Breaking News
Home / ਘਰ ਪਰਿਵਾਰ / ਹਾਸਾ ਹੁੰਦਾ ਸਿਹਤ ਦੀ ਨਿਸ਼ਾਨੀ ਦੋਸਤੋ

ਹਾਸਾ ਹੁੰਦਾ ਸਿਹਤ ਦੀ ਨਿਸ਼ਾਨੀ ਦੋਸਤੋ

ਹੱਸਣਾ ਅੰਦਰੂਨੀ ਖੁਸ਼ੀ ਵਿੱਚੋਂ ਉਪਜਦਾ ਹੈ। ਤੰਦਰੁਸਤੀ ਅਤੇ ਤਣਾਅ ਮੁਕਤੀ ਦਾ ਪ੍ਰਗਟਾਵਾ ਹੁੰਦਾ ਹੈ। ਪਰ ਜੇ ਹੱਸਣਾ ਹਕੀਕਤ ਵਿੱਚ ਅੰਦਰੂਨੀ ਹੋਵੇ ਤਾਂ ਨਤੀਜਾ ਸੱਚਾ ਜਿਹਾ ਹੰਦਾ ਹੈ, ਜੇ ਹੱਸਣਾ ਫ਼ਰਜ਼ੀ ਹੋਵੇ ਤਾਂ ਵੱਖਰੀ ਝਲਕ ਪੇਸ਼ ਕਰਦਾ ਹੈ। ਸਮੇਂ ਦੇ ਹਾਲਾਤਾਂ ਨੇ ਸੱਭਿਆਚਾਰਕ, ਆਰਥਿਕ ਅਤੇ ਸਮਾਜਿਕ ਤੌਰ ਤੇ ਹੱਸਣ ਦੇ ਸੁਭਾਅ ਨੂੰ ਘਸਮੰਡਿਆ ਹੈ। ਪਦਾਰਥਵਾਦ ਅਤੇ ਈਰਖਾ ਇਸ ਦੀਆਂ ਜੜਾ੍ਹਂ ਹਨ। ਉਂਝ ਫਰਜ਼ੀ ਹਾਸਾ ਇੱਕ ਕਲਾ ਵੀ ਹੁੰਦੀ ਹੈ, ਜੋ ਅਸਲੀ ਹਾਸੇ ਨੂੰ ਪਛਾੜ ਕੇ ਰੱਖ ਦਿੰਦੀ ਹੈ। ਸਮਾਜਿਕ ਵਰਤਾਰੇ ਵਿੱਚ ਹੱਸਣ ਵਾਲੇ ਵੱਲ ਸਾਰੇ ਜਾਂਦੇ ਹਨ। ਰੋਣ ਵਾਲੇ ਵੱਲ ਕੋਈ ਮੂੰਹ ਨਹੀਂ ਕਰਦਾ। ਇਸ ਲਈ ਹਾਸੇ ਵਿੱਚੋ ਸਲੀਕਾ ਵੀ ਝਲਕਦਾ ਹੈ। ਗੁਰਦਾਸ ਮਾਨ ਜੀ ਨੇ ਉਕਤ ਤਖਮੀਨੇ ਦੀ ਗਵਾਹੀ ਇਸ ਤਰ੍ਹਾਂ ਭਰੀ ਸੀ :
ਹੱਸੋਗੇ ਤਾਂ ਸਾਰਾ ਜੱਗ ਨਾਲ ਹੱਸੇਗਾ, ਰੋਵੋਗੇ ਇੱਕਲੇ ਤਾਂ ਜੱਗ ਦੂਰ ਨੱਸੇਗਾ,
ਖੁਸ਼ੀ ਬਿਨਾ ਹਾਸੀ ਕਦੇ ਆ ਨਹੀਂ ਸਕਦੀ, ਦੁੱਖ ਭੈੜੀ ਦੁਨੀਆਂ ਵੰਡਾ ਨੀ ਸਕਦੀ” ਕਿਸੇ ਤੇ ਮਜ਼ਾਕ ਉਡਾ ਦੇ ਹੱਸਣਾ ਅਸੱਭਿਅਕ ਸੁਭਾਅ ਦੀ ਨਿਸ਼ਾਨੀ ਹੈ। ਆਪਣੇ ਹਾਸੇ ਵਿੱਚ ਦੂਜਿਆਂ ਨੂੰ ਸ਼ਾਮਲ ਕਰਨਾ ਚੱਜ ਅਚਾਰੀ ਵਰਤਾਰਾ ਹੈ। ਮਾੜੇ ਸਮਾਜੀ ਬੰਦਿਆਂ ਬਾਰੇ ਕਿਹਾ ਵੀ ਜਾਂਦਾ ਹੈ, ਕਿ ਤੈਨੂੰ ਹੱਸਦਾ ਨੀ ਦੇਖਿਆ ਹਮੇਸ਼ਾ ਮੱਥੇ ਤੇ ਤਿਊੜੀਆਂ ਪਾ ਕੇ ਰੱਖਦਾ ਹੈ। ਉਚੀ ਉਚੀ ਅਤੇ ਬੇਲੋੜਾ ਹੱਸਣਾ ਸ਼ਖਸ਼ੀਅਤ ਨੂੰ ਗ੍ਰਹਿਣ ਲਾਉਂਦਾ ਹੈ। ਬੁਲ੍ਹਾਂ ਵਿੱਚ ਮਿੰਨਾ-ਮਿੰਨਾ ਹੱਸਣਾ ਅਲੱਗ ਤਰ੍ਹਾਂ ਦਾ ਰੁਮਾਂਟਿਕ ਅਤੇ ਸੱਭਿਆਚਾਰਕ ਨਜ਼ਾਰਾ ਪੇਸ਼ ਕਰਦਾ ਹੈ। ਲੋਕ ਬੋਲੀਆਂ ਵਿੱਚ ਹੱਸਣਾ ਇਉਂ ਚਿਤਰਿਆ ਗਿਆ ਹੈ :
ਨੀ ਮੈਂ ਹਾਸਿਆਂ ਵਿੱਚ ਯਾਰ ਗਵਾਇਆ, ਹੰਝੂਆਂ ਵਿੱਚ ਲੱਭਦੀ ਫਿਰਾਂ
ਗੁੱਸੇ ਦੇ ਵਰਤਾਰੇ ਅਤੇ ਅਸੱਭਿਅਕ ਸਲੀਕੇ ਨੇ ਹੱਸਮੁੱਖ ਸੁਭਾਅ ਨੂੰ ਤੰਗ ਕਰ ਦਿੱਤਾ ਹੈ। ਅੱਜ ਸਿਹਤਮੰਦ ਰਹਿਣ ਲਈ ਕਸਰਤ ਦੇ ਤੌਰ ਤੇ ਫਰਜ਼ੀ ਹਾਸਾ ਹੱਸਿਆ ਜਾਂਦਾ ਹੈ। ਹੱਸਣ ਨਾਲ ਅੰਦਰੂਨੀ ਖੁਸ਼ੀ ਚਿਹਰੇ ਤੇ ਝਲਦੀ ਹੈ। ਹੱਸਣ ਨਾਲ ਅੰਦਰੂਨੀ ਨਾ- ਖੁਸ਼ੀ ਵੀ ਚਿਹਰੇ ਨੂੰ ਖਿੜਾ ਨਹੀਂ ਸਕਦੀ। ਆਪ ਮੁਹਾਰੇ ਫੁਟਿਆ ਹਾਸਾ ਵਿਅਕਤੀ ਦੇ ਕਈ ਤਰ੍ਹਾਂ ਦੇ ਗੁਣਾਂ ਨੂੰ ਉਘਾੜਦਾ ਹੈ। ਧੱਕੇ ਨਾਲ ਹੱਸਿਆ ਬੇਹੂਦਾ ਜਿਹਾ ਲਗਦਾ ਹੈ। ਹੱਸਣ ਲਈ ਸਮਾਜਿਕ ਬੰਦਸ਼ਾ ਤਾਂ ਹਨ, ਪਰ ਸ਼ਰੀਰਕ ਅਤੇ ਸੁਭਾਅ ਦੀਆਂ ਬੰਦਿਸ਼ਾਂ ਨਹੀਂ ਰੁਕਦੀਆਂ। ਹੱਸਣ ਵਾਲੇ ਦਾ ਹੱਸਮੁੱਖ ਸੁਭਾਅ ਅਤੇ ਰੋਣ ਵਾਲੇ ਦਾ ਰੋਂਦੂ ਸੁਭਾਅ ਸਮਾਜ ਵਿੱਚ ਅਲੱਗ ਤਰ੍ਹਾਂ ਦੀਆਂ ਝਲਕੀਆਂ ਮਾਰਦਾ ਹੈ। ਮਾਨਸਿਕ ਤਨਾਅ ਨੇ ਹੱਸਣਾ ਭੁਲਾ ਕੇ ਉਦਾਸੀ ਦਾ ਆਲਮ ਪੈਦਾ ਕੀਤਾ ਹੈ। ਜਿਸ ਦੀ ਉਦਹਾਰਣ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰਾਂ ਦੇ ਕਲੀਨਿਕ ਤੋਂ ਮਿਲਦੀ ਹੈ।
ਮਨ ਦੇ ਹੱਸਣ ਲਈ ਤਰਲੋ ਮੱਛੀ ਹੋਇਆ ਜਾਦਾ ਹੈ। ਹੱਸਦੀ ਮੁਟਿਆਰ ਮਹਿਕਾਂ ਖਿਲਾਰਦੀ ਹੋਈ ਸੱਭਿਆਚਾਰ ਦੀ ਝਲਕ ਪੇਸ਼ ਕਰਦੀ ਹੈ। ਇਸ ਲਈ ਸਾਹਿਤਕਾਰਾਂ ਨੂੰ ਵੀ ਹੱਸਣਾ ਕਲਮ ਚੁੱਕਣ ਲਈ ਮਜ਼ਬੂਰ ਕਰਦਾ ਹੈ। ਮਨੁੱਖ ਦੀ ਹਰੇਕ ਆਦਤ ਪਿੱਛੇ ਕੁਝ ਨਾ ਕੁਝ ਛੁਪਿਆ ਹੁੰਦਾ ਹੈ। ਹੱਸਣਾ ਜੇ ਸੁਭਾਅ ਵਿੱਚ ਰੱਚ ਜਾਵੇ ਤਾਂ ਇਹ ਵੀ ਆਦਤ ਹੀ ਬਣ ਜਾਦਾ ਹੈ। ਦੂਜੇ ਬੰਨੇ ਹੱਸਣ ਨੂੰ ਆਦਤ ਨਹੀਂ ਵੀ ਕਿਹਾ ਜਾ ਸਕਦਾ ਕਿਉਂਕਿ ਇਸ ਦੇ ਪਿੱਛੇ ਸਮੇਂ ਦੇ ਹਾਲਾਤਾਂ ਦਾ ਖੁਸ਼ੀ ਦਾ ਚਸ਼ਮਾ ਵਗਦਾ ਹੁੰਦਾ ਹੈ। ਖੁਸ਼ੀ, ਚਾਅ ਮਲਾਰ ਅਤੇ ਹੱਸਣਾ ਜਿਆਦਾਤਰ ਤੰਦਰੁਸਤੀ ਅਤੇ ਆਰਥਿਕਤਾ ਦੀ ਖੁਸ਼ਹਾਲੀ ਦਾ ਪ੍ਰਗਟਾਵਾ ਕਰਦਾ ਹੈ। ਇਹੋ ਜਿਹਾ ਹੱਸਣਾ ਦੂਹਰਾ ਹੋ ਕੇ ਹੱਸਿਆ ਜਾਦਾ ਹੈ।
ਜਿੰਦਗੀ ਛੋਟੀ ਹੁੰਦੀ ਹੈ। ਇਸ ਨੂੰ ਹੱਸ ਕੇ ਹੰਢਾ ਲੋ, ਚਾਹੇ ਰੋਅ ਕੇ ਸੁਭਾਅ ਤੇ ਨਿਰਭਰ ਕਰਦਾ ਹੈ। ਜੇ ਫੁੱਲਾਂ ਵਰਗੀ ਜਿੰਦਗੀ ਹੱਸਦੀ ਗੁਜ਼ਰੇ ਤਾਂ ਪਿੱਛੇ ਵੀ ਪੈੜਾਂ ਛੱਡਦੀ ਜਾਂਦੀ ਹੈ। ਇਸ ਲਈ ਹੱਸਣਾ ਸੁਭਾਅ ਦਾ ਅੰਗ ਬਣ ਜਾਵੇਂ ਤਾਂ ਜੀਵਨ ਦੂਣਾ ਖੁਸ਼ਹਾਲ ਹੋ ਜਾਦਾ ਹੈ। ਪੋ: ਮੋਹਨ ਸਿੰਘ ਨੇ ਹੱਸਣਾ ਇਉਂ ਅੰਕਿਤ ਕੀਤਾ ਸੀ ਜੋ ਅੱਜ ਵੀ ਜੀਵਨ ਨੂੰ ਖੂਸ਼ਹਾਲ ਬਣਾਉਣ ਲਈ ਸੁਨੇਹਾ ਦਿੰਦਾ ਹੈ :
ਦੋ ਘੜੀਆ ਅਸਾਂ ਜਿਉਂਣਾ, ਸਾਨੂੰ ਹੱਸਣੋਂ ਨਾ ਅਟਕਾਈਂ
ਗੁਰਦਾਸ ਮਾਨ ਨੇ ਹਾਸੇ ਲਈ ਆਪਣਾ ਸੰਦੇਸ਼ ਇਸ ਤਰਾਂ ਦਿੱਤਾ ਹੈ ਜੋ ਕਿ ਸਿਰੇ ਤੇ ਗੰਢ ਹੈ :
ਹਾਸਾ ਹੁੰਦਾ ਸਿਹਤ ਦੀ ਨਿਸ਼ਾਨੀ ਦੋਸਤੋ
ਹਾਸੇ ਨਾਲ ਕਾਇਮ ਇਹ ਜਵਾਨੀ ਦੋਸਤੋ
– ਸੁਖਪਾਲ ਸਿੰਘ ਗਿੱਲ

Check Also

ਸੰਕੇਤ-ਲਿਪੀ ਦਾ ਸੰਖੇਪ ਇਤਿਹਾਸ

ਗੁਰਪ੍ਰੀਤ ਸਿੰਘ ਚੰਬਲ ਮਨੁੱਖੀ ਸੱਭਿਅਤਾ ਵਾਂਗ ਮਨੁੱਖੀ ਭਾਸ਼ਾਵਾਂ ਦਾ ਇਤਿਹਾਸ ਵੀ ਬਹੁਤ ਪੁਰਾਣਾ ਹੈ। ਮਨੁੱਖੀ …