Breaking News
Home / ਹਫ਼ਤਾਵਾਰੀ ਫੇਰੀ / ਅਫਗਾਨਿਸਤਾਨ ‘ਚ ਰਹਿ ਰਹੇ ਸਿਰਫ 10 ਸਿੱਖ ਤੇ 4 ਹਿੰਦੂ

ਅਫਗਾਨਿਸਤਾਨ ‘ਚ ਰਹਿ ਰਹੇ ਸਿਰਫ 10 ਸਿੱਖ ਤੇ 4 ਹਿੰਦੂ

ਭਾਰਤ ਸਰਕਾਰ ਤੋਂ ਕਰ ਰਹੇ ਵੀਜ਼ੇ ਦੀ ਉਡੀਕ
ਅੰਮ੍ਰਿਤਸਰ : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਮੌਜੂਦਾ ਸਮੇਂ ਉੱਥੇ ਸਿਰਫ 10 ਸਿੱਖ ਅਤੇ 4 ਹਿੰਦੂ ਰਹਿ ਰਹੇ ਹਨ। ਉੱਥੇ ਇਸਲਾਮਿਕ ਅਮੀਰਾਤ ਆਫ ਅਫਗਾਨਿਸਤਾਨ ਦੀ ਤਾਲਿਬਾਨੀ ਸਰਕਾਰ ਬਣਨ ਤੋਂ ਬਾਅਦ ਹੋਈਆਂ ਹਿੰਸਕ ਘਟਨਾਵਾਂ ਦੇ ਚਲਦਿਆਂ ਲਗਪਗ ਸਾਰੇ ਅਫਗਾਨ ਹਿੰਦੂ ਤੇ ਸਿੱਖ ਪਰਿਵਾਰ ਭਾਰਤ ਸਰਕਾਰ ਦੇ ਸਹਿਯੋਗ ਨਾਲ ਆਪਣੀਆਂ ਜਾਨਾਂ ਬਚਾ ਕੇ ਦਿੱਲੀ ਆ ਚੁੱਕੇ ਹਨ। ਕਾਬੁਲ ਦੀ ਆਬਾਦੀ ਕਰਤਾ-ਏ-ਪਰਵਾਨ ਵਿਖੇ ਮਰਕਜ਼ੀ ਗੁਰਦੁਆਰਾ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਬਕਾ ਪ੍ਰਬੰਧਕ ਭਾਈ ਗੁਰਨਾਮ ਸਿੰਘ ਨੇ ਫੋਨ ‘ਤੇ ਇਕ ਅਖਬਾਰ ਨਾਲ ਉਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਸਮੇਂ ਅਫਗਾਨਿਸਤਾਨ ‘ਚ ਬਚੇ ਰਹਿ ਗਏ ਉਕਤ ਹਿੰਦੂ ਸਿੱਖਾਂ ‘ਚੋਂ 2 ਸਿੱਖ ਜਲਾਲਾਬਾਦ, 4 ਗ਼ਜ਼ਨੀ ਅਤੇ 4 ਕਾਬੁਲ ‘ਚ ਰਹਿ ਰਹੇ ਹਨ। ਕਾਬੁਲ ‘ਚ ਰਹਿ ਰਹੇ ਉਕਤ ਸਿੱਖਾਂ ‘ਚੋਂ ਇਕ ਸਿੱਖ ਗੁਰਦੁਆਰਾ ਕਰਤਾ-ਏ-ਪਰਵਾਨ ਵਿਖੇ ਵੀ ਰਹਿ ਰਿਹਾ ਹੈ। ਜਦਕਿ 4 ਹਿੰਦੂ ਆਸਾਮਾਈ ਖੇਤਰ ਵਿਚਲੇ ਮੰਦਰ ‘ਚ ਰਹਿ ਰਹੇ ਹਨ।
ਉਨ੍ਹਾਂ ਕਿਹਾ ਕਿ ਇਹ 14 ਵਿਅਕਤੀ ਵੀ ਭਾਰਤ ਸਰਕਾਰ ਵਲੋਂ ਵੀਜ਼ਾ ਮਿਲਣ ਦੀ ਉਡੀਕ ਕਰ ਰਹੇ ਹਨ ਅਤੇ ਜੇਕਰ ਇਨ੍ਹਾਂ ਨੂੰ ਪਹਿਲਾਂ ਵੀਜ਼ੇ ਮਿਲ ਗਏ ਹੁੰਦੇ ਤਾਂ ਹੁਣ ਤਕ ਇਹ ਸਭ ਵਿਅਕਤੀ ਅਫਗਾਨਿਸਤਾਨ ਛੱਡ ਚੁਕੇ ਹੁੰਦੇ। ਉਨ੍ਹਾਂ ਕਿਹਾ ਕਿ ਕਰਤਾ-ਏ-ਪਰਵਾਨ ਇਲਾਕਾ ਹਿੰਦੂ ਤੇ ਸਿੱਖ ਭਾਈਚਾਰਿਆਂ ਦੀ ਵੱਡੀ ਆਬਾਦੀ ਕਾਰਨ ਇਸਲਾਮਿਕ ਦੇਸ਼ ਅਫਗਾਨਿਸਤਾਨ ‘ਚ ਵਿਭਿੰਨਤਾ ਦਾ ਪ੍ਰਤੀਬਿੰਬ ਰਿਹਾ ਹੈ। ਗੁਰਦੁਆਰਾ ਕਰਤਾ-ਏ-ਪਰਵਾਨ ‘ਚ ਪਹਿਲਾਂ ਸ਼ਰਧਾਲੂਆਂ ਦੀ ਚੰਗੀ ਰੌਣਕ ਰਹਿੰਦੀ ਸੀ ਪਰ ਵੱਡੀ ਗਿਣਤੀ ‘ਚ ਸਿੱਖਾਂ ਤੇ ਹਿੰਦੂਆਂ ਦੇ ਅਫ਼ਗ਼ਾਨਿਸਤਾਨ ਤੋਂ ਹਿਜਰਤ ਕਰਕੇ ਚਲੇ ਜਾਣ ਕਰਕੇ ਹੁਣ ਉੱਥੇ ਸੰਨਾਟਾ ਪਸਰਿਆ ਹੋਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਅਫਗਾਨਿਸਤਾਨ ‘ਚ ਸਾਲ 1970 ‘ਚ ਸਿੱਖਾਂ ਦੀ ਆਬਾਦੀ ਲਗਪਗ ਇਕ ਲੱਖ ਸੀ ਪਰ ਦੇਸ਼ ‘ਚ ਦਹਾਕਿਆਂ ਦੇ ਸੰਘਰਸ਼ ਤੇ ਗਰੀਬੀ ਨੇ ਲਗਪਗ ਸਾਰੀ ਹਿੰਦੂ ਸਿੱਖ ਆਬਾਦੀ ਨੂੰ ਅਫਗਾਨਿਸਤਾਨ ਛੱਡਣ ਲਈ ਮਜਬੂਰ ਕਰ ਦਿੱਤਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਹਮਲੇ ਤੋਂ ਬਾਅਦ ਗੁਰਦੁਆਰਾ ਸਾਹਿਬ ਦੀ ਨਵਉਸਾਰੀ ਤੇ ਮੁਰੰਮਤ ਦੇ ਹੋਰ ਕੰਮ ਤਾਲਿਬਾਨ ਸਰਕਾਰ ਨੇ ਮੁਕੰਮਲ ਕਰਵਾ ਦਿੱਤੇ ਹਨ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …