ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਵੀਰਵਾਰ ਨੂੰ ਪੰਜਾਬ ਦੇ ਕਈ ਟੋਲ ਪਲਾਜ਼ਿਆਂ ‘ਤੇ ਕਿਸਾਨਾਂ ਨੇ ਕੇਂਦਰ ਅਤੇ ਰਾਜ ਸਰਕਾਰ ਖਿਲਾਫ਼ ਧਰਨੇ ਸ਼ੁਰੂ ਕਰ ਦਿੱਤੇ। ਜਿਸ ਦੇ ਚਲਦਿਆਂ ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਪੰਜਾਬ ਨੂੰ 15 ਜਨਵਰੀ ਤੱਕ ਟੋਲ ਮੁਕਤ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਕਿਸਾਨ ਆਗੂਆਂ ਦਾ ਕਹਿਣਾ ਕਿ ਜੇਕਰ ਕੇਂਦਰ ਅਤੇ ਸੂਬਾ ਸਰਕਾਰ ਨੇ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ 15 ਜਨਵਰੀ ਤੱਕ ਲਾਗੂ ਨਾ ਕੀਤਾ ਤਾਂ ਫਿਰ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਇਸ ਲਈ ਹੁਣ ਡੀਸੀ ਦਫ਼ਤਰ ਅਤੇ ਮੰਤਰੀਆਂ ਦੇ ਘਿਰਾਓ ਤੋਂ ਬਾਅਦ ਟੋਲ ਪਲਾਜ਼ਿਆਂ ਵੱਲ ਰੁਖ ਕੀਤਾ ਜਾ ਰਿਹਾ ਹੈ। ਪੰਧੇਰ ਨੇ ਇਹ ਵੀ ਕਿਹਾ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਟੋਲ ਪਲਾਜ਼ਿਆਂ ‘ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਉਨ੍ਹਾਂ ਦਾ ਸਹੀ ਵੇਤਨ ਸਮੇਂ ਸਿਰ ਮਿਲਦਾ ਰਹੇ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਹ ਪੰਜਾਬ ਦੇ ਹੋਰ ਕਿਸਾਨਾਂ ਨਾਲ ਵੀ ਗੱਲਬਾਤ ਕਰ ਰਹੇ ਹਨ। ਇਕ ਮਹੀਨੇ ਬਾਅਦ ਬਾਕੀ ਟੋਲ ਪਲਾਜ਼ੇ ਵੀ ਬੰਦ ਕਰ ਦਿੱਤੇ ਜਾਣਗੇ। ਜੇਕਰ ਟੋਲ ਪਲਾਜ਼ੇ ਬੰਦ ਕਰਨ ਤੋਂ ਬਾਅਦ ਵੀ ਸਰਕਾਰ ਨਾ ਮੰਨੀ ਤਾਂ ਫਿਰ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਉਧਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਚੋਲਾਂਗ ਟੋਲ ਪਲਾਜ਼ੇ ‘ਤੇ ਸਥਿਤੀ ਉਦੋਂ ਤਣਾਅ ਪੂਰਨ ਹੋ ਗਈ ਜਦੋਂ ਕਿਸਾਨ ਜਥੇਬੰਦੀਆਂ ਇਸ ਟੋਲ ਪਲਾਜ਼ੇ ‘ਤੇ ਇਸ ਨੂੰ 1 ਮਹੀਨੇ ਲਈ ਟੋਲ ਮੁਕਤ ਕਰਨ ਲਈ ਪਹੁੰਚੀਆਂ ਪ੍ਰੰਤੂ ਟੋਲ ਕਰਮਚਾਰੀਆਂ ਨੇ ਕਿਹਾ ਕਿ ਜੇਕਰ ਟੋਲ ਬੰਦ ਹੁੰਦਾ ਹੈ ਤਾਂ ਉਹ ਬੇਰੁਜ਼ਗਾਰ ਹੋ ਜਾਣਗੇ, ਜਿਸ ਦੇ ਚਲਦਿਆਂ ਕਿਸਾਨਾਂ ਅਤੇ ਟੋਲ ਕਰਮਚਾਰੀਆਂ ਦਰਮਿਆਨ ਧੱਕਾ-ਮੁੱਕੀ ਵੀ ਹੋਈ। ਇਸ ਤੋਂ ਪਹਿਲਾਂ ਲੰਘੇ ਬੁੱਧਵਾਰ ਨੂੰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਫਿਲਹਾਲ ਕੋਈ ਫੈਸਲਾ ਨਹੀਂ ਲਿਆ ਅਤੇ ਨਾ ਹੀ ਕਿਸਾਨਾਂ ‘ਤੇ ਦਰਜ ਕੇਸ ਵਾਪਸ ਲਏ ਗਏ ਹਨ। ਜਿਸ ਦੇ ਲਈ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਾਲੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰ ਸਰਕਾਰ ਨੂੰ 24 ਦਸੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਦੇਸ਼ ਭਰ ‘ਚ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ। ਜਿਸ ਦੇ ਲਈ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਕਿਸਾਨ ਆਗੂਆਂ ਵੱਲੋਂ 24 ਦਸੰਬਰ ਨੂੰ ਕਰਨਾਲ ਵਿਚ ਇਕ ਮੀਟਿੰਗ ਕੀਤੀ ਜਾਵੇਗੀ। ਇਹ ਪ੍ਰਦਰਸ਼ਨ ਕਿਸ ਤਰ੍ਹਾਂ ਦਾ ਹੋਵੇਗਾ ਇਸ ਸਬੰਧੀ ਫੈਸਲਾ 24 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਵਿਚ ਕੀਤਾ ਜਾਵੇਗਾ। ਧਿਆਨ ਰਹੇ ਕਿ ਕਿਸਾਨ ਅੰਦੋਲਨ ਦੇ ਚਲਦਿਆਂ ਕਈ ਕਿਸਾਨਾਂ ‘ਤੇ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ‘ਚ ਕੇਸ ਦਰਜ ਹੋਏ ਸਨ। ਕਿਸਾਨ ਆਗੂਆਂ ਦੀ ਇਨ੍ਹਾਂ ਕੇਸਾਂ ਨੂੰ ਰੱਦ ਕਰਵਾਉਣ ਸਮੇਤ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨਾ ਅਤੇ ਕਿਸਾਨਾਂ ਦੀ ਪੈਨਸ਼ਨ ਸਬੰਧੀ ਹੋਰ ਕਈ ਮੰਗਾਂ ਸ਼ਾਮਲ ਹਨ।
ਭਗਵੰਤ ਮਾਨ ਨੇ ਹੁਸ਼ਿਆਰਪੁਰ ਦੇ ਲਾਚੋਵਾਲ ਟੋਲ ਪਲਾਜ਼ਾ ਨੂੰ ਟੋਲ ਮੁਕਤ ਕੀਤਾ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਸ਼ਿਆਰਪੁਰ ਦੇ ਲਾਚੋਵਾਲ ਟੌਲ ਪਲਾਜ਼ਾ ‘ਤੇ ਪਹੁੰਚੇ ਅਤੇ ਉਸ ਨੂੰ ਟੌਲ ਮੁਕਤ ਕਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਹੁਸ਼ਿਆਰਪੁਰ-ਟਾਂਡਾ ਰੋਡ ‘ਤੇ ਲਾਚੋਵਾਲ ਟੌਲ, ਜਿਸਦੀ 14 ਦਸੰਬਰ ਅੱਧੀ ਰਾਤ ਤੋਂ ਮਿਆਦ ਖ਼ਤਮ ਹੋ ਚੁੱਕੀ ਸੀ, ਨੂੰ ਲੋਕਾਂ ਵਾਸਤੇ ਖੋਲ੍ਹ ਦਿੱਤਾ ਗਿਆ ਹੈ। ਆਉਣ ਵਾਲੇ ਸਮੇਂ ‘ਚ ਹੋਰ ਵੀ ਸੜਕਾਂ ਨੂੰ ਆਜ਼ਾਦ ਕੀਤਾ ਜਾਵੇਗਾ। ਇਸ ਮੌਕੇ ਭਗਵੰਤ ਮਾਨ ਨੇ ਸੂਬੇ ਦੇ ਸਾਰੇ ਟੋਲ ਪਲਾਜ਼ਿਆਂ ਲਈ ਐਲਾਨ ਕੀਤਾ ਹੈ ਕਿ ਹਰ ਇਕ ਟੋਲ ਪਲਾਜ਼ਾ ਆਪਣੀ ਐਕਸਪਾਇਰੀ ਮਿਤੀ ਲਿਖ ਕੇ ਟੋਲ ਪਲਾਜ਼ਾ ‘ਤੇ ਲਗਾਉਣ। ਇਸਦੇ ਨਾਲ ਹੀ ਉਨ੍ਹਾਂ ਨੇ ਕੈਪਟਨ ਸਰਕਾਰ ਅਤੇ ਅਕਾਲੀਆਂ ਵੇਲੇ ਦੀ ਸਰਕਾਰ ਨੂੰ ਲੰਮੇ ਹੱਥੀਂ ਲੈਂਦੇ ਹੋਏ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕੰਪਨੀਆਂ ਨੂੰ ਲੋਕਾਂ ਦੀ ਲੁੱਟ ਕਰਨ ਲਈ ਖੁੱਲ੍ਹੀ ਛੁੱਟੀ ਦਿੱਤੀ ਹੋਈ ਸੀ। ਮੁੱਖ ਮੰਤਰੀ ਨੇ ਕਿਹਾ ਕਿ ਲਾਚੋਵਾਲ ਟੋਲ ਪਲਾਜ਼ਾ ਦੀ ਕੰਪਨੀ ਨੇ ਐਗਰੀਮੈਂਟ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ। ਕੰਪਨੀ ਦੇ ਖਿਲਾਫ ਨੋਟਿਸ ਕੱਢ ਕੇ ਐਫਆਈਆਰ ਕੀਤੀ ਗਈ ਹੈ।