤੋਂ ਹੁਣ ਤੱਕ 21 ਅਫ਼ਸਰਾਂ ਤੇ ਮੁਲਾਜ਼ਮਾਂ ਨੇ ਨੌਕਰੀ ਛੱਡ ਦਿੱਤੀ ਹੈ। 19 ਅਫ਼ਸਰਾਂ/ਮੁਲਾਜ਼ਮਾਂ ਨੇ ਵੀਆਰਐਸ ਲੈ ਲਈ ਹੈ ਜਦਕਿ ਸਹਾਇਕ ਸੁਪਰਡੈਂਟ ਅਤੇ ਇੱਕ ਵਾਰਡਰ ਨੇ ਅਸਤੀਫ਼ਾ ਦਿੱਤਾ ਹੈ। ਬਹੁਗਿਣਤੀ ਨੇ ਘਰੇਲੂ ਕਾਰਨਾਂ ਦਾ ਵਾਸਤਾ ਪਾਇਆ ਹੈ। ਇੱਕ ਸਹਾਇਕ ਸੁਪਰਡੈਂਟ ਨੇ ਜੇਲ੍ਹ ਦੀ ਨੌਕਰੀ ਛੱਡ ਕੇ ਪੰਜਾਬ ਪੁਲਿਸ ਵਿਚ ਸਬ ਇੰਸਪੈਕਟਰ ਦੀ ਨੌਕਰੀ ਜੁਆਇਨ ਕੀਤੀ ਹੈ।
ਸੰਗਰੂਰ ਜੇਲ੍ਹ ਦੇ ਅੱਠ ਅਫ਼ਸਰਾਂ/ਮੁਲਾਜ਼ਮਾਂ ਨੇ ਨੌਕਰੀ ਛੱਡੀ ਹੈ। ਇਸ ਜੇਲ੍ਹ ਦੇ ਸਹਾਇਕ ਸੁਪਰਡੈਂਟ ਨੇ ਘਰੇਲੂ ਹਾਲਾਤ ਠੀਕ ਨਾ ਹੋਣ ਕਰ ਕੇ ਅਸਤੀਫ਼ਾ ਦੇ ਦਿੱਤਾ। ਸੰਗਰੂਰ ਜੇਲ੍ਹ ਵਿਚ ਬੰਦ ਕੈਦੀ ਰਾਜੀਵ ਕੁਮਾਰ ਨੇ 30 ਮਈ 2015 ਨੂੰ ਸਹਾਇਕ ਜੇਲ੍ਹ ਸੁਪਰਡੈਂਟ ਜਗਮੇਲ ਸਿੰਘ ਨੂੰ ਧਮਕੀ ਦਿੱਤੀ ਅਤੇ ਚਾਰ ਹਵਾਲਾਤੀਆਂ ਨੇ 13 ਅਪਰੈਲ 2017 ਨੂੰ ਸੁਪਰਡੈਂਟ ਹਰਦੀਪ ਭੱਟੀ ਅਤੇ ਸਹਾਇਕ ਸੁਪਰਡੈਂਟ ਕੈਲਾਸ਼ ਕੁਮਾਰ ਨੂੰ ਧਮਕੀ ਦਿੱਤੀ। ਬਠਿੰਡਾ ਜੇਲ੍ਹ ਵਿਚ ਲੰਘੇ ਤਿੰਨ ਵਰ੍ਹਿਆਂ ਦੌਰਾਨ ਚਾਰ ਅਫ਼ਸਰਾਂ ਤੇ ਮੁਲਾਜ਼ਮਾਂ ਨੇ ਨੌਕਰੀ ਛੱਡੀ ਹੈ ਜਿਨ੍ਹਾਂ ਵਿਚ ਇੱਕ ਸਹਾਇਕ ਸੁਪਰਡੈਂਟ ਵੀ ਸ਼ਾਮਿਲ ਹੈ। ਫ਼ਰੀਦਕੋਟ ਜੇਲ੍ਹ ਦੇ ਸੱਤ ਜੇਲ੍ਹ ਅਫ਼ਸਰਾਂ ਤੇ ਮੁਲਾਜ਼ਮਾਂ ਨੇ ਨੌਕਰੀ ਤੋਂ ਤੌਬਾ ਕੀਤੀ ਹੈ ਜਿਨ੍ਹਾਂ ਵਿਚੋਂ ਦੋ ਨੇ ਅਸਤੀਫ਼ੇ ਦਿੱਤੇ ਹਨ। ਜੇਲ੍ਹ ਦੇ ਡਿਪਟੀ ਸੁਪਰਡੈਂਟ ਨੂੰ ਗੈਂਗਸਟਰਾਂ ਨੇ ਧਮਕੀ ਵੀ ਦਿੱਤੀ ਜਿਸ ਦੀ ਥਾਣੇ ਵਿਚ ਰਿਪੋਰਟ ਦਰਜ ਵੀ ਕਰਾਈ ਗਈ ਪ੍ਰੰਤੂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਕੁੱਝ ਜੇਲ੍ਹ ਅਫ਼ਸਰਾਂ ਦਾ ਪ੍ਰਤੀਕਰਮ ਸੀ ਕਿ ਚੰਗੇ ਅਫ਼ਸਰਾਂ ਲਈ ਹੁਣ ਜੇਲ੍ਹ ਦੀ ਨੌਕਰੀ ਦੁੱਭਰ ਹੋ ਗਈ ਹੈ। ਗੈਂਗਸਟਰ ਥੋੜ੍ਹੀ ਜਿਹੀ ਸਖ਼ਤੀ ‘ਤੇ ਅੱਖਾਂ ਦਿਖਾਉਣ ਲੱਗੇ ਜਾਂਦੇ ਹਨ। ਸਕਿਉਰਿਟੀ ਜੇਲ੍ਹ ਨਾਭਾ ਦੇ ਸਹਾਇਕ ਸੁਪਰਡੈਂਟ ਨੇ ਪੰਜਾਬ ਪੁਲਿਸ ਦੀ ਸਬ ਇੰਸਪੈੱਕਟਰੀ ਨੂੰ ਤਰਜੀਹ ਦਿੱਤੀ ਹੈ। ਸਬ ਜੇਲ੍ਹ ਦਸੂਹਾ ਦੇ ਇੱਕ ਮੁਲਾਜ਼ਮ ਨੇ ਵੀਆਰਐਸ ਲਈ ਹੈ ਅਤੇ ਇਸ ਜੇਲ੍ਹ ਦੇ ਡਿਪਟੀ ਸੁਪਰਡੈਂਟ ਨੂੰ ਇੱਕ ਹਵਾਲਾਤੀ ਨੇ ਫ਼ੋਨ ਤੇ ਧਮਕੀ ਦਿੱਤੀ ਹੈ।
ਥਾਣੇ ਨੂੰ ਰਿਪੋਰਟ ਵੀ ਦਿੱਤੀ ਪ੍ਰੰਤੂ ਕੋਈ ਕਾਰਵਾਈ ਨਹੀਂ ਹੋਈ। ਕੇਂਦਰੀ ਜੇਲ੍ਹ ਲੁਧਿਆਣਾ ਦੇ 10 ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਲੰਘੇ ਪੰਜ ਵਰ੍ਹਿਆਂ ਦੌਰਾਨ ਨੌਕਰੀ ਨੂੰ ਅਲਵਿਦਾ ਆਖਿਆ ਹੈ ਜਿਨ੍ਹਾਂ ਵਿਚੋਂ ਦੋ ਨੇ ਅਸਤੀਫ਼ਾ ਦਿੱਤਾ ਹੈ। ਇਸ ਜੇਲ੍ਹ ਵਿਚ 67 ਅਸਾਮੀਆਂ ਖ਼ਾਲੀ ਹਨ। ਫ਼ਿਰੋਜ਼ਪੁਰ ਜੇਲ੍ਹ ਦੇ ਅੱਠ ਹੈੱਡ ਵਾਰਡਰਾਂ ਅਤੇ ਵਾਰਡਰਾਂ ਨੇ ਨੌਕਰੀ ਛੱਡੀ ਹੈ ਜਦੋਂ ਕਿ ਰੋਪੜ ਜੇਲ੍ਹ ਦੇ ਅੱਠ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਵੀਆਰਐਸ ਲੈ ਲਈ ਹੈ ਜਿਨ੍ਹਾਂ ਵਿਚ ਦੋ ਸਹਾਇਕ ਸੁਪਰਡੈਂਟ ਵੀ ਸ਼ਾਮਿਲ ਹਨ।
ਸੂਤਰ ਦੱਸਦੇ ਹਨ ਕਿ ਜੇਲ੍ਹਾਂ ਦੇ ਮਾਹੌਲ ਨੂੰ ਦੇਖਦੇ ਹੋਏ ਹੁਣ ਤਾਂ ਕੋਈ ਜੇਲ੍ਹ ਸੁਪਰਡੈਂਟ ਵੀ ਲੱਗਣ ਨੂੰ ਤਿਆਰ ਨਹੀਂ ਹੈ। ਜੇਲ੍ਹਾਂ ਵਿਚ ਲੜਾਈ ਝਗੜੇ ਵੀ ਪਹਿਲਾਂ ਨਾਲੋਂ ਵਧੇ ਹਨ। ਪੰਜਾਬ ਦੀਆਂ ਜੇਲ੍ਹਾਂ ਵਿਚ ਇਸ ਵੇਲੇ ਕਰੀਬ ਸਵਾ ਦੋ ਸੌ ਗੈਂਗਸਟਰ ਬੰਦ ਹਨ ਜਿਨ੍ਹਾਂ ਵਿਚੋਂ 35 ਖ਼ਤਰਨਾਕ ਗੈਂਗਸਟਰ ਹਨ।
