Breaking News
Home / ਹਫ਼ਤਾਵਾਰੀ ਫੇਰੀ / ਅਮਰੀਕਾ ‘ਚ ਇਕ ਹਫ਼ਤੇ ਦੇ ਅੰਦਰ ਦੋ ਨਸਲੀ ਹਮਲੇ

ਅਮਰੀਕਾ ‘ਚ ਇਕ ਹਫ਼ਤੇ ਦੇ ਅੰਦਰ ਦੋ ਨਸਲੀ ਹਮਲੇ

ਕੈਲੀਫੋਰਨੀਆ ਤੇ ਨਿਊਯਾਰਕ ‘ਚ ਦਸਤਾਰਧਾਰੀ ਸਿੱਖ ਬਜ਼ੁਰਗਾਂ ਨਾਲ ਹੋਈ ਕੁੱਟਮਾਰ
ਸੁਰਜੀਤ ਸਿੰਘ ਮੱਲ੍ਹੀ ‘ਤੇ ਜਾਨ ਲੇਵਾ ਹਮਲਾ
ਮੋਡੈਸਟੋ ਕੈਲੀਫੋਰਨੀਆ : ਅਮਰੀਕਾ ਦੇ ਉਘੇ ਸਿੱਖ ਆਗੂ ਅਤੇ ਅਮਰੀਕਨ ਕਮਿਊਨਿਟੀ ਵਿੱਚ ਜਾਣੇ ਪਹਿਚਾਣੇ ਸੁਰਜੀਤ ਸਿੰਘ ਮੱਲ੍ਹੀ ਉਪਰ ਕੁਝ ਅਣ-ਪਛਾਤੇ ਲੋਕਾਂ ਨੇ ਬੁਜਦਿਲਾਨਾ ਅਤੇ ਕਾਇਰਾਨਾ ਮਾਰੂ ਹਮਲਾ ਕੀਤਾ ਜਿਸ ਵਿੱਚ ਸੁਰਜੀਤ ਸਿੰਘ ਮੱਲ੍ਹੀ ਜ਼ਖਮੀ ਹੋ ਗਏ ਪਰ ਅਕਾਲ ਪੁਰਖ ਨੇ ਉਨ੍ਹਾਂ ਨੂੰ ਬਚਾ ਲਿਆ। ਨਫਰਤਪ੍ਰਸਤ ਲੋਕਾਂ ਨੇ ਸਿੱਖ ਨਾਲ ਕੀਤੀ ਮਾਰਕੁੱਟ ਦੌਰਾਨ ਕਿਹਾ ਕਿ ਤੁਹਾਡਾ ਇੱਥੇ ਸਵਾਗਤ ਨਹੀਂ, ਆਪਣੇ ਦੇਸ਼ ਵਾਪਸ ਜਾਓ। ਸਿੱਖ ਨਾਲ ਇਹ ਘਟਨਾ ਪਿਛਲੇ ਦਿਨੀਂ ਕੈਲੀਫੋਰਨੀਆ ਵਿਚ ਕੀਜ਼ ਅਤੇ ਫੁਟਈ ਰੋਡ ‘ਤੇ ਵਾਪਰੀ। ਸ਼ੈਰਿਫ ਸਾਰਜੈਂਟ ਟੇਮ ਲੇਤਰਾਸ ਨੇ ਦੱਸਿਆ ਕਿ ਉਕਤ ਪੀੜਤ ਸਿੱਖ ਸਥਾਨਕ ਉਮੀਦਵਾਰ ਦੇ ਪ੍ਰਚਾਰ ਲਈ ਬਾਹਰੀ ਇਲਾਕੇ ਵਿਚ ਕੁਝ ਲਗਾ ਰਿਹਾ ਸੀ, ਤਾਂ ਉਸ ਸਮੇਂ ਦੋ ਗੋਰਿਆਂ ਨੇ ਉਸਦੀ ਕੁੱਟਮਾਰ ਕੀਤੀ। ਜਾਣਕਾਰੀ ਮੁਤਾਬਕ ਇਹ ਸਾਰੀ ਘਟਨਾ ਫੇਸਬੁੱਕ ‘ਤੇ ਪੋਸਟ ਕੀਤੀ ਗਈ ਹੈ। ਇਸ ਪੋਸਟ ਮੁਤਾਬਕ ਗੋਰਿਆਂ ਨੇ ਸਿੱਖ ਦੇ ਸਿਰ ‘ਤੇ ਰਾਡ ਨਾਲ ਹਮਲਾ, ਪਰ ਉਸਦੇ ਸਿਰ ‘ਤੇ ਦਸਤਾਰ ਹੋਣ ਕਾਰਨ ਬਚਾਅ ਹੋ ਗਿਆ। ਇਸ ਪੋਸਟ ਨਾਲ ਹੀ ਪਿਕਅਪ ਟਰੱਕ ਦੀ ਤਸਵੀਰ ਵੀ ਸ਼ੇਅਰ ਕੀਤੀ ਗਈ ਹੈ, ਜਿਸ ‘ਤੇ ਸਪਰੇਅ ਨਾਲ ਕਾਲੇ ਅੱਖਰਾਂ ਵਿਚ ਲਿਖਿਆ ਗਿਆ ਹੈ, ‘ਗੋ ਬੈਕ ਟੂ ਯੂਅਰ ਕੰਟਰੀ।” ਪੁਲਿਸ ਨੇ ਕਿਹਾ ਕਿ ਉਹ ਇਸ ਘਟਨਾ ਨੂੰ ਨਫਰਤੀ ਅਪਰਾਧ ਮੰਨ ਕੇ ਜਾਂਚ ਕਰ ਰਹੇ ਹਨ। ਦੂਜੇ ਪਾਸੇ ਸਿੱਖ ਭਾਈਚਾਰੇ ਦੇ ਊਘੇ ਆਗੂ ਅਤੇ ਸਿਟੀ ਆਫ ਲੈਥਰੂਪ ਦੇ ਮੇਅਰ ਸਨੀ ਧਾਲੀਵਾਲ ਨੇ ਇਸ ਘਟਨਾ ਦੀ ਸਖਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਲੀਫੋਰਨੀਆ ਵਿੱਚ ਬੱਚਾ-ਬੱਚਾ ਸਿੱਖਾਂ ਬਾਰੇ ਜਾਣਦਾ ਹੈ ਪਰ ਫਿਰ ਵੀ ਇਸ ਤਰ੍ਹਾਂ ਵਾਪਰਨਾ ਮੰਦਭਾਗਾ ਅਤੇ ਨਿੰਦਣਯੋਗ ਹੈ ਪਿਛਲੇ ਕੁਝ ਸਾਲਾਂ ਵਿਚ ਕੈਲੀਫੋਰਨੀਆ ਵਿਚ ਸਿੱਖਾਂ ਵਿਰੁੱਧ ਨਫਰਤੀ ਅਪਰਾਧ ਵਧ ਗਏ ਹਨ। ਭਾਵੇਂ ਕਿ ਇਸ ਸੂਬੇ ਵਿਚ ਸਿੱਖਾਂ ਦੀ ਸਭ ਤੋਂ ਵੱਡੀ ਆਬਾਦੀ ਰਹਿੰਦੀ ਹੈ।
ਮੈਨੂੰ ਮੇਰੀ ਦਸਤਾਰ ਨੇ ਬਚਾਇਆ : ਮੱਲ੍ਹੀ
ਨਿਊਯਾਰਕ : ਅਮਰੀਕਾ ਵਿੱਚ ਦੋ ਗੋਰਿਆਂ ਦੀਆਂ ਨਸਲੀ ਟਿੱਪਣੀਆਂ ਅਤੇ ਹਮਲੇ ਦਾ ਸ਼ਿਕਾਰ ਬਣੇ 50 ਸਾਲਾ ਸਿੱਖ ਨੇ ਕਿਹਾ, ”ਮੇਰੀ ਦਸਤਾਰ ਨੇ ਮੈਨੂੰੰ ਬਚਾਅ ਲਿਆ।” ਸੁਰਜੀਤ ਸਿੰਘ ਮੱਲ੍ਹੀ ਨੇ ਕਿਹਾ ਕਿ ਉਹ ਕੈਲੀਫੋਰਨੀਆ ਵਿੱਚ ਆਪਣੇ ਘਰ ਨੇੜੇ ਜੈੱਫ ਡੈਨਹਮ ਲਈ ਪੋਸਟਰ ਚਿਪਕਾ ਰਿਹਾ ਸੀ ਜੋ ਬਤੌਰ ਰਿਪਬਲਿਕਨ ਉਮੀਦਵਾਰ ਫਿਰ ਤੋਂ ਚੋਣਾਂ ਲੜ ਰਹੇ ਹਨ। ਇਸੇ ਦੌਰਾਨ ਦੋ ਵਿਅਕਤੀ ਆਏ ਅਤੇ ਚੀਕਦੇ ਹੋਏ ਕਿਹਾ, ”ਤੁਹਾਡੀ ਇਥੇ ਲੋੜ ਨਹੀਂ, ਆਪਣੇ ਦੇਸ਼ ਵਾਪਸ ਜਾਓ।” ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦਸਤਾਰ ਨੇ ਹੈਲਮਟ ਦੀ ਤਰ੍ਹਾਂ ਜਾਂ ਉਸ ਤੋਂ ਵੀ ਜ਼ਿਆਦਾ ਮਜ਼ਬੂਤੀ ਨਾਲ ਕੰਮ ਕੀਤਾ। ਉਸ ਨੇ ਦੱਸਿਆ ਕਿ ਹਮਲਾਵਰਾਂ ਨੇ ਉਸ ਦੀਆਂ ਅੱਖਾਂ ਵਿੱਚ ਰੇਤਾ ਪਾ ਦਿੱਤਾ ਤਾਂ ਜੋ ਉਹ ਉਨ੍ਹਾਂ ਨੂੰ ਦੇਖ ਨਾ ਸਕੇ। ਉਨ੍ਹਾਂ ਨੇ ਉਸ ਦਾ ਸਿਰ ਫੜਿਆ ਅਤੇ ਡਾਂਗ ਅਤੇ ਬੈਲਟ ਨਾਲ ਉਸ ਦੀ ਕੁੱਟਮਾਰ ਕੀਤੀ। ਮੱਲ੍ਹੀ ਨੇ ਦੱਸਿਆ, ”ਜਿਸ ਤਰ੍ਹਾਂ ਉਹ ਮੈਨੂੰ ਮਾਰ ਰਹੇ ਸਨ, ਮੈਨੂੰ ਲੱਗਿਆ ਮੈਂ ਮਰ ਜਾਵਾਂਗਾ। ਉਹ ਕਹਿ ਰਹੇ ਸਨ, ”ਤੁਸੀਂ ਇਥੋਂ ਦੇ ਨਹੀਂ ਹੋ।” ਮੱਲ੍ਹੀ 1992 ਵਿੱਚ ਅਮਰੀਕਾ ਆਏ ਸਨ ਅਤੇ ਹੁਣ ਉਥੋਂ ਦੇ ਪੱਕੇ ਨਿਵਾਸੀ ਹਨ। ਉਹ ਦਸਤਾਰ ਸਜਾਉਂਦੇ ਹਨ, ਹੋ ਸਕਦਾ ਹੈ ਕਿ ਇਸੇ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇ ਪਰ ਇਸੇ ਦਸਤਾਰ ਕਾਰਨ ਉਨ੍ਹਾਂ ਦੀ ਜਾਨ ਵੀ ਬਚ ਗਈ।
ਵੈਨਕੂਵਰ ‘ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਵੈਨਕੂਵਰ : ਵੈਨਕੂਵਰ ਦੇ ਐਬਟਸਫੋਰਡ ਵਿੱਚ ਹੋਈ ਗੋਲੀਬਾਰੀ ਵਿੱਚ 20 ਸਾਲਾ ਪੰਜਾਬੀ ਨੌਜਵਾਨ ਗਗਨ ਧਾਲੀਵਾਲ ਦੀ ਮੌਤ ਹੋ ਗਈ ਜਦੋਂਕਿ ਉਸ ਦੀ ਭੂਆ ਦਾ ਪੁੱਤਰ ਜ਼ਖ਼ਮੀ ਹੋ ਗਿਆ, ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਸ ਘਟਨਾ ਮਗਰੋਂ ਐਬਟਸਫੋਰਡ ਪੁਲਿਸ ਗੈਂਗ ਹਿੰਸਾ ਤੇ ਨਸ਼ਾ ਤਸਕਰਾਂ ਖ਼ਿਲਾਫ਼ ਮੁੜ ਸਰਗਰਮ ਹੋ ਗਈ ਹੈ। ਗਗਨ ਧਾਲੀਵਾਲ ਜਗਰਾਓਂ ਨੇੜਲੇ ਪਿੰਡ ਅਗਵਾੜ ਲੋਪੋਂ ਨਾਲ ਸਬੰਧਤ ਸੀ। ਉਸ ਦੇ ਪਿਤਾ ਗੁਰਚਰਨ ਸਿੰਘ ਧਾਲੀਵਾਲ ਐਬਟਸਫੋਰਡ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਰਹਿ ਚੁੱਕੇ ਹਨ। ਗਗਨ ਦੇ ਪਿਤਾ ਨੇ ਕਿਹਾ ਕਿ ਗੈਂਗ ਵਾਰ ਦੇ ਚਲਦਿਆਂ ਨੌਜਵਾਨਾਂ ਲਈ ਹਾਲਾਤ ਸਾਜ਼ਗਾਰ ਨਾ ਹੋਣ ਕਾਰਨ ਉਨ੍ਹਾਂ ਕੁਝ ਮਹੀਨੇ ਪਹਿਲਾਂ ਗਗਨ ਨੂੰ ਪੰਜਾਬ ਭੇਜ ਦਿੱਤਾ ਸੀ ਤੇ ਉਹ ਅਜੇ ਕੁਝ ਦਿਨ ਪਹਿਲਾਂ ਹੀ ਵਾਪਸ ਕੈਨੇਡਾ ਆਇਆ ਸੀ। ਲੰਘੀ ਰਾਤ ਉਹ ਆਪਣੀ ਭੂਆ ਦੇ ਪੁੱਤ ਨਾਲ ਗੈਰਾਜ ਵਿੱਚ ਬੈਠਾ ਸੀ ਕਿ ਹਮਲਾਵਰਾਂ ਨੇ ਨੇੜਿਓਂ ਆ ਕੇ ਉਨ੍ਹਾਂ ਨੂੰ ਗੋਲੀਆਂ ਮਾਰੀਆਂ ਤੇ ਫ਼ਰਾਰ ਹੋ ਗਏ। ਉਧਰ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹੱਥ ਹਮਲਾਵਰਾਂ ਬਾਰੇ ਕੁਝ ਸੁਰਾਗ ਲੱਗੇ ਹਨ। ਗਗਨ ਦੀ ਛਾਤੀ ਵਿੱਚ ਲੱਗੀਆਂ ਦੋ ਗੋਲੀਆਂ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਜ਼ਖ਼ਮੀ 15 ਸਾਲਾ ਲੜਕੇ ਦੀ ਹਾਲਤ ਸਥਿਤ ਦੱਸੀ ਜਾਂਦੀ ਹੈ।
71 ਸਾਲਾ ਗੁਰਸਿੱਖ ਬਜ਼ੁਰਗ ਸਾਹਿਬ ਸਿੰਘ ਦੀ ਕੁੱਟਮਾਰ
ਨਿਊਯਾਰਕ: ਸੰਘਣੀ ਪੰਜਾਬੀ ਵਸੋਂ ਵਾਲੇ ਸ਼ਹਿਰ ਮਨਟੀਕਾ ਵਿਚ ਲੰਘੇ ਦਿਨੀਂ 71 ਸਾਲਾ ਗੁਰਸਿੱਖ ਸਾਹਿਬ ਸਿੰਘ ਨੱਤ ਨਾਲ ਦੋ ਅਣਪਛਾਤੇ ਹਮਲਾਵਰਾਂ ਵੱਲੋਂ ਵਹਿਸ਼ੀਆਣਾ ਮਾਰਕੁੱਟ ਨਾਲ ਇਲਾਕੇ ਭਰ ਵਿਚ ਸਹਿਮ ਅਤੇ ਰੋਸ ਦਾ ਮਾਹੌਲ ਹੈ। ਅਮਰੀਕਾ ਦੇ ਸੂਬੇ ਕੈਲੇਫੋਰਨੀਆ ਵਿੱਚ 71 ਸਾਲਾ ਬਿਰਧ ਸਿੱਖ ਨੂੰ ਦੋ ਗੋਰਿਆਂ ਨੇ ਬੁਰੀ ਤਰ੍ਹਾਂ ਕੁੱਟਿਆ। ਇੰਨਾ ਹੀ ਨਹੀਂ ਹਮਲਾਵਰ ਨੇ ਬਜ਼ੁਰਗ ਸਿੱਖ ‘ਤੇ ਥੁੱਕ ਦਿੱਤਾ। ਪਿਛਲੇ ਇੱਕ ਹਫ਼ਤੇ ਦੌਰਾਨ ਨਸਲੀ ਹਮਲੇ ਦੀ ਇਹ ਦੂਜੀ ਘਟਨਾ ਹੈ, ਜਿਸ ਨਾਲ ਸਿੱਖਾਂ ਦੀ ਸੁਰੱਖਿਆ ‘ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਹਮਲੇ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਇਸ ਕੁੱਟਮਾਰ ਦੌਰਾਨ ਬਜ਼ੁਰਗ ਸਿੱਖ ਦੀ ਦਸਤਾਰ ਵੀ ਉੱਤਰ ਗਈ।
71 ਸਾਲਾ ਸਾਹਿਬ ਸਿੰਘ ਨੱਤ ਲੰਘੀ ਛੇ ਅਗਸਤ ਨੂੰ ਸੜਕ ਕਿਨਾਰੇ ਜਾ ਰਹੇ ਸਨ ਤਾਂ ਸਾਹਮਣਿਓਂ ਦੋ ਵਿਅਕਤੀ ਸਿੱਧਾ ਉਨ੍ਹਾਂ ਵੱਲ ਆਏ। ਸਿਰ ‘ਤੇ ‘ਹੁੱਡ’ ਪਹਿਨੇ ਦੋਵਾਂ ਵਿਅਕਤੀਆਂ ਨੂੰ ਦੇਖ ਨੱਤ ਰੁਕ ਗਏ ਤੇ ਉਨ੍ਹਾਂ ਨੇ ਥੋੜ੍ਹੀ ਬਹਿਸਬਾਜ਼ੀ ਕੀਤੀ ਤੇ ਫਿਰ ਅਚਾਨਕ ਹੀ ਬਜ਼ੁਰਗ ਸਿੱਖ ਨੂੰ ਲੱਤ ਮਾਰ ਦਿੱਤੀ ਤੇ ਉਹ ਜ਼ਮੀਨ ‘ਤੇ ਡਿੱਗ ਗਏ। ਉਨ੍ਹਾਂ ਦੀ ਪੱਗ ਵੀ ਲੱਥ ਗਈ। ਇਸ ਤੋਂ ਕੁਝ ਸੈਕੰਡ ਬਾਅਦ ਹਮਲਾਵਰ ਮੁੜ ਆਇਆ ਤੇ ਡਿੱਗੇ ਪਏ ਬਿਰਧ ਦੇ ਢਿੱਡ ਵਿੱਚ ਫਿਰ ਕਈ ਲੱਤਾਂ ਮਾਰੀਆਂ।
ਸੀਸੀਟੀਵੀ ਤਸਵੀਰਾਂ ਵਿੱਚ ਵਿਖਾਈ ਦੇ ਰਿਹਾ ਹੈ ਕਿ ਹਮਲਾਵਰ ਜਾਣ ਲੱਗਦਾ ਫਿਰ ਰੁਕ ਜਾਂਦਾ ਹੈ ਤੇ ਪਿੱਛੇ ਮੁੜ ਕੇ ਬਜ਼ੁਰਗ ਸਿੱਖ ‘ਤੇ ਥੁੱਕਦਾ ਹੈ। ਹਮਲੇ ਵਿੱਚ ਸਾਹਿਬ ਸਿੰਘ ਨੱਤ ਨੂੰ ਬਹੁਤ ਸੱਟਾਂ ਵੱਜੀਆਂ ਸਨ। ਤਕਰੀਬਨ ਹਫ਼ਤਾ ਪਹਿਲਾਂ ਕੈਲੇਫ਼ੋਰਨੀਆ ਵਿੱਚ ਹੀ 50 ਸਾਲਾ ਸਿੱਖ ‘ਤੇ ਦੋ ਗੋਰਿਆਂ ਨੇ ਹਮਲਾ ਕਰ ਦਿੱਤਾ ਸੀ। ਸੁਰਜੀਤ ਸਿੰਘ ਮੱਲ੍ਹੀ ਦੇ ਸਿਰ ਵਿੱਚ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਹ ਆਪਣੀ ਦਸਤਾਰ ਕਰਕੇ ਮਸਾਂ ਹੀ ਬਚੇ ਸਨ।
ਸਿੱਖਾਂ ‘ਤੇ ਵਧ ਰਹੇ ਨਸਲੀ ਹਮਲਿਆਂ ਤੋਂ ਪੂਰੇ ਸਿੱਖ ਭਾਈਚਾਰੇ ਵਿੱਚ ਕਾਫੀ ਰੋਸ ਹੈ। ਨੈਸ਼ਨਲ ਸਿੱਖ ਕੰਪੇਨ ਦੇ ਸਹਿ-ਸੰਸਥਾਪਕ ਰਾਜਵੰਤ ਸਿੰਘ ਨੇ ਕਿਹਾ ਕਿ ਇਨ੍ਹਾਂ ਹਮਲਿਆਂ ਦੇ ਵਿਰੋਧ ਵਿੱਚ ਮੁਹਿੰਮ ਸ਼ੁਰੂ ਕਰਨਗੇ। ਐਨਐਸਸੀ ਦੇ ਐਗ਼ਜ਼ਿਕਿਊਟਿਵ ਡਾਇਰੈਕਟਰ ਗੁਰਵੀਨ ਸਿੰਘ ਆਹੂਜਾ ਨੇ ਕਿਹਾ ਕਿ ਸਿੱਖਾਂ ਬਾਰੇ ਵਧੇਰੇ ਜਾਗਰੂਕਤਾ ਫੈਲਾਈ ਜਾਵੇਗੀ। ਐਨਐਸਸੀ ਨੇ ਪਿਛਲੇ ਸਾਲ ਵੱਡੇ ਪੱਧਰ ‘ਤੇ ‘ਵੀ ਆਰ ਸਿੱਖਸ’ ਨਾਂ ਦੀ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਵਿੱਚ ਸਿੱਖਾਂ ਬਾਰੇ ਜਾਗਰੂਕਤਾ ਫੈਲਾਉਣ ਦਾ ਉਪਰਾਲਾ ਕੀਤਾ ਗਿਆ ਸੀ।
ਨਸਲੀ ਹਮਲਾਵਰ ਗ੍ਰਿਫਤਾਰ
ਵਾਸ਼ਿੰਗਟਨ: 71 ਸਾਲਾ ਬਜ਼ੁਰਗ ਸਾਹਿਬ ਸਿੰਘ ‘ਤੇ ਹਮਲਾ ਕਰਨ ਦੇ ਮਾਮਲੇ ਵਿਚ ਅਮਰੀਕਾ ਦੀ ਪੁਲਿਸ ਨੇ ਦੋ ਲੜਕਿਆਂ ਨੂੰ ਗ੍ਰਿਫਤਾਰ ਕੀਤਾ ਹੈ। ਟਾਇਰੋਨ ਮੈਕਐਲਿਸਟਰ 18 ਸਾਲ ਅਤੇ ਇਕ 16 ਸਾਲ ਦੇ ਲੜਕੇ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਦੋਵਾਂ ਨੂੰ ਡਕੈਤੀ ਦੀ ਕੋਸ਼ਿਸ਼, ਬਜ਼ੁਰਗ ਨਾਲ ਦੁਰਵਿਹਾਰ ਅਤੇ ਮਾਰੂ ਹਥਿਆਰਾਂ ਨਾਲ ਹਮਲਾ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ।

Check Also

ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ

ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …