Breaking News
Home / ਹਫ਼ਤਾਵਾਰੀ ਫੇਰੀ / ਉਲੰਪਿਕ ‘ਚ ਪੰਜਾਬ ਨੂੰ 21 ਸਾਲਾਂ ਬਾਅਦ ਮਿਲੀ ਹਾਕੀ ਟੀਮ ਦੀ ਕਪਤਾਨੀ

ਉਲੰਪਿਕ ‘ਚ ਪੰਜਾਬ ਨੂੰ 21 ਸਾਲਾਂ ਬਾਅਦ ਮਿਲੀ ਹਾਕੀ ਟੀਮ ਦੀ ਕਪਤਾਨੀ

ਹਾਕੀ ਟੀਮ ‘ਚ 8 ਖਿਡਾਰੀ ਪੰਜਾਬ ਨਾਲ ਸਬੰਧਤ
ਚੰਡੀਗੜ੍ਹ/ਬਿਊਰੋ ਨਿਊਜ਼ : ਹਾਕੀ ਦਾ ਮੱਕਾ ਕਹੇ ਜਾਣ ਵਾਲੇ ਪੰਜਾਬ ਨੂੰ ਇਸ ਵਾਰ ਟੋਕੀਓ ਉਲੰਪਿਕ ਲਈ ਟੀਮ ਦੀ ਕਪਤਾਨੀ ਮਿਲੀ ਹੈ। ਉਲੰਪਿਕ ਵਿਚ ਪੰਜਾਬ ਨੂੰ ਇਹ ਮੌਕਾ 21 ਸਾਲਾਂ ਬਾਅਦ ਮਿਲਿਆ। ਇਸ ਤੋਂ ਪਹਿਲਾਂ ਸੰਨ 2000 ਵਿਚ ਸਿਡਨੀ ਉਲੰਪਿਕ ਲਈ ਰਮਨਦੀਪ ਸਿੰਘ ਗਰੇਵਾਲ ਪੰਜਾਬੀ ਖਿਡਾਰੀ ਸਨ, ਜਿਨ੍ਹਾਂ ਨੂੰ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ ਸੀ। ਇਸ ਵਾਰ ਜਲੰਧਰ ਨੇੜਲੇ ਪਿੰਡ ਮਿੱਠਾਪੁਰ ਦੇ ਮਨਪ੍ਰੀਤ ਸਿੰਘ ਨੂੰ ਭਾਰਤੀ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ। ਦਿਲਚਸਪ ਗੱਲ ਇਹ ਹੈ ਕਿ ਮਿੱਠਾਪੁਰ ਪੰਜਾਬ ਦਾ ਪਹਿਲਾ ਅਜਿਹਾ ਪਿੰਡ ਹੈ, ਜਿਸ ਨੂੰ ਤੀਜੀ ਵਾਰ ਓਲੰਪਿਕ ਖੇਡਾਂ ਵਿੱਚ ਹਾਕੀ ਟੀਮ ਦੀ ਕਪਤਾਨੀ ਕਰਨ ਦਾ ਮੌਕਾ ਮਿਲਿਆ ਹੈ। ਮਨਪ੍ਰੀਤ ਤੋਂ ਪਹਿਲਾਂ ਪਰਗਟ ਸਿੰਘ ਬਾਰਸੀਲੋਨਾ-1992 ਅਤੇ ਐਟਲਾਂਟਾ-1996 ਵਿੱਚ ਭਾਰਤੀ ਹਾਕੀ ਟੀਮ ਦੇ ਕਪਤਾਨ ਰਹਿ ਚੁੱਕੇ ਹਨ। ਇਸ ਤੋਂ ਪਹਿਲਾਂ ਪੰਜਾਬ ਦੇ ਬਲਬੀਰ ਸਿੰਘ ਸੀਨੀਅਰ, ਚਰਨਜੀਤ ਸਿੰਘ, ਪ੍ਰਿਥੀਪਾਲ ਸਿੰਘ, ਹਰਮੀਕ ਸਿੰਘ ਤੇ ਅਜੀਤਪਾਲ ਸਿੰਘ ਵੀ ਉਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਦੇ ਕਪਤਾਨ ਰਹਿ ਚੁੱਕੇ ਹਨ।
