ਗਿਆਨ ਸਿੰਘ ਦਰਦੀ
ਜਿਹੜੀ ਜ਼ੁਲਮ ਦਾ ਲੱਕ ਤੋੜ ਦਏ,
ਕਰ ਕੇ ਕਾਰ ਮੈਂ ਆਇਆ ਹਾਂ।
ਚਾਰੇ ਪੁੱਤਰ ਮਾਂ ਬਾਪ ਸਣੇ,
ਦੇਸ਼ ਤੋਂ ਵਾਰ ਕੇ ਆਇਆ ਹਾਂ।
ਕੀ ਹੋਇਆ ਜੇ ਝੱਖੜਾਂ ਨੇ ਹੈ,
ਘਰ ਨੂੰ ਮੈਨੂੰ ਮੋੜ ਦਿੱਤਾ।
ਬੇਘਰ ਹੋਇਆਂ ਦੁਖੀਆਂ ਦੇ ਮੈਂ,
ਸੀਨੇ ਠਾਰ ਕੇ ਆਇਆ ਹਾਂ।
ਜਦ ਤੱਕ ਜੋਸ਼ ਜੁਆਨੀ ਦਾ ਹੈ,
ਜਦ ਤੱਕ ਜਾਨ ਹੈ ਜੁੱਸੇ ਵਿਚ।
ਬੇਇਨਸਾਫੀ ਨਾਲ ਲੜਾਂਗਾ,
ਦਿਲ ਵਿਚ ਧਾਰ ਕੇ ਆਇਆ ਹਾਂ।
ਨੇਤਾ ਦੇ ਜੋ ਅੰਦਰ ਵੜ ਕੇ,
ਜੰਤਾ ਨੂੰ ਨਿੱਤ ਡੱਸਦਾ ਸੀ।
ਉਹ ਜ਼ਹਿਰੀਲਾ ਨਾਗ ਫਨੀਅਰ,
ਜਾਨੋਂ ਮਾਰ ਕੇ ਆਇਆ ਹਾਂ।
ਜਿੱਤਦਾ ਹਰਨਾ ਬਣਿਆਂ ਆਇਆ,
ਪਰ ਮੈਂ ਤਾਂ ਵਿਚਕਾਰ ਰਿਹਾ।
ਮੈਨੂੰ ਕੋਈ ਅਫਸੋਸ ਨਹੀਂ,
ਕਿਹੜਾ ਹਾਰ ਕੇ ਆਇਆ ਹਾਂ?
ਜਿਸ ਸਾਗਰ ਵਿਚ ਤੂਫ਼ਾਨਾਂ ਨੇ,
ਅੱਤ ਦਾ ਸ਼ੋਰ ਮਚਾਇਆ ਸੀ।
ਕਾਗਜ਼ ਦੀ ਉਸ ਸਾਗਰ ਅੰਦਰ,
ਬੇੜੀ ਤਾਰ ਕੇ ਆਇਆ ਹਾਂ।
ਅੰਤ ਜਮਾਂ ਨੂੰ ਆਖਿਆ ‘ਦਰਦੀ’,
ਚੱਲੋ ਜਿੱਥੇ ਚੱਲਣਾ ਹੁਣ।
ਇਕ ਇਕ ਕਰਕੇ ਪਾਈ ਪਾਈ,
ਕਰਜ਼ ਉਤਾਰ ਕੇ ਆਇਆ ਹਾਂ ।