Breaking News
Home / ਪੰਜਾਬ / ਡੇਰਾ ਪ੍ਰੇਮੀ ਨੇ ਹੱਥਾਂ ਨਾਲ ਬਣਾਏ ਸਨ ਵਿਵਾਦਤ ਪੋਸਟਰ

ਡੇਰਾ ਪ੍ਰੇਮੀ ਨੇ ਹੱਥਾਂ ਨਾਲ ਬਣਾਏ ਸਨ ਵਿਵਾਦਤ ਪੋਸਟਰ

450 ਸ਼ੱਕੀਆਂ ਦੀ ਹੱਥ ਲਿਖਤ ਦੇ ਅਧਿਐਨ ਤੋਂ ਬਾਅਦ ਬਣਾਈ ਪਛਾਣ
ਚੰਡੀਗੜ੍ਹ : ਬੁਰਜ ਜਵਾਹਰ ਵਾਲਾ ਅਤੇ ਬਰਗਾੜੀ ਪਿੰਡਾਂ ਵਿਚ ਅਕਤੂਬਰ 2015 ‘ਚ ਮਿਲੇ ਬੇਅਦਬੀ ਵਾਲੇ ਪੋਸਟਰਾਂ ਨੂੰ ਲਿਖਣ ਵਾਲੇ ਦੀ ਪਛਾਣ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਕਰੀਬ 450 ਸ਼ੱਕੀਆਂ ਦੀ ਹੱਥ ਲਿਖਤ ਦੇ ਅਧਿਐਨ ਮਗਰੋਂ ਹੋਈ ਹੈ। ਇਨ੍ਹਾਂ ਪੋਸਟਰਾਂ ਕਰਕੇ ਹੀ ਹਿੰਸਾ ਮਗਰੋਂ ਪੁਲਿਸ ਫਾਇਰਿੰਗ ਹੋਈ ਸੀ। ਇਹ ਖ਼ੁਲਾਸਾ ਸੀਬੀਆਈ ਨੂੰ ਸੌਂਪੀ ਗਈ ਰਿਪੋਰਟ ਵਿਚ ਹੋਇਆ ਹੈ। ਡੀਆਈਜੀ ਰਣਬੀਰ ਖਟੜਾ ਦੀ ਅਗਵਾਈ ਹੇਠਲੀ ਵਿਸ਼ੇਸ਼ ਜਾਂਚ ਟੀਮ ਨੇ ਇਹ ਵੀ ਪਰਦਾਫਾਸ਼ ਕੀਤਾ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਖਿਲਾਫ਼ ਬਣੀ 25 ਮੈਂਬਰੀ ਐਕਸ਼ਨ ਕਮੇਟੀ ਦੇ ਇਕ ਵਿਅਕਤੀ ਨੇ ਏ-4 ਸਾਈਜ਼ ਦੇ 10 ਕਾਗਜ਼ ਮੁਲਜ਼ਮ ਨੂੰ ਵੇਚੇ ਸਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਤੱਥ ਸਿੱਟ ਵੱਲੋਂ ਕੀਤੀ ਗਈ ਪੁੱਛ-ਗਿੱਛ ਦੌਰਾਨ ਹੀ ਸਾਹਮਣੇ ਆਇਆ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਡੇਰਾ ਮੁਖੀ ਦੇ ਨਿੱਜੀ ਅਮਲੇ ਦੇ ਮੈਂਬਰ ਪੂਰੀ ਸਾਜ਼ਿਸ਼ ਵਿਚ ਸ਼ਾਮਲ ਸਨ। ਰਿਪੋਰਟ ਮੁਤਾਬਕ ਕੋਟਕਪੂਰਾ ਦੇ ਵਸਨੀਕ ਅਤੇ ਸਿਰਸਾ ਡੇਰੇ ਦੇ ਪ੍ਰੇਮੀ ਸੁਖਜਿੰਦਰ ਉਰਫ਼ ਸੰਨੀ ਨੇ ਰੇਨੌਲਡ ਕਾਲੇ ਮਾਰਕਰ ਨਾਲ ਪੋਸਟਰ ਲਿਖੇ ਸਨ। ਪਿੰਡ ਬਰਗਾੜੀ ਦੇ ਗੋਪਾਲ ਕੁਮਾਰ ਨੇ ਇਹ 10 ਕਾਗਜ਼ ਡੱਗੋ ਰੋਮਾਣਾ ਪਿੰਡ ਦੇ ਸ਼ਕਤੀ ਸਿੰਘ ਨੂੰ ਵੇਚੇ ਸਨ ਜਿਸ ਨੇ ਅੱਗੇ ਸੰਨੀ ਨੂੰ ਦੇ ਦਿੱਤੇ।
ਗੋਪਾਲ ਕੁਮਾਰ ਨੇ ਪਹਿਲਾਂ ਕਿਤੇ ਵੀ ਇਹ ਬਿਆਨ ਨਹੀਂ ਦਿੱਤਾ ਹੈ। ਸੰਨੀ ਦੇ ਸੈਂਪਲ ਲੈਣ ਮਗਰੋਂ ਹੀ ਉਸ ਦੀ ਜੂਨ ‘ਚ ਗ੍ਰਿਫ਼ਤਾਰੀ ਸੰਭਵ ਹੋ ਸਕੀ। ਬੇਅਦਬੀ ਦੀਆਂ ਘਟਨਾਵਾਂ ਦੇ ਕਾਰਨਾਂ ਬਾਰੇ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪ੍ਰੇਮੀਆਂ ਦਾ ਇਕ ਗੁੱਟ ਡੇਰਾ ਮੁਖੀ ਦੀ ਅਦਾਕਾਰੀ ਵਾਲੀ ‘ਐਮਐਸਜੀ-2’ ਫਿਲਮ ‘ਤੇ ਪੰਜਾਬ ਸਰਕਾਰ ਵੱਲੋਂ ਪਾਬੰਦੀ ਲਗਾਉਣ ਕਰਕੇ ਨਾਰਾਜ਼ ਸੀ।

Check Also

ਲੁਧਿਆਣਾ ਤੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਸ਼ਰਾਬ ਨਾਲ ਤੋਲਿਆ

ਮਜੀਠੀਆ ਬੋਲੇ : ਲੋਕਾਂ ਨੇ ਪੀਤੀ ਤੁਪਕਾ ਤੁਪਕਾ ‘ਆਪ’ ਵਾਲਿਆਂ ਨੇ ਪੀਤੀ ਬਾਟੇ ਨਾਲ ਲੁਧਿਆਣਾ/ਬਿਊਰੋ …