ਜੇਲ੍ਹ ਅਫ਼ਸਰਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ: ਰੰਧਾਵਾ
ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਿਸੇ ਦੀ ਦਹਿਸ਼ਤ ਕਰ ਕੇ ਜੇਲ੍ਹ ਅਫਸਰਾਂ ਤੇ ਮੁਲਾਜ਼ਮਾਂ ਨੂੰ ਹੁਣ ਨੌਕਰੀ ਛੱਡਣ ਦੀ ਨੌਬਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਆਖਿਆ ਕਿ ਜਿੱਥੇ ਕਿਤੇ ਜੇਲ੍ਹ ਅਫ਼ਸਰਾਂ ਨੂੰ ਧਮਕੀ ਮਿਲੀ ਹੈ ਤਾਂ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਜੇ ਭਵਿੱਖ ਵਿੱਚ ਵੀ ਅਜਿਹਾ ਕੋਈ ਕੇਸ ਸਾਹਮਣੇ ਆਇਆ ਤਾਂ ਸਬੰਧਤ ਅਫ਼ਸਰ ਨੂੰ ਸੁਰੱਖਿਆ ਦਿੱਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਸੀ ਕਿ ਬਹੁਤੇ ਜੇਲ੍ਹ ਵਾਰਡਰ ਅੱਗੇ ਤਰੱਕੀ ਦੇ ਮੌਕੇ ਨਾ ਹੋਣ ਕਾਰਨ ਵੀਆਰਐੱਸ ਲੈ ਜਾਂਦੇ ਹਨ।
ਦਿਲਪ੍ਰੀਤ ਬਾਬਾ ਦਾ ਸਾਥੀ ਗੈਂਗਸਟਰ ਆਕਾਸ਼ ਵੀ ਪੁਲਿਸ ਦੀ ਗ੍ਰਿਫਤ ‘ਚ
ਰੂਪਨਗਰ : ਰੂਪਨਗਰ ਜ਼ਿਲ੍ਹਾ ਪੁਲਿਸ ਨੇ ਕਈ ਰਾਜਾਂ ਵਿੱਚ ਵੱਖ-ਵੱਖ ਕੇਸਾਂ ਵਿੱਚ ਲੋੜੀਂਦੇ ਗੈਂਗਸਟਰ ਹਰਜਿੰਦਰ ਸਿੰਘ ਉਰਫ ਆਕਾਸ਼ (21) ਨੂੰ ਰੂਪਨਗਰ ਨੇੜੇ ਹੋਈ ਝੜਪ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਇੱਕ ਵਿਅਕਤੀ ਮਨਹਰ ਵਾਸੀ ਮੁਹਾਲੀ ਆਪਣੇ ਦੋਸਤ ਅਮਿਤ ਦੂਆ ਵਾਸੀ ਜ਼ੀਰਕਪੁਰ ਦੀ ਫਾਰਚੂਨਰ ਗੱਡੀ ‘ਤੇ ਸਵਾਰ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਲਈ ਆਇਆ ਸੀ ਅਤੇ ਉਨ੍ਹਾਂ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਗੱਡੀ ਖੜ੍ਹੀ ਕੀਤੀ ਸੀ। ਜਦੋਂ ਮਨਹਰ ਮੱਥਾ ਟੇਕਣ ਲਈ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਗਿਆ ਹੋਇਆ ਸੀ ਤਾਂ ਗੈਂਗਸਟਰ ਹਰਜਿੰਦਰ ਸਿੰਘ ਉਰਫ ਆਕਾਸ਼ ਵਾਸੀ ਨਾਂਦੇੜ (ਮਹਾਰਾਸ਼ਟਰ) ਜੋ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਖਤਰਨਾਕ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਦਾ ਸਾਥੀ ਹੈ, ਗੱਡੀ ਵਿੱਚ ਬੈਠੇ ਡਰਾਈਵਰ ਸਲੀਮ ਖ਼ਾਨ ਨੂੰ ਪਿਸਤੌਲ ਵਿਖਾ ਕੇ ਗੱਡੀ ਲੈ ਕੇ ਫ਼ਰਾਰ ਹੋ ਗਿਆ। ਸਲੀਮ ਦਾ ਮੋਬਾਈਲ ਫੋਨ ਗੱਡੀ ਵਿੱਚ ਪਿਆ ਰਹਿ ਗਿਆ। ਇਸ ਸਬੰਧੀ ਪੁਲਿਸ ਨੇ ਭਾਰਤੀ ਦੰਡਾਵਲੀ ਦੀ ਧਾਰਾ 382 ਅਤੇ ਆਰਮਜ਼ ਐਕਟ ਦੀ ਧਾਰਾ 25 ਅਧੀਨ ਕੇਸ ਦਰਜ ਕਰ ਲਿਆ। ਇਸ ਵਾਰਦਾਤ ਦੇ ਬਾਅਦ ਪੁਲਿਸ ਚੌਕਸ ਹੋ ਗਈ। ਸੂਤਰਾਂ ਅਨੁਸਾਰ ਗੱਡੀ ਵਿੱਚ ਪਏ ਮੋਬਾਈਲ ਫੋਨ ਤੋਂ ਉਸ ਦੀ ਲੋਕੇਸ਼ਨ ਬਾਰੇ ਪਤਾ ਲੱਗਦਾ ਗਿਆ ਅਤੇ ਪੁਲਿਸ ਨੇ ਪਿੰਡ ਪੱਥਰੇੜੀ ਜੱਟਾਂ ਕੋਲ ਐਸਵਾਈਐਲ ਨਹਿਰ ਦੇ ਪੁਲ ਉੱਤੇ ਗੱਡੀ ਨੂੰ ਘੇਰ ਲਿਆ। ਪੁਲਿਸ ਨੇ ਆਪਣੀ ਮਹਿੰਦਰਾ ਗੱਡੀ ਨਾਲ ਇਸ ਫਾਰਚੂਨਰ ਨੂੰ ਟੱਕਰ ਮਾਰੀ। ਐਸਐੇਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਗੱਡੀ ਚਲਾ ਰਹੇ ਆਕਾਸ਼ ਨੇ ਪੁਲਿਸ ਉੱਤੇ ਫਾਇਰਿੰਗ ਕਰ ਦਿੱਤੀ ਅਤੇ ਪੁਲਿਸ ਨੇ ਵੀ ਜਵਾਬੀ ਫਾਇਰ ਕੀਤੇ। ਆਕਾਸ਼ ਨੇ ਪੁਲਿਸ ਉੱਤੇ ਦੋ ਗੋਲੀਆਂ ਚਲਾਈਆਂ ਜਦੋਂ ਕਿ ਪੁਲਿਸ ਵੱਲੋਂ ਅੱਠ ਫਾਇਰ ਕੀਤੇ ਗਏ। ਇਸ ਦੌਰਾਨ ਇੱਕ ਗੋਲੀ ਆਕਾਸ਼ ਦੀਆਂ ਖੱਬੀ ਬਾਂਹ ਵਿੱਚ ਵੱਜ ਗਈ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …