ਇਹ ਘਟਨਾ ਪਿਛਲੇ ਦਿਨੀ 25 ਜੁਲਾਈ ਦੀ ਹੈ ਜਦੋਂ ਪਹੁ ਫੁਟਾਲੇ ਨਾਲ ਕਿਸੇ ਭਲੇ ਪੁਰਸ਼ ਦੀ ਨਿਗ੍ਹਾ ਲੁਧਿਆਣਾ ਸ਼ਹਿਰ ਦੇ ਨਜ਼ਦੀਕ ਪਿੰਡ ਧਾਂਦਰਾ ਵਿਚ ਲਾਵਾਰਸ ਹਾਲਤ ਵਿੱਚ ਘੁੰਮ ਰਹੀ 55 ਕੁ ਸਾਲ ਦੀ ਇਸ ਔਰਤ ‘ਤੇ ਪਈ। ਉਸ ਵਿਅਕਤੀ ਨੇ ਨਜ਼ਦੀਕ ਪੈਂਦੀ ਬਸੰਤ ਐਵੀਨਿਊ ਪੁਲਿਸ ਚੌਕੀ ਨੂੰ ਇਤਲਾਹ ਕੀਤੀ।
ਪੁਲਿਸ ਨੇ ਮੌਕੇ ‘ਤੇ ਆ ਕੇ ਇਸ ਔਰਤ ਨੂੰ ਨਾਉਂ ਅਤੇ ਘਰ-ਬਾਰ ਵਾਰੇ ਪੁੱਛਿਆ।
ਇਸ ਔਰਤ ਨੇ ਆਪਣਾ ਨਾਮ ਤਾਂ ਰੇਖਾ ਦੱਸ ਦਿੱਤਾ ਪਰ ਘਰ-ਬਾਰ ਬਾਰੇ ਕੁੱਝ ਨਾ ਦੱਸ ਸਕੀ। ਲਾਵਾਰਸ ਤੇ ਬੇਘਰ ਔਰਤ ਹੋਣ ਕਰਕੇ ਹੈੱਡ ਕਾਂਸਟੇਬਲ ਲਖਵਿੰਦਰ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮਾਂ ਨੇ ਇਸਨੂੰ ਸਰਾਭਾ ਪਿੰਡ ਦੇ ਨਜ਼ਦੀਕ ਬਣੇ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਵਿੱਚ ਦਾਖਲ ਕਰਵਾ ਦਿੱਤਾ ਹੈ।
ਧਾਂਦਰਾ ਪਿੰਡ ਅਤੇ ਆਸ ਪਾਸ ਦੇ ਲੋਕਾਂ ਨੇ ਦੱਸਿਆ ਕਿ ਇਹ ਦਿਮਾਗੀ ਸੰਤੁਲਨ ਗੁਆ ਚੁੱਕੀ ਔਰਤ ਕਈ ਦਿਨਾਂ ਤੋਂ ਇਸ ਇਲਾਕੇ ਵਿੱਚ ਲਾਵਾਰਸ ਹਾਲਤ ਵਿੱਚ ਘੁੰਮ ਰਹੀ ਸੀ। ਇਸਨੂੰ ਖਾਣ-ਪੀਣ ਦੀ ਕੋਈ ਸੁੱਧ ਨਹੀਂ ਸੀ, ਜਿੱਥੋਂ ਕੋਈ ਖਾਣ ਵਾਲੀ ਵਸਤੂ ਮਿਲਦੀ ਚੁੱਕ ਕੇ ਖਾ ਲੈਂਦੀ, ਜਿੱਥੋਂ ਜੀਅ ਕਰਦਾ ਮੈਲਾ-ਕੁਚੈਲਾ ਪਾਣੀ ਪੀ ਲੈਂਦੀ ਸੀ।
ਆਸ਼ਰਮ ਵਿਚ ਆਉਣ ਤੋਂ ਬਾਅਦ ਰੇਖਾ ਨੂੰ ਇਸ਼ਨਾਨ ਕਰਵਾ ਕੇ ਖਾਣਾ ਖਵਾਇਆ ਗਿਆ। ਜਦੋਂ ਥੋੜ੍ਹਾ ਸੁਰਤ ਸਿਰ ਹੋਈ ਤਾਂ ਆਸ਼ਰਮ ਦੇ ਕਰਮਚਾਰੀਆਂ ਨਾਲ ਗੱਲਬਾਤ ਦੌਰਾਨ ਉਸਨੇ ਸਿਰਫ ਆਪਣਾ ਨਾਮ ਹੀ ਦੱਸਿਆ, ਹੋਰ ਕੁੱਝ ਪੁੱਛਣ ‘ਤੇ ਉੱਚੀ-ਉੱਚੀ ਰੋਣ ਲੱਗ ਪਈ।
ਉਸਦੀਆਂ ਧਾਹਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਉਸਨੇ ਜ਼ਿੰਦਗੀ ਵਿਚ ਕਾਫ਼ੀ ਦਰਦ ਸਹੇ ਹਨ।
ਹੁਣ ਆਸ਼ਰਮ ਵਿੱਚ ਸੇਵਾਦਾਰਾਂ ਵੱਲੋਂ ਚੰਗੀ ਸਾਂਭ-ਸੰਭਾਲ ਤੋਂ ਬਾਅਦ ਉਸਦੀ ਜ਼ਿੰਦਗੀ ਵਿੱਚ ਸੁਧਾਰ ਆਉਣਾ ਸ਼ੁਰੂ ਹੋ ਗਿਆ ਹੈ। ਰੇਖਾ ਦੇ ਉਦਾਸ ਚਿਹਰੇ ਦੀ ਝਲਕ ਹੁਣ ਖੁਸ਼ੀ ਵਿੱਚ ਬਦਲਦੀ ਦਿਖਾਈ ਦਿੰਦੀ ਹੈ। ਇਸ ਆਸ਼ਰਮ ਨੇ ਰੇਖਾ ਨੂੰ ਨਵੀਂ ਉਮੀਦ ਦੇ ਨਾਲ-ਨਾਲ ਸਵਰਗ ਰੂਪੀ ਰਹਿਣ-ਬਸੇਰਾ ਦਿੱਤਾ ਹੈ। ਆਸ਼ਰਮ ਵੱਲੋਂ ਰੇਖਾ ਦਾ ਮਾਨਸਿਕ ਇਲਾਜ ਵੀ ਕਰਵਾਇਆ ਜਾਵੇਗਾ । ਹੋ ਸਕਦਾ ਹੈ ਇਲਾਜ ਕਰਾਉਣ ਨਾਲ ਕਈ ਹੋਰ ਮਰੀਜ਼ਾਂ ਦੀ ਤਰ੍ਹਾਂ ਇਸ ਦੀ ਯਾਦਾਸ਼ਤ ਵਾਪਸ ਆ ਜਾਵੇ।
ਆਸ਼ਰਮ ਦੇ ਸੰਸਥਾਪਕ ਡਾ. ਨੌਰੰਗ ਸਿੰਘ ਮਾਂਗਟ ਅਤੇ ਪ੍ਰਧਾਨ ਚਰਨ ਸਿੰਘ ਜੋਧਾਂ ਦੀ ਦੇਖ-ਰੇਖ ਵਿੱਚ ਇਸ ਆਸ਼ਰਮ ਵਿਚ 200 ਦੇ ਕਰੀਬ ਲਾਵਾਰਸ, ਅਪਾਹਜ, ਬੇਘਰ, ਬੇਸਹਾਰਾ, ਮਰੀਜ਼ ਰਹਿੰਦੇ ਹਨ। ਜਿਹਨਾਂ ਵਿੱਚ ਰੇਖਾ ਵਰਗੇ ਹੋਰ ਵੀ ਕਿੰਨੇ ਹੀ ਮਰੀਜ਼ ਹਨ ਜਿਹੜੇ ਪੂਰੀ ਸੁੱਧ-ਬੁੱਧ ਨਾ ਹੋਣ ਕਾਰਨ ਕੱਪੜਿਆਂ ਵਿੱਚ ਹੀ ਮਲ-ਮੂਤਰ ਕਰਦੇ ਹਨ। ਆਸ਼ਰਮ ਵਿੱਚ ਹੋ ਰਹੀ ਇਹ ਬੇਮਿਸਾਲ ਤੇ ਨਿਰਸਵਾਰਥ ਸੇਵਾ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲਦੀ ਹੈ।
ਆਸ਼ਰਮ ਬਾਰੇ ਹੋਰ ਜਾਣਕਾਰੀ ਲਈ ਸੰਪਰਕ: ਆਸ਼ਰਮ: 95018-42505; ਡਾ. ਨੌਰੰਗ ਸਿੰਘ ਮਾਂਗਟ: 95018-42506; ਕੈਨੇਡਾ : 403-401-8787