Breaking News
Home / ਹਫ਼ਤਾਵਾਰੀ ਫੇਰੀ / ਕੌਮਾਂਤਰੀ ਵਿਦਿਆਰਥੀਆਂ ਬਾਰੇ ਹੋਰ ਸਖਤ ਹੋਣ ਲੱਗੀ ਕੈਨੇਡਾ ਸਰਕਾਰ

ਕੌਮਾਂਤਰੀ ਵਿਦਿਆਰਥੀਆਂ ਬਾਰੇ ਹੋਰ ਸਖਤ ਹੋਣ ਲੱਗੀ ਕੈਨੇਡਾ ਸਰਕਾਰ

ਮੁੜ ਜਾਂਚ ਲਈ ਦਸਤਾਵੇਜ਼ਾਂ ਦੀ ਮੰਗ ਕਰਦੀਆਂ ਈਮੇਲਾਂ ਤੋਂ ਪੰਜਾਬੀ ਵਿਦਿਆਰਥੀ ਡਰੇ
ਵੈਨਕੂਵਰ/ਬਿਊਰੋ ਨਿਊਜ਼ : ਕੈਨੇਡਾ ਪਹੁੰਚੇ ਕੌਮਾਂਤਰੀ ਵਿਦਿਆਰਥੀਆਂ ਨੂੰ ਆਈ.ਆਰ.ਸੀ.ਸੀ. (ਅਵਾਸ ਵਿਭਾਗ) ਵਲੋਂ ਕੁਝ ਦਿਨਾਂ ਤੋਂ ਆਈਆਂ ਈਮੇਲ ਰਾਹੀਂ ਆਪਣੇ ਦਸਤਾਵੇਜ਼ ਸਮੇਤ ਪੜ੍ਹਾਈ ਦੇ ਸਥਾਨ, ਉੱਥੋਂ ਦੀਆਂ ਹਾਜ਼ਰੀਆਂ ਅਤੇ ਕੰਮ ਦੇ ਸਥਾਨਾਂ ਆਦਿ ਦੀ ਜਾਣਕਾਰੀ ਭੇਜਣ ਦੇ ਦਿੱਤੇ ਗਏ ਹੁਕਮਾਂ ਨੇ ਪੰਜਾਬੀ ਵਿਦਿਆਰਥੀਆਂ ‘ਚ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ। ਬੇਸ਼ੱਕ ਵਿਭਾਗ ਦੇ ਬੁਲਾਰੇ ਜਾਂ ਮੰਤਰੀ ਵਲੋਂ ਇਸ ਬਾਰੇ ਅਜੇ ਕੋਈ ਵੀ ਅਧਿਕਾਰਤ ਬਿਆਨ ਨਹੀਂ ਆਇਆ, ਪਰ ਵਿਭਾਗ ਦੇ ਸੂਤਰਾਂ ਨੇ ਗੈਰਰਸਮੀ ਗੱਲਬਾਤ ਵਿੱਚ ਕਿਹਾ ਕਿ ਪੁੱਛਗਿੱਛ ਆਮ ਰੁਟੀਨ ਦਾ ਹਿੱਸਾ ਹੈ।
ਉਸਨੇ ਕਿਹਾ ਕਿ ਅਵਾਸ ਵਿਭਾਗ ਨੂੰ ਸ਼ੱਕ ਦੂਰ ਕਰਨ ਲਈ ਕਿਸੇ ਦੇ ਵੀ ਪੱਤਰਾਂ ਦੀ ਜਾਂਚ ਕਰਨ ਦਾ ਅਖ਼ਤਿਆਰ ਹਾਸਲ ਹੈ ਤੇ ਕਿਸੇ ਤੋਂ ਵੀ ਦੁਬਾਰਾ ਦਸਤਾਵੇਜ਼ ਮੰਗੇ ਜਾ ਸਕਦੇ ਹਨ। ਉਸਦਾ ਕਹਿਣਾ ਸੀ ਕਿ ਕਰੋਨਾ ਤੋਂ ਬਾਅਦ ਵਿਦਿਆਰਥੀਆਂ ਦੀ ਇੱਕਦਮ ਵਧੀ ਭਾੜ ਦੌਰਾਨ ਫਾਈਲਾਂ ਚੰਗੀ ਤਰ੍ਹਾਂ ਨਹੀਂ ਘੋਖੀਆਂ ਗਈਆਂ, ਜਿਸ ਕਰਕੇ ਕੁਝ ਨਾਜਾਇਜ਼ ਵਿਦਿਆਰਥੀ ਕੈਨੇਡਾ ਪਹੁੰਚਣ ਵਿਚ ਸਫਲ ਹੋਏ, ਜਿਨ੍ਹਾਂ ਦੀ ਜਾਂਚ ਦੁਬਾਰਾ ਸ਼ੁਰੂ ਕੀਤੀ ਗਈ ਹੈ। ਉਸਨੇ ਭਰੋਸੇ ਨਾਲ ਕਿਹਾ ਕਿ ਨਾਜਾਇਜ਼ ਦਸਤਾਵੇਜ਼ਾਂ ਸਹਾਰੇ ਇੱਥੇ ਪੁੱਜੇ ਲੋਕਾਂ ਦੇ ਮਨਾਂ ਵਿਚ ਡਰ ਹੋਣਾ ਜਾਇਜ਼ ਹੈ, ਪਰ ਸੱਚੇ-ਸੁੱਚੇ, ਲਾਇਕ ਤੇ ਮਿਹਨਤੀ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ, ਸਗੋਂ ਉਨ੍ਹਾਂ ਨੂੰ ਕਿਸੇ ਵੀ ਝੰਜਟ ਵਿੱਚ ਪੈਣ ਤੋਂ ਬਿਨਾਂ ਮੰਗੇ ਗਏ ਦਸਤਾਵੇਜ਼ ਫ਼ੌਰੀ ਵਿਭਾਗ ਨੂੰ ਭੇਜਣੇ ਚਾਹੀਦੇ ਹਨ, ਭਾਵ ਏਜੰਟਾਂ ਆਦਿ ਦੇ ਚੁੰਗਲ ਵਿੱਚ ਨਹੀਂ ਫਸਣਾ ਚਹੀਦਾ।
ਇਸ ਦੌਰਾਨ ਪਤਾ ਲੱਗਾ ਹੈ ਕਿ ਸਖ਼ਤੀ ਦੀ ਗਾਜ ਉਨ੍ਹਾਂ ‘ਤੇ ਡਿੱਗਣ ਦਾ ਜ਼ਿਆਦਾ ਖ਼ਦਸ਼ਾ ਹੈ, ਜਿਨ੍ਹਾਂ ਨੇ ਏਜੰਟਾਂ ਦੀ ਮਦਦ ਨਾਲ ਕੈਨੇਡਾ ਪੁੱਜਣ ਲਈ ਸਟੱਡੀ ਪਰਮਿਟ ਨੂੰ ਮਹਿਜ਼ ਸਾਧਨ ਵਜੋਂ ਵਰਤਿਆ ਹੈ। ਵਿਭਾਗੀ ਉੱਚ ਅਧਿਕਾਰੀ ਇਹ ਮੰਨ ਕੇ ਚੱਲ ਰਹੇ ਹਨ ਕਿ ਯੋਗਤਾ ਵਿਚਲੀਆਂ ਖਾਮੀਆਂ ਵਾਲੇ ਦਰਖਾਸਤ ਕਰਤਾ ਹੀ ਏਜੰਟਾਂ ਦਾ ਸਹਾਰਾ ਤੱਕਦੇ ਹਨ, ਜਦ ਕਿ ਕਈ ਸਾਲਾਂ ਤੋਂ ਸਰਲ ਕੀਤੀ ਵੀਜ਼ਾ ਪ੍ਰਕਿਰਿਆ ਦੇ ਫਾਰਮ ਆਮ ਵਿਅਕਤੀ ਅਸਾਨੀ ਨਾਲ ਭਰ ਸਕਦਾ ਹੈ। ਬੇਸ਼ੱਕ ਸੂਤਰ ਨੇ ਅੰਕੜਿਆਂ ਬਾਰੇ ਅਣਜਾਣਤਾ ਪ੍ਰਗਟ ਕੀਤੀ, ਪਰ ਉਸਦੀ ਗੱਲ ਸੰਕੇਤ ਸੀ ਕਿ ਰੋਜ਼ਾਨਾ ਉਨ੍ਹਾਂ ਸੈਂਕੜੇ ਗੈਰਕਨੂੰਨੀ ਲੋਕਾਂ ਦੀ ਸੂਚੀ ਵਿਭਾਗ ਤੱਕ ਪਹੁੰਚ ਰਹੀ ਹੈ, ਜਿਨ੍ਹਾਂ ਨੂੰ ਅਗਲੇ ਮਹੀਨਿਆਂ ਦੌਰਾਨ ਵਾਪਸ ਭੇਜਿਆ (ਡਿਪੋਰਟ ਕੀਤਾ) ਜਾਣਾ ਹੈ।
ਸੂਤਰ ਨੇ ਇਹ ਗੱਲ ਵਾਰ ਵਾਰ ਦੁਹਰਾਈ ਕਿ ਮਿਹਨਤੀ, ਤਕਨੀਕੀ ਤੇ ਚੰਗੀ ਸੋਚ ਵਾਲੇ ਵਿਦਿਆਰਥੀਆਂ ਨੂੰ ਪੱਕੇ ਹੋਣ ਪੱਖੋਂ ਕੋਈ ਵੀ ਚਿੰਤਾ ਕਰਨ ਦੀ ਲੋੜ ਨਹੀਂ, ਕਿਉਂਕਿ ਇਹ ਗੁਣ ਉਨ੍ਹਾਂ ਵਲੋਂ ਪੇਸ਼ ਦਸਤਾਵੇਜ਼ਾਂ ‘ਚੋਂ ਹੀ ਝਲਕ ਪੈਂਦੇ ਹਨ।

Check Also

ਫਰੀਲੈਂਡ ਦੇ ਅਸਤੀਫੇ ਨਾਲ ਕੈਨੇਡਾ

‘ਚ ਸਿਆਸੀ ਹਲਚਲ ਤੇਜ਼ ਜਨਤਕ ਸੁਰੱਖਿਆ ਮੰਤਰੀ ਡੋਮੀਨਿਕ ਲੇਬਲੈਂਕ ਨੇ ਫਰੀਲੈਂਡ ਦੀ ਥਾਂ ਵਿੱਤ ਮੰਤਰੀ …