ਭਾਰਤੀ ਹਾਕੀ ਟੀਮ ਵਿਚ ਸ਼ੁਰੂ ਤੋਂ ਹੀ ਪੰਜਾਬ ਦੇ ਖਿਡਾਰੀਆਂ ਦਾ ਦਬਦਬਾ ਰਿਹਾ। ਇਸ ਵਾਰ ਵੀ 16 ਮੈਂਬਰੀ ਹਾਕੀ ਟੀਮ ਵਿਚ 8 ਖਿਡਾਰੀ ਪੰਜਾਬ ਦੇ ਹਨ ਅਤੇ ਜਿਨ੍ਹਾਂ ਵਿਚੋਂ 3 ਜਲੰਧਰ ਜ਼ਿਲ੍ਹੇ ਨਾਲ ਸਬੰਧਤ ਹਨ। ਮਨਪ੍ਰੀਤ ਪੰਜਾਬ ਪੁਲਿਸ ‘ਚ ਡੀਐਸਪੀ ਦੇ ਅਹੁਦੇ ‘ਤੇ ਤੈਨਾਤ ਹਨ ਅਤੇ ਉਹ ਅੱਠਵੇਂ ਅਜਿਹੇ ਪੰਜਾਬੀ ਖਿਡਾਰੀ ਨੇ, ਜਿਹੜੇ ਉਲੰਪਿਕ ਵਿਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰਨਗੇ। ਹਾਕੀ ਟੀਮ ਦਾ ਉਪ ਕਪਤਾਨ ਵੀ ਅੰਮ੍ਰਿਤਸਰ ਦੇ ਹਰਮਨਪ੍ਰੀਤ ਨੂੰ ਬਣਾਇਆ ਗਿਆ।
ਜ਼ਿਕਰਯੋਗ ਹੈ ਕਿ ਉਲੰਪਿਕ ਲਈ ਚੁਣੇ ਗਏ 13 ਪੰਜਾਬੀ ਖਿਡਾਰੀਆਂ ਵਿਚ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ, ਮਨਦੀਪ ਸਿੰਘ, ਹਾਰਦਿਕ ਸਿੰਘ, ਹਰਮਨਪ੍ਰੀਤ ਸਿੰਘ, ਰੁਪਿੰਦਰ ਪਾਲ, ਸ਼ਮਸ਼ੇਰ, ਦਿਲਪ੍ਰੀਤ ਸਿੰਘ ਅਤੇ ਗੁਰਜੰਟ ਸਿੰਘ ਸ਼ਾਮਲ ਹਨ। ਇਸੇ ਤਰ੍ਹਾਂ ਅਥਲੈਟਿਕਸ ਵਿਚ ਤੇਜਿੰਦਰਪਾਲ ਸਿੰਘ ਤੂਰ, ਕਮਲਪ੍ਰੀਤ ਕੌਰ, ਮਹਿਲਾ ਹਾਕੀ ‘ਚ ਗੁਰਜੀਤ ਕੌਰ, ਬੌਕਸਿੰਗ ਵਿਚ ਸਿਮਰਨ ਅਤੇ ਸ਼ੂਟਿੰਗ ‘ਚ ਅੰਜੁਮ ਮੌਦਗਿੱਲ ਸ਼ਾਮਲ ਹਨ।
ਡਿਸਕਸ ਥਰੋਅ ‘ਚ ਕਮਲਪ੍ਰੀਤ ਦੀ ਉਲੰਪਿਕ ਲਈ ਚੋਣ
ਮਲੋਟ : ਪਿੰਡ ਕਬਰਵਾਲਾ ਦੀ ਕਮਲਪ੍ਰੀਤ ਕੌਰ ਨੇ ਪਟਿਆਲਾ ਵਿੱਚ ਹੋਏ ਡਿਸਕਸ ਥਰੋਅ ਮੁਕਾਬਲੇ ਦੌਰਾਨ 66.59 ਮੀਟਰ ਨਾਲ ਓਲੰਪਿਕ ਵਿੱਚ ਜਗ੍ਹਾ ਬਣਾ ਲਈ ਹੈ। ਉਸ ਨੇ ਆਪਣਾ ਹੀ ਨੌਂ ਸਾਲ ਪੁਰਾਣਾ 65.06 ਮੀਟਰ ਦਾ ਰਿਕਾਰਡ ਤੋੜਿਆ। ਕਮਲਪ੍ਰੀਤ ਦੇ ਪਿਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਕੱਟਿਆਂਵਾਲੀ ਸਕੂਲ ਵਿੱਚ 10ਵੀਂ ‘ਚ ਪੜ੍ਹਦਿਆਂ ਕਮਲਪ੍ਰੀਤ ਨੇ ਡਿਸਕਸ ਥ੍ਰੋਅ ਦੀ ਸ਼ੁਰੂਆਤ ਕੀਤੀ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਮਲਪ੍ਰੀਤ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ।

Check Also

ਇਕੋ ਦਿਨ ਜਲੰਧਰ ‘ਚੋਂ ਉਡ ਗਈਆਂ ‘ਆਪ’ ਦੀਆਂ ਦੋ ਤਿਤਲੀਆਂ

ਚੰਦ ਦਿਨਾਂ ‘ਚ ਚੁਣੇ ਹੋਏ ਤਿੰਨ ਸੰਸਦ ਮੈਂਬਰਾਂ ਨੇ ਦਲ ਬਦਲ ਕੇ ਭਾਜਪਾ ‘ਚ ਕੀਤੀ …