ਉਨਟਾਰੀਓ : ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਟਿਕਟਾਂ ਦੀ ਰੀਸੇਲ ਕੀਮਤ ਨੂੰ ਠੱਲ੍ਹ ਪਾਉਣ ਲਈ ਕਾਨੂੰਨ ਮੁੜ ਲਿਆਂਦਾ ਜਾਵੇਗਾ। ਜ਼ਿਕਰਯੋਗ ਹੈ ਕਿ ਬਲੂ ਜੇਅਜ਼ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਦੇ ਵਰਲਡ ਸੀਰੀਜ਼ ਵਿੱਚ ਦਾਖਲ ਹੋਣ ਮਗਰੋਂ ਮੈਚ ਦੀਆਂ ਟਿਕਟਾਂ ਹਜ਼ਾਰਾਂ ਡਾਲਰਾਂ ਵਿੱਚ ਰੀਸੇਲ ਕੀਤੀਆਂ ਜਾ ਰਹੀਆਂ ਹਨ ਜਿਸ ਕਾਰਨ ਟੋਰਾਂਟੋ ਬਲੂ ਜੇਅਜ਼ ਦੇ ਪ੍ਰਸ਼ੰਸਕਾਂ ਨੂੰ ਇਹ ਮਹਿੰਗੀਆਂ ਟਿਕਟਾਂ ਖਰੀਦਣ ਵਿੱਚ ਦਿੱਕਤ ਆ ਰਹੀ ਹੈ। ਕੁਈਨਜ਼ ਪਾਰਕ ਵਿਖੇ ਮੀਡੀਆ ਨਾਲ ਗੱਲ ਕਰਦਿਆਂ ਫੋਰਡ ਨੇ ਆਖਿਆ ਕਿ ਟਿਕਟਾਂ ਵੇਚਣ ਵਾਲੀ ਕੰਪਨੀ ਵੱਲੋਂ ਲੋਕਾਂ ਦੀ ਛਿੱਲ ਲਾਹੀ ਜਾ ਰਹੀ ਹੈ। ਜਦੋਂ ਟਿਕਟਾਂ ਵੇਚਣ ਦਾ ਨਿਯੰਤਰਣ ਇੱਕੋ ਕੰਪਨੀ ਕੋਲ ਹੋਵੇ ਤਾਂ ਉਹ ਲੋਕਾਂ ਲਈ ਠੀਕ ਨਹੀਂ ਹੈ। ਇਸ ਲਈ ਅਸੀਂ ਇਸ ਸਬੰਧੀ ਮੁੜ ਕਾਨੂੰਨ ਲਿਆਉਣ ਬਾਰੇ ਵਿਚਾਰ ਕਰ ਰਹੇ ਹਾਂ। ਉਨ੍ਹਾਂ ਆਖਿਆ ਕਿ ਮੰਗਲਵਾਰ ਸਵੇਰੇ ਚਾਰ ਹੋਮ ਗੇਮਜ਼ ਲਈ ਵਰਲਡ ਸੀਰੀਜ਼ ਦੀਆਂ ਟਿਕਟਾਂ 30 ਮਿੰਟਾਂ ਦੇ ਅੰਦਰ-ਅੰਦਰ ਹੀ ਵਿਕ ਗਈਆਂ। ਇਸ ਤੋਂ ਤੁਰੰਤ ਬਾਅਦ ਟਿਕਟਮਾਸਟਰ ਉੱਤੇ ਉਸੇ ਵੇਲੇ ਰੀਸੇਲ ਟਿਕਟਾਂ ਨਜ਼ਰ ਆਉਣ ਲੱਗੀਆਂ।
ਕੀ ਵਿਆਜ਼ ਦਰਾਂ ਵਿਚ ਮੁੜ ਕਟੌਤੀ ਕਰੇਗਾ ਬੈਂਕ ਆਫ ਕੈਨੇਡਾ?
ਓਟਵਾ : ਵਿਆਜ਼ ਦਰਾਂ ਸਬੰਧੀ ਬੈਂਕ ਆਫ ਕੈਨੇਡਾ ਦਾ ਫੈਸਲਾ ਅਗਲੇ ਹਫਤੇ ਆਵੇਗਾ। ਕੁੱਝ ਆਰਥਿਕ ਮਾਹਿਰਾਂ ਦੀ ਮੰਨਣਾ ਹੈ ਕਿ ਇਨ੍ਹਾਂ ਵਿਆਜ਼ ਦਰਾਂ ਵਿੱਚ ਹੋਰ ਕਟੌਤੀ ਬੈਂਕ ਲਈ ਮੁਸ਼ਕਲ ਹੀ ਹੋਵੇਗੀ। ਆਪਣੀਆਂ ਪਾਲਿਸੀ ਵਿਆਜ਼ ਦਰਾਂ ਨੂੰ ਐਡਜਸਟ ਕਰਨ ਲਈ ਬੈਂਕ ਆਫ ਕੈਨੇਡਾ ਕੋਲ ਅੱਠ ਮੌਕੇ ਸਾਲਾਨਾ ਹੁੰਦੇ ਹਨ ਜਿਹੜੇ ਬੈਂਕ ਤੇ ਮਾਰਗੇਜ ਦੇਣ ਵਾਲਿਆਂ ਨੇ ਆਪਣੀ ਰੀਪੇਮੈਂਟ ਫੀਸ ਲਈ ਪਹਿਲਾਂ ਹੀ ਵਰਤ ਲਏ ਹਨ। ਇਹ ਦਰਾਂ ਇਸ ਸਮੇਂ 2.5 ਫੀਸਦੀ ਹਨ ਤੇ ਇਨ੍ਹਾਂ ਸਬੰਧੀ ਅਗਲਾ ਐਲਾਨ 29 ਅਕਤੂਬਰ ਨੂੰ ਆਵੇਗਾ। ਵਿਆਜ਼ ਦਰਾਂ ਤੈਅ ਕਰਨ ਲਈ ਬੈਂਕ ਕੈਨੇਡਾ ਦੀ ਮਹਿੰਗਾਈ ਦਰ ਨੂੰ ਵੀ ਹੋਰ ਕਾਰਕਾਂ ਸਮੇਤ ਧਿਆਨ ਵਿੱਚ ਰੱਖਦਾ ਹੈ।

