ਭਾਰਤ ਅਤੇ ਕੈਨੇਡਾ ਵਿਚਾਲੇ ਕੁਝ ਮਸਲੇ ਅਜੇ ਵੀ ਅਣਸੁਲਝੇ : ਦਿਨੇਸ਼ ਪਟਨਾਇਕ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਵਲੋਂ ਭਾਰਤ ਵਿੱਚ ਦਿੱਤੇ ਬਿਆਨ ਨੂੰ ਲੈ ਕੇ ਦੋਵੇਂ ਦੇਸ਼ਾਂ ਵਿਚਾਲੇ ਰਾਜਨੀਤਿਕ ਤਣਾਅ ਫਿਰ ਉਭਰਿਆ ਹੈ। ਆਨੰਦ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਭਾਰਤ ਵਿੱਚ ਸਾਰੇ ਕੈਨੇਡੀਅਨ ਡਿਪਲੋਮੈਟ ਮੁੜ ਤਾਇਨਾਤ ਕਰ ਦਿੱਤੇ ਗਏ ਹਨ। ਇਸ ਦਾਅਵੇ ਨੂੰ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਦਿਨੇਸ਼ ਪਟਨਾਇਕ ਨੇ ਸਪੱਸ਼ਟ ਕੀਤਾ ਕਿ ਕੈਨੇਡਾ ਨੇ ਹਾਲੇ ਤੱਕ ਭਾਰਤੀ ਰਾਜਨਾਇਕ ਸਟਾਫ ਦੀ ਪਛਾਣ ਅਤੇ ਮਾਨਤਾ ਦੇਣ ਵਿੱਚ ਦੇਰੀ ਕੀਤੀ ਹੈ, ਇਸ ਲਈ ਸਾਰੇ ਡਿਪਲੋਮੈਟਸ ਦੀ ਵਾਪਸੀ ਦਾ ਸਵਾਲ ਹੀ ਨਹੀਂ ਉੱਠਦਾ। ਉਨ੍ਹਾਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਸੰਵਾਦ ਜਾਰੀ ਹੈ, ਪਰ ਕੁਝ ਮਸਲੇ ਹਾਲੇ ਵੀ ਅਣਸੁਲਝੇ ਹਨ। ਵਿਦੇਸ਼ ਮਾਮਲਿਆਂ ਦੇ ਵਿਸ਼ਲੇਸ਼ਕਾਂ ਮੁਤਾਬਕ, ਇਹ ਤਾਜ਼ਾ ਬਿਆਨ ਦਰਸਾਉਂਦਾ ਹੈ ਕਿ ਭਾਰਤ-ਕੈਨੇਡਾ ਰਿਸ਼ਤੇ ਅਜੇ ਵੀ ਨਰਮ ਨਹੀਂ ਹੋਏ। ਉਮੀਦ ਹੈ ਕਿ ਦੋਵੇਂ ਦੇਸ਼ ਕੂਟਨੀਤਿਕ ਪੱਧਰ ‘ਤੇ ਗੱਲਬਾਤ ਰਾਹੀਂ ਤਣਾਅ ਘਟਾਉਣ ਦੀ ਕੋਸ਼ਿਸ਼ ਕਰਨਗੇ। ਪਟਨਾਇਕ ਨੇ ਪਿਛਲੇ ਦਿਨੀਂ ਇੱਕ ਇੰਟਰਵਿਊ ਵਿੱਚ ਕੈਨੇਡੀਅਨ ਪ੍ਰੈਸ ਨੂੰ ਕਿਹਾ ਸੀ ਕਿ ਇਹ ਪਰਸਪਰ ਭਰੋਸੇ ਦੀ ਗੱਲ ਹੈ। ਦੋਹਾਂ ਪਾਸਿਆਂ ਤੋਂ ਭਰੋਸਾ ਬਣਾਇਆ ਜਾਣਾ ਚਾਹੀਦਾ ਹੈ। ਭਾਰਤੀ ਹਾਈ ਕਮਿਸ਼ਨਰ ਦੀਆਂ ਟਿੱਪਣੀਆਂ ਅਜਿਹੇ ਸਮੇਂ ਆਈਆਂ ਹਨ ਜਦੋਂ ਕਾਰਨੀ ਸਰਕਾਰ ਭਾਰਤ ਨਾਲ ਕੈਨੇਡਾ ਦੇ ਸਬੰਧਾਂ ਨੂੰ ਮੁੜ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।

