Breaking News
Home / ਹਫ਼ਤਾਵਾਰੀ ਫੇਰੀ / 100 ਗਰਾਮ ਹੇਠਾਂ ਦਬ ਕੇ ਰਹਿ ਗਈਆਂ ਭਾਰਤ ਦੀਆਂ ਉਮੀਦਾਂ

100 ਗਰਾਮ ਹੇਠਾਂ ਦਬ ਕੇ ਰਹਿ ਗਈਆਂ ਭਾਰਤ ਦੀਆਂ ਉਮੀਦਾਂ

ਮਾਂ ਕੁਸ਼ਤੀ ਜਿੱਤ ਗਈ, ਮੈਂ ਹਾਰ ਗਈ : ਵਿਨੇਸ਼ ਫੋਗਾਟ
ਮਹਿਲਾ ਪਹਿਲਵਾਨ ਵੱਲੋਂ ਕੁਸ਼ਤੀ ਨੂੰ ਅਲਵਿਦਾ
ਪੈਰਿਸ, ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਓਲੰਪਿਕ ਤੋਂ ਅਯੋਗ ਕਰਾਰ ਦਿੱਤੇ ਮਗਰੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਵਿਨੇਸ਼ ਨੇ ਕਿਹਾ ਕਿ ਉਸ ਵਿੱਚ ਹੁਣ ਹੋਰ ਤਾਕਤ ਨਹੀਂ ਬਚੀ ਹੈ। ਵਿਨੇਸ਼ ਨੂੰ 50 ਕਿਲੋਗ੍ਰਾਮ ਭਾਰ ਵਰਗ ਦੇ ਸੋਨ ਤਗਮੇ ਦੇ ਮੁਕਾਬਲੇ ਤੋਂ ਪਹਿਲਾਂ 100 ਗ੍ਰਾਮ ਵੱਧ ਭਾਰ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ।
ਵਿਨੇਸ਼ ਨੇ ਐਕਸ ‘ਤੇ ਇਕ ਪੋਸਟ ਵਿਚ ਆਪਣੀ ਮਾਂ ਪ੍ਰੇਮਲਤਾ ਨੂੰ ਸੰਬੋਧਿਤ ਕਰਦੇ ਹੋਏ ਲਿਖਿਆ, ”ਮਾਂ, ਕੁਸ਼ਤੀ ਜਿੱਤ ਗਈ, ਮੈਂ ਹਾਰ ਗਈ। ਕਿਰਪਾ ਕਰਕੇ ਮੈਨੂੰ ਮਾਫ ਕਰ ਦਿਓ, ਤੁਹਾਡੇ ਸੁਪਨੇ ਅਤੇ ਮੇਰੀ ਹਿੰਮਤ, ਸਭ ਕੁਝ ਟੁੱਟ ਗਿਆ ਹੈ। ਮੇਰੇ ਕੋਲ ਹੁਣ ਹੋਰ ਤਾਕਤ ਨਹੀਂ ਹੈ। ਅਲਵਿਦਾ ਕੁਸ਼ਤੀ 2001-2024। ਮੈਂ ਆਪ ਸਭ ਦੀ ਰਿਣੀ ਰਹਾਂਗੀ। ਮੈਨੂੰ ਮਾਫ ਕਰ ਦਿਓ।”
ਉਧਰ ਦੂਜੇ ਪਾਸੇ ਜਿੱਥੇ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਵਜਨ ਵਧਣ ਕਾਰਨ ਬੇਸ਼ੱਕ ਪੈਰਿਸ ਉਲੰਪਿਕ ਤੋਂ ਬਾਹਰ ਕਰ ਦਿੱਤਾ ਗਿਆ ਹੈ, ਉਥੇ ਪੂਰਾ ਭਾਰਤ ਵਿਨੇਸ਼ ਫੋਗਾਟ ਦੇ ਸਮਰਥਨ ਵਿਚ ਉਤਰ ਆਇਆ ਹੈ। ਵਿਨੇਸ਼ ਫੋਗਾਟ ਨੂੰ ਫਾਈਨਲ ਮੁਕਾਬਲੇ ਤੋਂ ਪਹਿਲਾਂ ਅਯੋਗ ਕਰਾਰ ਦਿੱਤੇ ਜਾਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਤੁਸੀਂ ਭਾਰਤ ਦਾ ਮਾਣ ਹੋ ਅਤੇ ਹਰ ਭਾਰਤੀ ਲਈ ਪ੍ਰੇਰਣਾ ਸਰੋਤ ਹੋ। ਉਨ੍ਹਾਂ ਕਿਹਾ ਕਿ ਫਾਈਨਲ ਮੁਕਾਬਲੇ ਤੋਂ ਪਹਿਲਾਂ ਜੋ ਕੁੱਝ ਵੀ ਵਾਪਰਿਆ ਉਹ ਬਹੁਤ ਹੀ ਜ਼ਿਆਦਾ ਦੁਖਦਾਈ ਹੈ।
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਵਿਨੇਸ਼ ਫੋਗਾਟ ਨੂੰ ਤਕਨੀਕੀ ਆਧਾਰ ‘ਤੇ ਅਯੋਗ ਕਰਾਰ ਦਿੱਤਾ ਗਿਆ ਹੈ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਭਾਰਤੀ ਉਲੰਪਿਕ ਸੰਘ ਇਸ ਫੈਸਲੇ ਨੂੰ ਚੁਣੌਤੀ ਦੇ ਕੇ ਦੇਸ਼ ਦੀ ਧੀ ਨੂੰ ਇਨਸਾਫ ਦਿਵਾਏਗਾ। ਧਿਆਨ ਰਹੇ ਕਿ ਮੰਗਲਵਾਰ ਨੂੰ ਵਿਨੇਸ਼ ਫੋਗਾਟ ਨੇ 50 ਕਿਲੋਗ੍ਰਾਮ ਕੁਸ਼ਤੀ ਮੁਕਾਬਲੇ ਦੇ ਫਾਈਨਲ ਵਿਚ ਪਹੁੰਚ ਕੇ ਇਤਿਹਾਸ ਰਚ ਦਿੱਤਾ ਸੀ। ਪਰ ਫਾਈਨਲ ਮੁਕਾਬਲਾ ਖੇਡਣ ਤੋਂ ਪਹਿਲਾਂ ਉਸ ਦਾ ਵਜਨ 100 ਗ੍ਰਾਮ ਵੱਧ ਪਾਇਆ ਗਿਆ ਅਤੇ ਨਿਯਮਾਂ ਅਨੁਸਾਰ ਉਸ ਨੂੰ ਫਾਈਨਲ ਮੁਕਾਬਲਾ ਲੜਨ ਦੇ ਅਯੋਗ ਕਰਾਰ ਦੇ ਦਿੱਤਾ ਗਿਆ।

Check Also

ਭਾਰਤੀ ਵਿਦਿਆਰਥੀਆਂ ਲਈ ਕੈਨੇਡਾ ‘ਚ ਮੁਸ਼ਕਲਾਂ ਵਧੀਆਂ

ਸਟੱਡੀ ਵੀਜ਼ਾ ‘ਚ 50 ਫੀਸਦੀ ਦੀ ਗਿਰਾਵਟ ਓਟਵਾ : ਕੈਨੇਡਾ ਵਿਚ ਸਟੱਡੀ ਦੀ ਚਾਹਤ ਰੱਖਣ …